'ਪੰਜਾਬ ਪੁਲਿਸ ਸਾਡਾ ਮਾਨ' ਬਣਿਆ ਭਾਰਤ ਦਾ ਸਰਵਉੱਚ ਟਰੇਂਡ, ਮਿਲਿਆ ਭਰਵਾਂ ਹੁੰਗਾਰਾ 

ਏਜੰਸੀ

ਖ਼ਬਰਾਂ, ਪੰਜਾਬ

ਆਮ ਲੋਕਾਂ ਤੋਂ ਇਲਾਵਾ ਵਿਜੇ ਇੰਦਰ ਸਿੰਗਲਾ ਵਰਗੇ ਸਿਰਕੱਢ ਰਾਜਸੀ ਆਗੂ...

Punjab Police COVID19

ਪਟਿਆਲਾ: ਪਟਿਆਲਾ ਵਿਚ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੂੰ ਸੋਸ਼ਲ ਮੀਡੀਆ ਤੇ 'ਪੰਜਾਬ ਪੁਲਿਸ ਸਾਡਾ ਮਾਨ' ਦੇ ਤਹਿਤ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਜੋ ਜਵਾਨਾਂ ਦੇ ਹੱਕ ਵਿਚ ਵੀਡੀਓ, ਤਸਵੀਰਾਂ ਪਾ ਕੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕਰ ਰਹੇ ਹਨ।

ਆਮ ਲੋਕਾਂ ਤੋਂ ਇਲਾਵਾ ਵਿਜੇ ਇੰਦਰ ਸਿੰਗਲਾ ਵਰਗੇ ਸਿਰਕੱਢ ਰਾਜਸੀ ਆਗੂ ਅਤੇ ਗਿੱਪੀ ਗਰੇਵਾਲ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ, ਲਖਵਿੰਦਰ ਵਡਾਲੀ ਸਮੇਤ ਹੋਰ ਵੀ ਕਈ ਚੋਟੀ ਦੇ ਕਲਾਕਾਰ ਇਸ ਮੁਹਿੰਮ ਵਿਚ ਪੰਜਾਬ ਪੁਲਿਸ ਦਾ ਹੌਂਸਲਾ ਵਧਾ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਦੇ ਜਵਾਨਾਂ ਨੇ ਨਿਹੰਗ ਸਿੰਘਾਂ ਵੱਲੋਂ ਹਮਲਾ ਹੋਣ ਤੋਂ ਬਾਅਦ ਧੀਰਜ ਅਤੇ ਹੌਂਸਲੇ ਦਾ ਮੁਜਾਹਰਾ ਕੀਤਾ ਉਹ ਸ਼ਲਾਂਘਾਯੋਗ ਹੈ।

ਇੱਥੇ ਇਹ ਦੱਸਣ ਯੋਗ ਹੈ ਕਿ ਕੱਲ੍ਹ ਪਟਿਆਲਾ ਵਿਖੇ ਗੁਰਦਵਾਰਾ ਖਿੱਚੜੀ ਸਾਹਿਬ ਦੇ ਨੇੜੇ ਪੁਲਿਸ ਨੇ ਨਾਕਾ ਲਾਇਆ ਸੀ ਅਤੇ ਸਬਜ਼ੀ ਮੰਡੀ ਜਾ ਰਹੇ ਗੱਡੀ ਵਿਚ ਸਵਾਰ ਕੁਝ ਨਿਹੰਗ ਸਿੰਘਾਂ ਤੋਂ ਕਰਫਿਊ ਪਾਸ ਵਿਖਾਉਣ ਲਾਇ ਕਿਹਾ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਤੇ ਹਮਲਾ ਕੀਤਾ ਗਿਆ ਜਿਸ ਵਿਚ ਏ ਐਸ ਆਈ ਹਰਜੀਤ ਸਿੰਘ ਦਾ ਹੱਥ ਵੱਧ ਦਿੱਤਾ ਗਿਆ।

ਲੋਕ ਵੱਖ ਵੱਖ ਪੋਸਟਾਂ ਅਤੇ ਟਵੀਟ ਵਿਚ ਕਹਿ ਰਹੇ ਹਨ ਕਿ ਜਿਸ ਤਰਾਂ ਪੁਲਿਸ ਨੇ ਕੱਲ੍ਹ ਠਰੰਮੇ ਨਾਲ ਕੰਮ ਲਿਆ ਉਸ ਨਾਲ ਦੋਵੇਂ ਪਾਸੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਦੱਸਣਯੋਗ ਹੈ ਕਿ ਪਿਛਲੇ 25 ਦਿਨਾਂ ਤੋਂ ਪੰਜਾਬ ਪੁਲਿਸ ਨੇ ਕਰਫਿਊ ਦੌਰਾਨ ਲੋਕਾਂ ਦੀ ਜਿੱਥੇ ਮਦਦ ਕੀਤੀ ਹੈ ਉੱਥੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਰਾਬਤਾ ਵੀ ਕਾਇਮ ਕੀਤਾ ਹੈ।

ਓਸੇ ਕੜੀ ਨੂੰ ਬਰਕਰਾਰ ਰੱਖਦੇ ਹੋਏ ਸੋਮਵਾਰ ਨੂੰ ਲੋਕਾਂ ਨੇ ਪੁਲਿਸ ਦਾ ਸਾਥ ਦਿੱਤਾ ਅਤੇ ਗੈਰ ਸਮਾਜਿਕ ਅਨਸਰਾਂ ਦੀ ਮੁਖਾਲਫਤ ਵੀ ਕੀਤੀ। ਦੂਜੇ ਪਾਸੇ ਪੰਜਾਬ ਪੁਲਿਸ ਨੇ ਵੀ ਇੱਕ ਵੀਡੀਓ ਪਾ ਕੇ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ‘ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ’ ਦੇ ਆਪਣੇ ਨਾਅਰੇ ਤੇ ਬਰਕਰਾਰ ਰਹਿ ਕੇ ਅੱਗੇ ਵੀ ਲੋਕਾਂ ਦਾ ਸਹਿਯੋਗ ਕਰਨ ਦੀ ਗੱਲ ਆਖੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।