25 ਸਾਲਾਂ ਵਿਚ ਮਾਰੂਥਲ ਬਣ ਜਾਵੇਗੀ ਪੰਜਾਬ ਦੀ ਧਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਝੋਨੇ ਦੀ ਫਸਲ ਕਰ ਰਹੀ ਹੈ ਪਾਣੀ ਦਾ ਖਾਤਮਾ

Punjab become desert state in 25 yrs

ਚੰਡੀਗੜ੍ਹ: ਸੈਂਟਰਲ ਗਰਾਊਂਡ ਵਾਟਰ ਬੋਰਡ (ਉੱਤਰੀ-ਪੱਛਮੀ ਖੇਤਰ) ਦੀ ਇਕ ਰਿਪੋਰਟ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਦੁਰਵਰਤੋਂ ਮੌਜੂਦਾ ਦਰ ‘ਤੇ ਜਾਰੀ ਰਹਿੰਦੀ ਹੈ ਤਾਂ ਆਉਣ ਵਾਲੇ 25 ਸਾਲਾਂ ਪੰਜਾਬ ਇਕ ਮਾਰੂਥਲ ਬਣ ਜਾਵੇਗਾ। ਰਿਪੋਰਟ ਮੁਤਾਬਿਕ ਮੌਜੂਦਾ ਦਰ ਅਨੁਸਾਰ ਸੂਬੇ ਵਿਚ 300 ਮੀਟਰ ਦੀ ਡੂੰਘਾਈ ਤੱਕ ਪਾਣੀ ਦੇ ਧਰਤੀ ਹੇਠਲੇ ਸਰੋਤ 20-25 ਸਾਲਾਂ ਤੱਕ ਖਤਮ ਹੋ ਜਾਣਗੇ ਅਤੇ 100 ਮੀਟਰ ਦੀ ਡੂੰਘਾਈ ਵਾਲੇ ਸਰੋਤ ਆਉਣ ਵਾਲੇ 10 ਸਾਲਾਂ ਵਿਚ ਖਤਮ ਹੋ ਜਾਣਗੇ।

ਪੰਜਾਬ ਦੇ ਖੇਤੀਬਾੜੀ ਸਕੱਤਰ ਕਾਨ੍ਹ ਸਿੰਘ ਪੰਨੂ ਨੇ ਚਾਰ ਸਾਲਾਂ ਬਾਅਦ ਤਿਆਰ ਕੀਤੀ ਗਈ ਇਸ ਰਿਪੋਰਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਸਮੇਤ ਧਰਤੀ ਹੇਠਲੇ ਪਾਣੀ ਸਬੰਧੀ ਆ ਰਹੀਆਂ ਰਿਪੋਰਟਾਂ ਖਤਰੇ ਦੇ ਸੰਕੇਤ ਦੇ ਰਹੀਆਂ ਹਨ। ਉਹਨਾਂ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਅਸੀਂ ਅਪਣੇ ਅੰਤ ਵੱਲ ਵਧ ਰਹੇ ਹਾਂ। ਉੱਘੇ ਖੇਤੀਬਾੜੀ ਅਰਥ ਸ਼ਾਸਤਰੀ ਡਾਕਟਰ ਐਸਐਸ ਜੌਹਲ ਦਾ ਕਹਿਣਾ ਹੈ ਕਿ ਘਟ ਰਹੇ ਪਾਣੀ ਲਈ ਜ਼ਿਆਦਾ ਜ਼ਿੰਮੇਵਾਰ ਝੌਨੇ ਦੀ ਫਸਲ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੁਫਤ ਵਿਚ ਪਾਣੀ ਮਿਲਿਆ ਅਤੇ ਪਾਣੀ ਦੀ ਬਰਬਾਦੀ ਹੋਈ।

ਉਹਨਾਂ ਕਿਹਾ ਕਿ ਪਾਣੀ ਦੀ ਕੀਮਤ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਮੌਜੂਦਾ ਹਲਾਤਾਂ ਵਿਚ ਕੋਈ ਵੀ ਖੇਤੀਬਾੜੀ ਬਿਨਾਂ ਸਬਸਿਡੀ ਤੋਂ ਨਹੀਂ ਹੋ ਸਕਦੀ ਪਰ ਇਹ ਸਬਸਿਡੀ ਪਾਣੀ ਵਿਚ ਨਹੀਂ ਹੋਣੀ ਚਾਹੀਦੀ।  ਉਹਨਾਂ ਕਿਹਾ ਕਿ ਸਬਸਿਡੀ ਦੀ ਰਕਮ ਨੂੰ 8 ਹਜ਼ਾਰ ਕਰੋੜ ਤੋਂ ਵਧਾ ਕਿ 20 ਹਜ਼ਾਰ ਕਰੋੜ ਕਰ ਦੇਣਾ ਚਾਹੀਦਾ ਹੈ ਅਤੇ ਇਹ ਉਹਨਾਂ ਨੂੰ ਵੀ ਬਰਾਬਰ ਮਾਤਰਾ ਵਿਚ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਕੋਲ ਟਿਊਬਵੈੱਲ ਨਹੀਂ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਸਟੱਡੀ ਅਨੁਸਾਰ ਪਿਛਲੇ 28 ਸਾਲਾਂ (1988-2016) ਦੌਰਾਨ ਧਰਤੀ ਹੇਠਲੇ ਪਾਣੀ ਵਿਚ 51 ਸੈਂਟੀਮੀਟਰ ਸਲਾਨਾ ਕਮੀ ਆਈ ਹੈ। ਨੈਸ਼ਨਲ ਏਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (NASA), ਨੈਸ਼ਨਲ ਇੰਸਟੀਚਿਊਟ ਆਫ਼ ਹਾਇਡਰੋਲੋਜੀ ਰੁੜਕੀ ਅਤੇ ਭਾਰਤੀ ਤਕਨੀਕੀ ਸੰਸਥਾਨ (IIT) ਖੜਗਪੁਰ ਨੇ ਵੱਖ ਵੱਖ ਰਿਪੋਰਟਾਂ ਦੀ ਮਦਦ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਪ੍ਰਤੀ ਨਾ ਪੂਰਾ ਹੋਣ ਵਾਲੇ ਘਾਟੇ ‘ਤੇ ਚਿੰਤਾ ਜਿਤਾਈ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਬਲਦੇਵ ਢਿੱਲੋਂ ਨੇ ਕਿਹਾ ਕਿ ਝੌਨੇ ਦੀ ਖੇਤੀ ਨਾ ਕਰਨ ‘ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਝੋਨੇ ਦੀ ਫਸਲ ਜ਼ਿਆਦਾ ਸਮਾਂ ਲੈਂਦੀ ਇਸ ਲਈ ਘੱਟ ਸਮਾਂ ਲੈਣ ਵਾਲੀਆਂ ਝੌਨੇ ਦੀਆਂ ਕਿਸਮਾਂ ਤਿਆਰ ਕਰਨੀਆਂ ਚਾਹੀਦੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਯੂਨੀਵਰਸਿਟੀ ਵੱਲੋਂ ਅਜਿਹੀਆਂ ਕਿਸਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਹਨ ਕਿ ਮੌਜੂਦਾ ਸਮੇਂ ਵਿਚ ਪੰਜਾਬ ਜੇ ਕਿਸਾਨਾਂ ਕੋਲ ਧਰਤੀ ਹੇਠਲੇ ਪਾਣੀ ਨੂੰ ਵਰਤਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਪਾਣੀ ਹੋਰ ਸੂਬਿਆਂ ਨੂੰ ਕਿਉਂ ਦਿੱਤਾ ਜਾ ਰਿਹਾ ਹੈ? ਉਹਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਨੂੰ ਅਪਣੇ ਹਿੱਸੇ ਦਾ ਪਾਣੀ ਨਹੀਂ ਮਿਲਦਾ ਜਾਂ ਸਰਕਾਰ ਉਹਨਾਂ ਨੂੰ ਘੱਟ ਸਮਾਂ ਲੈਣ ਵਾਲੀਆਂ ਫਸਲਾਂ ਲਈ ਸਹੀ ਮੁੱਲ ਨਹੀਂ ਅਤੇ ਸਹੂਲਤਾਂ ਨਹੀਂ ਦਿੰਦੀ ਉਦੋਂ ਤੱਕ ਪੰਜਾਬ ਬਰਬਾਦ ਹੋ ਜਾਵੇਗਾ।