ਹਮਜ਼ਾ ਸ਼ਹਿਬਾਜ਼ ਨਹੀਂ ਹੋਵੇਗਾ ਗ੍ਰਿਫ਼ਤਾਰ, ਅਦਾਲਤ ਨੇ ਲਗਾਈ ਰੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦਾ ਪੁੱਤਰ ਹੈ ਹਮਜ਼ਾ, ਅਦਾਲਤ ਨੇ ਇਕ ਕਰੋੜ ਰੁਪਏ ਦਾ ਜ਼ਮਾਨਤੀ ਮੁਚਲਕਾ ਦੇਣ ਦਾ ਵੀ ਦਿਤਾ ਹੁਕਮ

Hamza Shahbaz

ਲਾਹੌਰ : ਪਾਕਿਸਤਾਨ ਦੀ ਇਕ ਅਦਾਲਤ ਨੇ ਪੰਜਾਬ ਸੂਬੇ ਦੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਹਿਬਾਜ਼ ਸ਼ਰੀਫ਼ ਦੇ ਪੁੱਤਰ ਹਮਜ਼ਾ ਸ਼ਹਿਬਾਜ਼ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿਤੀ ਹੈ। ਪਾਕਿਸਤਾਨ ਦੇ ਜੀਓ ਟੀਵੀ ਨੇ ਖ਼ਬਰ ਦਿਤੀ ਹੈ ਕਿ ਲਾਹੌਰ ਹਾਈ ਕੋਰਟ ਨੇ ਕੌਮੀ ਜਵਾਬਦੇਹੀ ਬਿਊਰੋ ਨੂੰ ਅਗਲੇ ਨੋਟਿਸ ਤਕ ਹਮਜ਼ਾ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕ ਦਿਤਾ ਹੈ।

ਅਦਾਲਤ ਨੇ ਹਮਜ਼ਾ ਨੂੰ ਇਕ ਕਰੋੜ ਰੁਪਏ ਦਾ ਜ਼ਮਾਨਤੀ ਮੁਚਲਕਾ ਦੇਣ ਦਾ ਹੁਕਮ ਵੀ ਦਿਤਾ ਅਤੇ ਬਿਊਰੋ ਨੂੰ ਨੋਟਿਸ ਜਾਰੀ ਕਰ ਕੇ ਮਾਮਲੇ 'ਤੇ ਜਵਾਬ ਤਲਬ ਕੀਤਾ ਹੈ। ਬਿਊਰੋ ਨੇ ਸ਼ੁਕਰਵਾਰ ਅਤੇ ਸਨਿਚਰਵਾਰ ਨੂੰ ਸ਼ਰੀਫ਼ ਦੀ ਮਾਡਲ ਹਾਊਸ ਰਿਹਾਇਸ਼ 'ਤੇ ਹਮਜ਼ਾ ਨੂੰ ਗ੍ਰਿਫ਼ਤਾਰ ਕਰਨ ਲਈ ਦੋ ਦਿਨ ਛਾਪੇਮਾਰੀ ਕੀਤੀ ਸੀ। ਸੋਮਵਾਰ ਨੂੰ ਸੁਣਵਾਈ ਦੌਰਾਨ ਹਮਜ਼ਾ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਪਹਿਲਾਂ ਦੇ ਹੁਕਮ ਵਿਚ ਹਾਈ ਕੋਰਟ ਨੇ ਹੁਕਮ ਦਿਤਾ ਸੀ ਕਿ ਹਮਜ਼ਾ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ 10 ਦਿਨ ਪਹਿਲਾਂ ਸੂਚਿਤ ਕੀਤਾ ਜਾਵੇ।

ਹਮਜ਼ਾ ਦੇ ਵਕੀਲ ਨੇ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ ਅਤੇ 10 ਦਿਨ ਦਾ ਹੁਕਮ ਇਸ ਲਈ ਦਿਤਾ ਗਿਆਸੀ ਕਿਉਂਕਿ ਜ਼ਮਾਨਤ ਲਈ ਸਹੀ ਮੰਚ ਨਾਲ ਸੰਪਰਕ ਕੀਤਾ ਜਾ ਸਕੇ। ਵਕੀਲ ਨੇ ਕਿਹਾ ਕਿ ਹਮਜ਼ਾ ਅਗਾਊਂ ਜ਼ਮਾਨਤ ਦੇਣ ਦੀ ਅਪੀਲ ਕਰ ਰਹੇ ਹਨ ਤਾਕਿ ਉਹ ਬਿਊਰੋ ਦੇ ਸਾਹਮਣੇ ਪੇਸ਼ ਹੋ ਸਕਣ। ਬਿਊਰੋ ਦੇ ਵਕੀਲ ਨੇ ਕਿਹਾ ਕਿ ਉਹ ਹਮਜ਼ਾ ਵਿਰੁਧ ਤਿੰਨ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਇਸ ਦੌਰਾਨ ਹਮਜ਼ਾ ਦੇ ਵਕੀਲ ਨੇ ਕਿਹਾ ਕਿ ਬਿਊਰੋ ਨੂੰ ਹਮਜ੍ਰਾ ਵਿਰੁਧ ਸਬੂਤਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ ਜਿਸ ਦਾ ਉਹ ਜਵਾਬ ਦੇਣਗੇ। ਫ਼ਿਲਹਾਲ ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਿਊਰੋ ਨੂੰ ਅਗਲੇ ਨੋਟਿਸ ਤਕ ਹਮਜ਼ਾ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕ ਦਿਤਾ ਹੈ ਅਤੇ ਉਸ ਤੋਂ ਜਵਾਬ ਮੰਗਿਆ ਹੈ। (ਏਜੰਸੀ)