ਅਕਾਲੀ-ਭਾਜਪਾ ਗੱਠਜੋੜ ਪੰਜਾਬ ’ਚ ਸਾਰੀਆਂ 13 ਸੀਟਾਂ ਤੇ ਜਿੱਤ ਦਰਜ ਕਰੇਗਾ: ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਪਾਸੇ ਲੋਕ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼, ਤਾਂ ਦੂਜੇ ਪਾਸੇ ਉਹ ਸੂਬੇ ਅੰਦਰ ਕਾਂਗਰਸ ਸਰਕਾਰ ਤੋਂ 2 ਸਾਲਾਂ ’ਚ ਪੂਰੀ ਤਰ੍ਹਾਂ ਨਿਰਾਸ਼

SAD-BJP alliance will win all the 13 seats in Punjab: Bikram Singh Majithia

ਲੁਧਿਆਣਾ: ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਗੱਠਜੋੜ ਦੇ ਸਾਰੇ ਉਮੀਦਵਾਰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਜਿੱਤ ਦਰਜ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਸੂਬਾ ਸਰਕਾਰ ਦੇ ਅੰਤ ਦੀ ਸ਼ੁਰੂਆਤ ਕਰਨਗੀਆਂ। ਅੱਜ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਹਮਾਇਤ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ, ਮਜੀਠੀਆ ਨੇ ਦਾਅਵਾ ਕੀਤਾ ਕਿ ਉਹ (ਗਰੇਵਾਲ) ਲੁਧਿਆਣਾ ਤੋਂ ਇਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣਗੇ।

ਸਾਬਕਾ ਮੰਤਰੀ ਨੇ ਦਾਅਵਾ ਕੀਤਾ ਕਿ ਇਕ ਪਾਸੇ ਲੋਕ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹਨ, ਤਾਂ ਦੂਜੇ ਪਾਸੇ ਉਹ ਸੂਬੇ ਅੰਦਰ ਕਾਂਗਰਸ ਸਰਕਾਰ ਦੇ 2 ਸਾਲਾਂ ’ਚ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਉਨ੍ਹਾਂ ਦੇ ਹਲਕਿਆਂ ’ਚ ਵੜਨ ਤੱਕ ਨਹੀ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਜਾਂ ਭਾਜਪਾ ਦਾ ਦੋਸ਼ ਨਹੀਂ ਹੈ, ਸਗੋਂ ਇਨ੍ਹਾਂ ਦੇ ਅਪਣੇ ਕਾਂਗਰਸੀ ਵਰਕਰ ਕਹਿ ਰਹੇ ਹਨ ਕਿ ਵਿਧਾਇਕ ਤੇ ਮੰਤਰੀ ਖੁੱਲ੍ਹੇਆਮ ਭ੍ਰਿਸ਼ਟਾਚਾਰ ਅਤੇ ਲੁੱਟ ਚ ਲੱਗੇ ਹੋਏ ਹਨ।

ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਸਿੱਖ ਵਿਰੋਧੀ ਹੋਣ ਦਾ ਇਤਿਹਾਸ ਤੇ ਰਿਕਾਰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਤੇ ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਆਪਣੀ ਨਫ਼ਰਤ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਵਾਰ ਇਸ ਨੇ ਇਹ ਕੰਮ ਸੈਮ ਪਿਤਰੋਦਾ ਰਾਹੀਂ ਕੀਤਾ, ਜਿਹੜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਗੁਰੂ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮੋਦੀ ਦਾ ਮੁੜ ਤੋਂ ਚੁਣਿਆ ਜਾਣਾ ਤੈਅ ਹੈ ਅਤੇ ਦਾਅਵਾ ਕੀਤਾ ਕਿ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਕੋਲ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਹੈ, ਜਿਸ ਰਾਹੀਂ ਇਹ ਮੋਦੀ ਨੂੰ ਚੁਣੌਤੀ ਦੇ ਸਕਣ।

ਉਨ੍ਹਾਂ ਕਿਹਾ ਕਿ ਜਦੋਂ ਵੀ ਕੇਂਦਰ ਚ ਭਾਜਪਾ ਦੀ ਸਰਕਾਰ ਰਹੀ ਹੈ, ਪੰਜਾਬ ਨੂੰ ਹਮੇਸ਼ਾ ਫਾਇਦਾ ਮਿਲਿਆ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਸਨੂੰ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਤੋਂ ਲਾਭ ਮਿਲੇਗਾ। ਮਜੀਠੀਆਂ ਨੇ ਦਾਅਵਾ ਕੀਤਾ ਕਿ ਇਹ ਲੋਕ ਸਭਾ ਚੋਣਾਂ ਸੂਬੇ ਅੰਦਰ ਕਾਂਗਰਸ ਸਰਕਾਰ ਦੇ ਅੰਤ ਦੀ ਸ਼ੁਰੂਆਤ ਕਰਨਗੀਆਂ ਅਤੇ 23 ਮਈ ਤੋਂ ਇਸਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ। ਇਸ ਮੌਕੇ ਸੰਬੋਧਨ ਕਰਦਿਆਂ, ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪਾਰਟੀ ਅਗਵਾਈ ਤੇ ਵਰਕਰਾਂ ਦਾ ਉਨ੍ਹਾਂ ਨੂੰ ਸਮਰਥਨ ਦੇਣ ਲਈ ਧੰਨਵਾਦ ਪ੍ਰਗਟਾਇਆ।