ਹੈਦਰ ਅਲੀ ਕਾਦਰੀ ਚੰਡੀਗੜ੍ਹ ਏਅਰਪੋਰਟ ਤੋਂ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੀ ਹੈ ਪੂਰਾ ਮਾਮਲਾ

Arrested from Hyder Ali Qadri Chandigarh Airport

ਮੋਹਾਲੀ: ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੇ ਬਰਨਾਲਾ ਨਿਵਾਸੀ ਹੈਦਰ ਅਲੀ ਕਾਦਰੀ ਨੂੰ ਪੁਲਿਸ ਨੇ 13 ਕਾਰਤੂਸ ਨਾਲ ਗ੍ਰਿਫਤਾਰ ਕੀਤਾ ਹੈ। ਉਹ ਕਲਕੱਤਾ ਜਾ ਰਹੇ ਸੀ। ਉਹਨਾਂ ਖਿਲਾਫ ਏਅਰਪੋਰਟ ਪੁਲਿਸ ਵੱਲੋਂ ਆਰਮਸ ਅਟੈਕ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਰੋਪੀ ਨੂੰ ਡਿਊਟੀ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਿੱਥੋਂ ਉਹਨਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।

ਏਅਰਪੋਰਟ ਪੁਲਿਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਲਾਮ ਹੈਦਰ ਅਲੀ ਚੰਡੀਗੜ੍ਹ ਏਅਰਪੋਰਟ ਤੋਂ ਕਲਕੱਤਾ ਲਈ ਫਲਾਇਟ ਲੈਣ ਲਈ ਪਹੁੰਚਿਆ ਸੀ। ਜਿਵੇਂ ਹੀ ਉਹ ਏਅਰਪੋਰਟ ਦੇ ਅੰਦਰ ਜਾਣ ਲੱਗਿਆ ਤਾਂ ਬੈਗ ਦੀ ਸਕੈਨਿੰਗ ਹੋਣ ਤੇ ਇਸ ਵਿਚ ਸ਼ੱਕ ਵਾਲਾ ਸਮਾਨ ਹੋਣ ਦੀ ਪੁਸ਼ਟੀ ਹੋਈ। ਬੈਗ ਦੀ ਤਲਾਸ਼ੀ ਲਈ ਗਈ ਤਾਂ 32 ਬੋਰ ਦੇ 13 ਕਾਰਤੂਸ ਬਰਾਮਦ ਹੋਏ। ਉਸ ਨੂੰ ਤੁਰੰਤ ਪੁਲਿਸ ਸਟੇਸ਼ਨ ਲੈ ਜਾ ਕੇ ਕੇਸ ਦਰਜ ਕੀਤਾ ਗਿਆ।

ਅਰੋਪੀ ਤੋਂ ਪੁਛਗਿੱਛ ਵਿਚ ਪੁਲਿਸ ਨੂੰ ਪਤਾ ਚੱਲਿਆ ਹੈ ਕਿ ਉਸ ਕੋਲ 32 ਬੋਰ ਦਾ ਰਿਵਾਲਵਰ ਵੀ ਹੈ। ਅਰੋਪੀ ਨੇ ਅਪਣੇ ਮੋਬਾਇਲ ਫੋਨ ਵਿਚ ਅਪਣੇ ਲਾਇਸੈਂਸ ਦੀ ਫੋਟੋ ਵੀ ਵਿਖਾਈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਰਿਵਾਲਵਰ ਘਰ ਵਿਚ ਪਿਆ ਹੈ ਪਰ ਉਸ ਦੇ ਬੈਗ ਵਿਚ ਇਹ ਕਾਰਤੂਸ ਪਏ ਰਹਿ ਗਏ ਸੀ। ਜ਼ਿਕਰਯੋਗ ਹੈ ਕਿ ਇਹ ਇੱਕ ਮਹੀਨੇ ਵਿਚ ਦੂਜਾ ਮਾਮਲਾ ਹੈ ਜਦੋਂ ਏਅਰਪੋਰਟ ਤੇ ਕਿਸੇ ਵਿਅਕਤੀ ਨੂੰ ਕਾਰਤੂਸਾਂ ਨਾਲ ਕਾਬੂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਗੁਰਦਾਸਪੁਰ ਨਿਵਾਸੀ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਜਿਸ ਦੀ ਪੈਂਟ ਦੀ ਜੇਬ ਚੋਂ ਕਾਰਤੂਸ ਬਰਾਮਦ ਹੋਏ ਸੀ। ਉਹ ਫਿਲਾਇਟ ਤੋਂ ਮੁੰਬਈ ਜਾਣ ਦੀ ਤਿਆਰੀ ਵਿਚ ਸੀ। ਪੁਲਿਸ ਨੇ ਉਸ ਤੇ ਵੀ ਆਰਮਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ।