ਬਿਕਰਮ ਮਜੀਠੀਆ ਤੋਂ ਮਾਫ਼ੀ ਮੰਗਣ ਪਿੱਛੇ ਕੇਜਰੀਵਾਲ ਨੇ ਦੱਸੀ ਇਹ ਮਜਬੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਮੁੱਦਾ ਜਨਤਾ ਦਾ ਨਹੀਂ ਹੈ ਬਲਕਿ ਮੀਡੀਆ ਇਸ ਨੂੰ ਦੇ ਰਿਹੈ ਹਵਾ: ਕੇਜਰੀਵਾਲ

Arvind Kejriwal in Barnala

ਬਰਨਾਲਾ: ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬਰਨਾਲਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਕਰਮ ਮਜੀਠੀਆ ਤੋਂ ਮਾਫ਼ੀ ਮੰਗਣਾ ਉਨ੍ਹਾਂ ਦੀ ਬਹੁਤ ਵੱਡੀ ਮਜਬੂਰੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੁੱਦਾ ਜਨਤਾ ਦਾ ਨਹੀਂ ਹੈ ਬਲਕਿ ਮੀਡੀਆ ਇਸ ਨੂੰ ਹਵਾ ਦੇ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਨਸ਼ਿਆਂ ਦੇ ਮੁੱਦੇ ’ਤੇ ਗੰਭੀਰ ਇਲਜ਼ਾਮ ਲਗਾਏ ਸਨ। ਅੱਜ ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮਾਫ਼ੀ ਮੰਗਣ ਬਾਰੇ ਸਫ਼ਾਈ ਦਿਤੀ। ਉਨ੍ਹਾਂ ਕਿਹਾ ਕਿ ਮਾਫ਼ੀ ਮੰਗਣ ਪਿੱਛੇ ਵੀ ਉਨ੍ਹਾਂ ਦੀ ਬਹੁਤ ਵੱਡੀ ਮਜਬੂਰੀ ਸੀ। ਦੇਸ਼ ਭਰ ਵਿਚ ਉਨ੍ਹਾਂ ਉਤੇ 33 ਤੋਂ ਵੱਧ ਕੇਸ ਦਰਜ ਕਰਵਾ ਦਿਤੇ ਸੀ।

ਸਾਰੇ ਕੇਸਾਂ ਵਿਚ ਫਾਸਟ ਟਰੈਕ ਕੋਰਟ ਬੈਠ ਚੁੱਕੀ ਹੋਣ ਕਾਰਨ ਉਨ੍ਹਾਂ ਨੂੰ ਵੀ ਹਰ ਦਿਨ 2-3 ਪੇਸ਼ੀਆਂ ਭੁਗਤਣੀਆਂ ਪੈਂਦੀਆਂ ਸਨ। ਦੂਜੇ ਪਾਸੇ ਉਨ੍ਹਾਂ ਨੂੰ ਦਿੱਲੀ ਦੀ ਜਨਤਾ ਨੇ ਮੁੱਖ ਮੰਤਰੀ ਦੀ ਵੱਡੀ ਜ਼ਿੰਮੇਵਾਰੀ ਦਿਤੀ ਸੀ। ਇਸ ਦੇ ਚਲਦੇ ਜੇਕਰ ਉਹ ਕੇਸਾਂ ਵਿਚ ਹੀ ਉਲਝੇ ਰਹਿੰਦੇ ਤਾਂ ਜਨਤਾ ਦਾ ਕੰਮ ਕਿਵੇਂ ਕਰ ਸਕਦੇ ਸੀ। ਅਜਿਹੀ ਸੂਰਤ ਵਿਚ ਉਨ੍ਹਾਂ ਨੇ ਸਾਰੇ ਕੇਸਾਂ ਨੂੰ ਨਿਪਟਾਉਣਾ ਹੀ ਵਾਜਿਬ ਸਮਝਿਆ।

ਜ਼ਿਕਰਯੋਗ ਹੈ ਕਿ ਕੇਜਰੀਵਾਲ ਅੱਜ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਚ ਸੈਰ ਕਰਨ ਪਹੁੰਚੇ ਤੇ ਪਾਰਕ ਵਿਚ ਸੈਰ ਕਰਨ ਵਾਲੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਦੇ ਲਈ ਚੋਣ ਪ੍ਰਚਾਰ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।