ਕੈਪਟਨ ਤੇ ਆਸ਼ਾ ਕੁਮਾਰੀ ਨੂੰ ਲੱਗਦੈ ਕਿ ਮੈਂ ਇਕ ਟਿਕਟ ਦੇ ਵੀ ਕਾਬਿਲ ਨਹੀਂ: ਮੈਡਮ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਤੇ ਆਸ਼ਾ ਕੁਮਾਰੀ ਨੇ ਮੇਰੀ ਟਿਕਟ ਕਟਵਾਈ: ਡਾ. ਨਵਜੋਤ ਕੌਰ ਸਿੱਧੂ

Navjot Kaur Sidhu

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਛੋਟੇ ਕੈਪਟਨ ਹਨ ਜਦਕਿ ਰਾਹੁਲ ਗਾਂਧੀ ਸਾਡੇ ਵੱਡੇ ਕੈਪਟਨ ਹਨ। ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਦੀ ਗ਼ੈਰ-ਹਾਜ਼ਰੀ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਮੈਡਮ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਛੋਟੇ ਕੈਪਟਨ ਹਨ ਤੇ ਰਾਹੁਲ ਗਾਂਧੀ ਵੱਡੇ ਕੈਪਟਨ ਹਨ।

ਜਦ ਸਾਡੇ ਛੋਟੇ ਕੈਪਟਨ ਨੇ ਕਹਿ ਦਿਤਾ ਕਿ ਪੰਜਾਬ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਅਸੀਂ ਜਿੱਤ ਰਹੇ ਹਾਂ ਤਾਂ ਹੋਰ ਸੀਟਾਂ ਦੀ ਉਨ੍ਹਾਂ ਨੂੰ ਕੀ ਜ਼ਰੂਰਤ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਆਸ਼ਾ ਕੁਮਾਰੀ ਸਾਡੇ ਸਟਾਰ ਪ੍ਰਚਾਰਕ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਤੇ ਆਸ਼ਾ ਕੁਮਾਰੀ ਜੀ ਨੂੰ ਜਦ ਇਹ ਲੱਗਦਾ ਹੈ ਕਿ ਮੈਡਮ ਸਿੱਧੂ ਇੰਨੇ ਯੋਗ ਤੇ ਕਾਬਿਲ ਨਹੀਂ ਹਨ ਕਿ ਉਨ੍ਹਾਂ ਨੂੰ ਇਕ ਟਿਕਟ ਵੀ ਦਿਤੀ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਨੇ ਇਹ ਸੋਚ ਕੇ ਮੇਰੀ ਟਿਕਟ ਕਟਵਾ ਦਿਤੀ ਕਿ ਅੰਮ੍ਰਿਤਸਰ ਵਿਚ ਵਾਪਰੇ ਦੁਸਹਿਰਾ ਹਾਦਸੇ ਕਾਰਨ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਤੋਂ ਜਿੱਤ ਨਹੀਂ ਸਕਦੇ।

ਜਦ ਸਾਡੇ ਆਗੂ ਹੀ ਇਹ ਨਹੀਂ ਸੋਚਦੇ ਕਿ ਅਸੀਂ ਪੰਜਾਬ ਦਾ ਭਲਾ ਕਰ ਸਕਦੇ ਹਾਂ ਤਾਂ ਫਿਰ ਉਨ੍ਹਾਂ ਲਈ ਕਰਨ ਦਾ ਵੀ ਕੀ ਫ਼ਾਇਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੋਣ ਪ੍ਰਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਡੀ ਸਟਾਰ ਪ੍ਰਚਾਰਕ ਆਸ਼ਾ ਕੁਮਾਰੀ ਜੀ ਕਰਨਗੇ ਤੇ ਨਵਜੋਤ ਸਿੰਘ ਸਿੱਧੂ ਦੀ ਡਿਊਟੀ ਰਾਹੁਲ ਜੀ ਨੇ ਪੰਜਾਬ ਤੋਂ ਬਾਹਰ ਚੋਣ ਪ੍ਰਚਾਰ ਕਰਨ ਲਈ ਲਗਾਈ ਹੋਈ ਹੈ ਤੇ ਉਹ ਜਿੱਥੇ ਹੁਕਮ ਦੇਣਗੇ ਉਥੇ ਉਹ ਜਾਣਗੇ।

ਜਦ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਵਿਰੋਧੀ ਨੇਤਾ ਇਹ ਦੋਸ਼ ਲਗਾ ਰਹੇ ਹਨ ਕਿ ਸਿੱਧੂ ਤੇ ਕੈਪਟਨ ਦੀ ਆਪਸ ਵਿਚ ਖੜਕ ਗਈ ਤਾਂ ਇਸ ਬਾਰੇ ਮੈਡਮ ਸਿੱਧੂ ਨੇ ਕਿਹਾ ਕਿ ਵਿਰੋਧੀਆਂ ਦੀ ਤਾਂ ਇਹ ਆਦਤ ਹੈ। ਵਿਰੋਧੀ ਤਾਂ ਚਾਹੁੰਦੇ ਹਨ ਕਿ ਅਜਿਹਾ ਹੋਵੇ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਅਸੀਂ ਕੈਪਟਨ ਸਾਬ੍ਹ ਦੀ ਬਹੁਤ ਇੱਜ਼ਤ ਕਰਦੇ ਹਾਂ ਤੇ ਉਹ ਸਾਡੇ ਪਟਿਆਲਾ ਦੇ ਹਨ। ਉਨ੍ਹਾਂ ਨਾਲ ਅਸੀਂ ਕਦੇ ਵੀ ਲੜ ਨਹੀਂ ਸਕਦੇ ਤੇ ਨਾ ਹੀ ਸਿੱਧੂ ਪਰਵਾਰ ਅਜਿਹਾ ਕੁਝ ਕਰੇਗਾ ਜੋ ਉਨ੍ਹਾਂ ਦੀ ਸ਼ਾਨ ਦੇ ਵਿਰੁਧ ਹੋਵੇ।