ਪੰਜਾਬ ਦੇ 12 ਹਜ਼ਾਰ ਬੂਥ ਕੇਂਦਰਾਂ ਉਪਰ ਕੇਂਦਰੀ ਬਲ ਦੀਆਂ 125 ਕੰਪਨੀਆਂ ਤਾਇਨਾਤ ਰਹਿਣਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ, ਬਠਿੰਡਾ, ਫ਼ਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਅਤੇ ਜਲੰਧਰ ਸੰਜੀਦਾ ਹਲਕੇ

Election

ਚੰਡੀਗੜ੍ਹ : ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਲਗਭਗ 12 ਹਜ਼ਾਰ ਬੂਥ ਕੇਂਦਰਾਂ ਉਪਰ ਸੁਰੱਖਿਆ ਲਈ ਕੇਂਦਰੀ ਬਲ ਤਾਇਨਾਤ ਕੀਤੇ ਜਾਣਗੇ। ਇਹ ਜਾਣਕਾਰੀ ਅੱਜ ਇਥੇ ਪੰਜਾਬ ਮੁੱਖ ਚੋਣ ਅਧਿਕਾਰੀ ਡਾ. ਐਸ. ਕਰਨਾ ਰਾਜੂ ਨੇ ਗੱਲਬਾਤ ਕਰਦਿਆਂ ਦਿਤੀ। ਉਨ੍ਹਾਂ ਦਾਅਵਾ ਕੀਤਾ ਕਿ ਪੂਰੀ ਤਰ੍ਹਾਂ ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਲ। ਪੰਜਾਬ ਪੁਲਿਸ ਤੋਂ ਇਲਾਵਾ ਕੇਂਦਰੀ ਬਲਾ ਦੀਆਂ 125 ਕੰਪਨੀਆਂ ਪੰਜਾਬ ਵਿਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ।

ਪੁਛੇ ਜਾਣ 'ਤੇ ਉਨ੍ਹਾਂ ਦਸਿਆ ਕਿ ਪੰਜਾਬ ਦੇ 7 ਲੋਕ ਸਭਾ ਹਲਕੇ ਕਈ ਪੱਖਾਂ ਤੋਂ ਸੰਜੀਦਾ ਹਨ ਅਤੇ ਹਰ ਤਰ੍ਹਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੰਜੀਦਾ ਹਲਕਿਆਂ ਵਿਚ ਬਠਿੰਡਾ, ਪਟਿਆਲਾ,ਫ਼ਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕਿਸ ਪੱਖ ਤੋਂ ਇਨ੍ਹਾਂ ਹਲਕਿਆਂ ਨੂੰ ਸੰਜੀਦਾ ਮੰਨਿਆ ਜਾ ਰਿਹਾ ਹੈ, ਉਨ੍ਹਾਂ ਸਪਸ਼ਟ ਕੀਤਾ ਕਿ ਸਿਰਫ਼ ਲੜਾਈ ਝਗੜੇ ਜਾਂ ਸੁਰੱਖਿਆ ਪੱਖੋਂ ਹੀ ਸੰਜੀਦਾ ਹਲਕੇ ਨਹੀਂ ਮੰਨੇ ਗਏ ਬਲਕਿ ਹੋਰ ਕਈ ਪੱਖਾਂ ਤੋਂ ਵੀ ਸੰਜੀਦਾ ਹਨ। ਖ਼ਾਸ ਕਰ ਕੇ ਚੋਣਾਂ ਵਿਚ ਨਿਸ਼ਚਿਤ ਮਾਤਰਾ ਤੋਂ ਵੱਧ ਖ਼ਰਚ ਕਰਨਾ, ਚੋਣ ਪ੍ਰਭਾਵਤ ਕਰਨ ਲਈ ਧਨ ਦੀ ਵਰਤੋਂ ਕਰਨਾ ਆਦਿ ਵਰਗੇ ਵੀ ਗੰਭੀਰ ਮੁੱਦੇ ਸ਼ਾਮਲ ਹਨ।

ਉਨ੍ਹਾਂ ਦਸਿਆ ਕਿ ਇਨ੍ਹਾਂ ਹਲਕਿਆਂ ਵਿਚ ਜਿਥੇ ਸੁਰੱਖਿਆ ਪੱਖੋਂ ਵਿਸ਼ੇਸ਼ ਪ੍ਰਬੰਧ ਹੋਣਗੇ ਉਥੇ ਉਮੀਦਵਾਰਾਂ ਵਲੋਂ ਕੀਤੇ ਜਾਂਦੇ ਖ਼ਰਚ ਉਪਰ ਵੀ ਡੂੰਘੀ ਨਿਗ੍ਹਾ ਰੱਖੀ ਜਾ ਰਹੀ ਹੈ। ਡਾ. ਰਾਜੂ ਨੇ ਦਸਿਆ ਕਿ ਪੰਜਾਬ ਦੇ ਸਾਰੇ 12 ਹਜ਼ਾਰ ਬੂਥਾਂ ਉਪਰ ਵੈਬ ਵੀਡੀਉ ਕੈਮਰੇ ਲਗਾਏ ਗਏ ਹਨ ਅਤੇ ਕਿਸੀ ਵੀ ਬੂਥ ਦੀ ਸਾਰੀ ਸਥਿਤੀ ਉਪਰ ਚੰਡੀਗੜ੍ਹ ਵਿਚ ਬੈਠ ਕੇ ਨਿਗਰਾਨੀ ਰੱਖੀ ਜਾ ਸਕੇਗੀ। ਕਿਸੀ ਵੀ ਬੂਥ ਦੀ ਅੰਦਰੂਨੀ ਅਤੇ ਬਾਹਰੀ ਸਥਿਤੀ ਦਾ ਜਾਇਜ਼ਾ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿਚ ਬੈਠ ਕੇ ਹੀ ਲਿਆ ਜਾ ਸਕੇਗਾ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਬਠਿੰਡਾ ਵਿਚ ਕੇਂਦਰੀ ਬਲ ਤਾਇਨਾਤ ਕੀਤੇ ਜਾਣ।

ਉੁਨ੍ਹਾਂ ਦਸਿਆ ਕਿ ਕੇਂਦਰੀ ਬਲ ਤਾਂ ਸਾਰੇ ਪੰਜਾਬ ਵਿਚ ਹੀ ਤਾਇਨਾਤ ਹੋ ਰਹੇ ਹਨ। ਬੂਥਾਂ ਉਪਰ ਵੀ ਕੇਂਦਰੀ ਬਲ ਹੀ ਤਾਇਨਾਤ ਹੋਣਗੇ। ਲੋੜ ਪੈਣ 'ਤੇ ਹੋਰ ਵੀ ਬਲ ਤਾਇਨਾਤ ਕੀਤੇ ਜਾ ਸਕਦੇ ਹਨ। ਪ੍ਰੰਤੂ ਅਜੇ ਤਕ ਕਿਸੀ ਵੀ ਹਲਕੇ ਵਿਚ ਕਿਸੀ ਕਿਸਮ ਦੀ ਸੁਰੱਖਿਆ ਦੇ ਖ਼ਤਰੇ ਦੀਆਂ ਰੀਪੋਰਟਾਂ ਨਹੀਂ ਮਿਲੀਆਂ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਅਕਾਲੀ ਦਲ (ਬ) ਨੇ ਬਠਿੰਡਾ ਅਤੇ ਮੁਕਤਸਰ ਦੇ ਐਸ.ਐਸ.ਪੀਜ਼ ਦੇ ਤਬਾਦਲੇ ਦੀ ਮੰਗ ਕੀਤੀ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ, ਉਨ੍ਹਾਂ ਦੀ ਜਾਂਚ ਹੋ ਰਹੀ ਹੈ।

ਉਨ੍ਹਾਂ ਦਸਿਆ ਕਿ ਹਰ ਹਲਕੇ ਵਿਚ ਕਈ ਕਈ ਅਬਜ਼ਰਵਰ ਤਾਇਨਾਤ ਹਨ। ਉਨ੍ਹਾਂ ਤੋਂ ਵੀ ਰੀਪੋਰਟਾਂ ਲਈਆਂ ਜਾ ਰਹੀਆਂ ਹਨ। ਚੋਣ ਨਤੀਜਿਆਂ ਬਾਰੇ ਪੁਛੇ ਜਾਣ 'ਤੇ ਉਨ੍ਹਾਂ ਦਸਿਆ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਹਰ ਅਸੰਬਲੀ ਹਲਕੇ ਵਿਚ 5 ਵੋਟਿੰਗ ਮਸ਼ੀਨਾਂ ਦੀ ਸਾਧਾਰਨ ਗਿਣਤੀ ਤੋਂ ਇਲਾਵਾ ਪਰਚੀਆਂ ਦੀ ਵੀ ਮਨੁੱਖੀ ਗਿਣਤੀ ਕਰਵਾਈ ਜਾਵੇਗੀ। ਇਸ ਤਰ੍ਹਾਂ ਹਰ ਲੋਕ ਸਭਾ ਹਲਕੇ ਵਿਚ 45 ਮਸ਼ੀਨਾਂ ਦੀਆਂ ਵੋਟਾਂ ਦੀ ਗਿਣਤੀ ਜਿਥੇ ਬਟਨ ਦਬਾ ਕੇ ਹੋਵੇਗੀ ਉਥੇ ਉਨ੍ਹਾਂ ਮਸ਼ੀਨਾਂ ਦੀਆਂ ਵੋਟਰਾਂ ਪਰਚੀਆਂ ਦੀ ਮਨੁੱਖ ਵੀ ਗਿਣਤੀ ਕਰਨਗੇ। ਉਨ੍ਹਾਂ ਦਸਿਆ ਕਿ ਇਸ ਪ੍ਰਕਿਰਿਆ ਕਾਰਨ ਹਰ ਹਲਕੇ ਦੇ ਨਤੀਜੇ ਆਉਣ ਵਿਚ ਕੁੱਝ ਦੇਰੀ ਹੋਵੇਗੀ ਅਤੇ ਪੂਰੇ ਨਤੀਜੇ ਦੇਰ ਰਾਤ ਤਕ ਆ ਸਕਣਗੇ।