11 ਮਾਰਚ ਤੋਂ ਬਾਅਦ 150 ਕਰੋੜ ਦੇ ਕਰੀਬ ਡਰੱਗ, ਨਸ਼ੇ, ਕਰੰਸੀ ਫੜੀ : ਡਾ. ਕਰੁਣਾ ਰਾਜੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਰਾਹਾ ਨਾਕੇ ਤੋਂ 9 ਕਰੋੜ ਨਕਦੀ ਦਾ ਕੇਸ ਡੀ.ਜੀ.ਪੀ. ਕੋਲ ; ਸੁਰੱਖਿਆ ਬਲਾਂ ਦੀਆਂ 5 ਕੰਪਨੀਆਂ ਤੈਨਾਤ

Drugs and Currency

ਚੰਡੀਗੜ੍ਹ : ਪੰਜਾਬ ਦੀਆਂ ਕੁਲ 13 ਲੋਕ ਸਭਾ ਸੀਟਾਂ 'ਤੇ 19 ਮਈ ਨੂੰ ਆਖਰੀ ਗੇੜ 'ਚ ਪੈਣ ਵਾਲੀਆਂ ਵੋਟਾਂ ਸਬੰਧੀ ਕੀਤੇ ਗਏ ਚੋਣ ਪ੍ਰਬੰਧਾਂ ਹੇਠ ਪਿਛਲੇ ਕੇਵਲ ਤਿੰਨ ਹਫ਼ਤਿਆਂ 'ਚ ਸੁਰੱਖਿਆ ਬਲਾਂ ਅਤੇ ਸੂਬੇ ਦੀ ਪੁਲਿਸ ਨੇ 150 ਕਰੋੜ ਦੇ ਮੁੱਲ ਦੇ ਨਸ਼ੇ, ਨਕਦੀ ਅਤੇ ਲੱਖਾਂ ਲਿਟਰ ਸ਼ਰਾਬ ਕਾਬੂ ਕੀਤੀ ਹੈ। ਨਸ਼ਿਆਂ 'ਚ ਪੋਸਤ ਚੂਰਾ, ਅਫ਼ੀਮ, ਗਾਂਜਾ, ਹੈਰੋਇਨ, ਚਰਸ, ਡਰੱਗ ਪਾਊਡਰ, ਸਮੈਕ, ਕੈਪਸੂਲ, ਗੋਲੀਆਂ, ਸਿਰਪ, ਇੰਜੈਕਸ਼ਨ ਸ਼ਾਮਲ ਹਨ ਅਤੇ ਇਸ ਤੋਂ ਇਲਾਵਾ ਸੋਨਾ-ਚਾਂਦੀ ਦੇ ਗਹਿਣੇ ਤੇ ਹੋਰ ਗ਼ੈਰ ਕਾਨੂੰਨੀ ਢੰਗ ਨਾਲ ਪੰਜਾਬ 'ਚ ਲਿਆਂਦੀ ਨਕਦੀ ਵੀ ਸ਼ਾਮਲ ਹੈ।

ਇਸ ਸਾਰੇ ਕਬਜ਼ੇ 'ਚ ਲਈਆਂ ਵਸਤਾਂ ਤੇ ਨਸ਼ਿਆਂ ਤੋਂ ਇਹ ਪਤਾ ਲਗਦਾ ਹੈ ਕਿ ਸਰਕਾਰ ਦੇ ਨੱਕ ਹੇਠ ਅਤੇ ਪੁਲਿਸ ਦੀ ਮੁਸ਼ਤੈਦੀ ਦੇ ਹੁੰਦਿਆਂ ਕਿਵੇਂ ਇਸ ਸਰਹੱਦੀ ਸੂਬੇ 'ਚ ਗ਼ੈਰ ਕਾਨੂੰਨੀ ਕਾਲਾ ਧੰਦਾ ਚਲਿਆ ਹੋਇਆ ਹੈ। ਲਗਦਾ ਹੈ ਪੰਜਾਬ ਦੇ ਸਾਰਿਆਂ ਹਿੱਸਿਆਂ 'ਚ ਨਸ਼ਿਆਂ ਦੀ ਵਿਕਰੀ ਜ਼ੋਰਾਂ 'ਤੇ ਹੈ। ਜ਼ਿਕਰਯੋਗ ਹੈ ਕਿ 24 ਦਿਨ ਪਹਿਲਾਂ 10 ਮਾਰਚ ਦੀ ਸ਼ਾਮ ਨੂੰ ਭਾਰਤ ਦੇ ਚੋਣ ਕਮਿਸ਼ਨ, ਲੋਕ ਸਭਾ ਚੋਣਾਂ ਦਾ ਐਲਾਨ ਕਰ ਕੇ ਚੋਣ ਜ਼ਾਬਤਾ ਲਾਗੂ ਕਰ ਦਿਤਾ ਹੈ। ਇਸ ਉਪਰੰਤ ਪੁਲਿਸ ਨਾਕਿਆਂ 'ਤੇ ਚੈਕਿੰਗ ਵਧਾ ਕੇ ਨਸ਼ੀਲੀਆਂ ਵਸਤਾਂ ਤੇ ਨਾਰਕੋਟਿਕਸ ਸਮੇਤ ਹੋਰ ਚੀਜ਼ਾਂ ਦੀ ਪਕੜ ਸ਼ੁਰੂ ਹੋ ਗਈ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦਸਿਆ ਕਿ ਨਾਜ਼ੁਕ ਥਾਵਾਂ 'ਤੇ ਪੰਜਾਬ ਪੁਲਿਸ, ਆਰਮਡ ਪੁਲਿਸ ਅਤੇ ਕੇਂਦਰੀ ਬਲਾਂ ਦੀਆਂ 5 ਕੰਪਨੀਆਂ ਤੈਨਾਤ ਕਰ ਦਿਤੀਆਂ ਹਨ ਅਤੇ ਪਿਛਲੀਆਂ ਚੋਣਾਂ ਵਾਂਗ 199 ਕੰਪਨੀਆਂ ਦੀ ਤੈਨਾਤੀ ਵਾਸਤੇ ਛੇਤੀ ਹੀ 195 ਕੰਪਨੀਆਂ ਦੇ ਜਵਾਨ ਤੇ ਅਫ਼ਸਰ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀ.ਜੀ.ਪੀ. ਆਰ.ਐਨ. ਢੋਕੇ ਨੂੰ ਚੋਣ ਸੁਰੱਖਿਆ ਇੰਚਾਰਜ ਬਣਾਇਆ ਹੋਇਆ ਹੈ ਅਤੇ ਦੋ ਦਿਨ ਪਹਿਲਾਂ ਦੋਰਾਹਾ ਨਾਕੇ 'ਤੇ ਜ਼ਬਤ ਕੀਤੀ 9.66 ਕਰੋੜ ਦੀ ਨਕਦੀ ਤੇ ਕਰੰਸੀ ਸਬੰਧੀ ਪੁਲਿਸ ਤੇ ਸਰਕਾਰ ਵਿਰੁਧ ਲੱਗ ਰਹੇ ਦੋਸ਼ਾਂ ਦੀ ਜਾਂਚ ਪੜਤਾਲ ਦੀ ਜ਼ਿੰਮੇਵਾਰੀ ਵੀ ਇਸੇ ਏ.ਡੀ.ਜੀ.ਪੀ. ਨੂੰ ਦਿਤੀ ਹੈ।

ਚੋਣ ਕਮਿਸ਼ਨ ਦੀ ਰੀਪੋਰਟ ਮੁਤਾਬਕ ਫੜਿਆ ਗਿਆ ਚੂਰਾ ਪੋਸਤ 27 ਕੁਇੰਟਲ, ਅਫ਼ੀਮ 90 ਕਿਲੋ, ਗਾਂਜਾ 106 ਕਿਲੋ, ਹੈਰੋਇਨ 343 ਕੁਇੰਟਲ, ਸਮੈਕ 183 ਕਿਲੋ, ਕੈਪਸੂਲ ਗਿਣਤੀ 35349, ਗੋਲੀਆਂ 16 ਲੱਖ 53 ਹਜ਼ਾਰ 416 ਅਤੇ ਸੋਨਾ 25000 ਗ੍ਰਾਮ ਅਤੇ ਨਕਦੀ-ਕੈਸ਼ ਦੋਰਾਹਾ ਨਾਕੇ ਤੋਂ ਫੜੀ ਗਈ ਸ਼ਾਮਲ ਹੈ। ਇਸਾਈ ਮੱਤ ਦੇ ਫਾਦਰ ਨੇ ਕਿਹਾ ਸੀ ਕਿ ਇਹ ਨਕਦੀ 15.66 ਕਰੋੜ ਸੀ ਜਦਕਿ ਪੁਲਿਸ ਨੇ ਕੇਵਲ 9 ਕਰੋੜ ਦਾ ਜ਼ਿਕਰ ਕੀਤਾ ਹੈ। ਡਾ. ਰਾਜੂ ਨੇ ਕਿਹਾ ਕਿ ਸੁਰੱਖਿਆ ਬਲਾਂ ਤੇ ਪੁਲਿਸ ਦਾ ਪੂਰਾ ਕੰਟਰੋਲ ਹੈ ਜੋ 23 ਮਈ ਵੋਟਾਂ ਦੀ ਗਿਣਤੀ ਉਪਰੰਤ ਵੀ ਜਾਰੀ ਰਹੇਗਾ।