'ਪੰਜਾਬ ਦਾ ਕਿਸਾਨ ਖੇਤਾਂ 'ਚ 'ਜ਼ਹਿਰ' ਉਗਾ ਰਿਹੈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਜ਼ਮੀਨ ਦੋਜ਼ ਪਾਣੀ ਹੋਰ ਹੇਠਾਂ ਜਾਣ, ਪਾਣੀ ਵਿਚ ਕੈਮੀਕਲ ਬਹੁਤੇ ਘੁਲਣ, ਇਨਸਾਨੀ ਸਿਹਤ 'ਤੇ ਮਾੜਾ ਅਸਰ ਪੈਣ, ਜੰਗਲ ਤੇ...

Office interacting with the journalists.

ਚੰਡੀਗੜ੍ਹ : ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਜ਼ਮੀਨ ਦੋਜ਼ ਪਾਣੀ ਹੋਰ ਹੇਠਾਂ ਜਾਣ, ਪਾਣੀ ਵਿਚ ਕੈਮੀਕਲ ਬਹੁਤੇ ਘੁਲਣ, ਇਨਸਾਨੀ ਸਿਹਤ 'ਤੇ ਮਾੜਾ ਅਸਰ ਪੈਣ, ਜੰਗਲ ਤੇ ਹੋਰ ਹਰਿਆਲੀ ਖ਼ਤਮ ਹੋਣ, ਜ਼ਮੀਨ ਦੇ ਖੁਰਨ ਅਤੇ ਜ਼ਰੂਰਤ ਤੋਂ ਵੱਧ ਖਾਦਾਂ ਪਾ ਕੇ ਕਿਸਾਨਾਂ ਵਲੋਂ ਵਾਧੂ ਕਮਾਈ ਦੇ ਚੱਕਰ ਵਿਚ ਵਾਤਾਵਰਣ ਦੀ ਤਬਾਹੀ ਦੇ ਦੋਸ਼ ਹੀ ਨਹੀਂ ਲੱਗ ਰਹੇ ਬਲਕਿ ਸੱਚਾਈ ਵੀ ਸਾਹਮਣੇ ਆ ਗਈ ਹੈ ਕਿ 148 ਬਲਾਕਾਂ ਵਿਚੋਂ ਲੱਗਭਗ ਅੱਧੇ ਖ਼ਤਰੇ ਦੀ ਘੰਟੀ ਵਜਾ ਚੁੱਕੇ ਹਨ। 

ਅੱਜ ਇਥੇ ਪੰਜਾਬ ਸਮੇਤ ਸਾਰੇ ਮੁਲਕ ਵਿਚ ਹਵਾ ਪਾਣੀ ਮਿਟੀ ਅਤੇ ਵਾਤਾਵਰਣ ਸੰਭਾਲ ਟਰੱਸਟ ਦੇ ਕਰਤਾ ਧਰਤਾ ਦੇਵਿੰਦਰ ਸ਼ਰਮਾ ਜੋ ਖੁਦ ਹਿਮਾਚਲ ਦੀ ਸੋਲਨ ਸਥਿਤ ਬਾਗਬਾਨੀ ਯੂਨੀਵਰਸਟੀ ਤੋਂ ਐਮ.ਐਸ.ਸੀ. ਡਿਗਰੀ ਹੋਲਡਰ ਹਨ ਨੇ ਦਸਿਆ ਕਿ ਹਿਮਾਲੀਆ ਪਰਬਤ ਦੇ ਪਰਾਂ ਵਿਚ ਵਸੇ ਸਾਡੇ ਮੁਲਕ ਵਿਚ ਬੇਲੋੜੇ ਤੇ ਗਲਤ ਖੇਤੀ ਪੈਦਾਵਾਰ ਦੇ ਢੰਗ ਤਰੀਕੇ ਅਪਣਾਅ ਕੇ 80 ਫ਼ੀ ਸਦੀ ਜੰਗਲੀ ਇਲਾਕਾ ਤਬਾਹ ਕਰ ਲਿਆ ਹੈ ਅਤੇ 70 ਫ਼ੀ ਸਦੀ ਤਾਜ਼ੇ ਪਾਣੀ ਤੋਂ ਵਾਂਝੇ ਹੋ ਗਏ ਹਨ। 

ਵਾਤਾਵਰਣ ਸੰਭਾਲ ਟਰੱਸਟ ਦੇ ਮਾਹਰ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ , ਕਿਸਾਨਾਂ ਆਮ ਲੋਕਾਂ ਨੂੰ ਜਾਗਰੂਕ ਕਰਨ ਵਿਚ ਲੱਗਾ ਇਹ ਟੱਰਸਟ ਰੋਜ਼ਾਨਾ, ਸੈਮੀਨਾਰਾਂ, ਗੋਸ਼ਟੀਆਂ ਤੇ ਵਿਚਾਰ ਚਰਚਾ ਰਾਹੀ ਲੋਕਾਂ ਦੀ ਭਾਸ਼ਾ ਤੇ ਬੋਲੀ ਰਾਹੀ ਕੁਦਰਤ ਨੂੰ ਪਹੁੰਚਾਏ ਜਾ ਰਹੇ ਇਸ ਭਾਰੀ ਨੂਕਸਾਨ ਦਾ ਵੇਰਵਾ ਦਸਦੇ ਹਨ ਪਰ ਦੁੱਖ ਦੀ ਗਲ ਇਹ ਹੈ ਕਿ ਪੰਜਾਬ ਦੇ 25 ਲੱਖ ਕਿਸਾਨਾਂ ਵਿਚੋਂ ਬਹੁਤੇ ਵਾਧੂ ਕਮਾਈ ਦੇ ਚੱਕਰ ਵਿਚ ਖੇਤਾਂ ਵਿਚ ਜ਼ਹਿਰ ਪੈਦਾ ਕਰ ਰਹੇ ਹਨ, ਮੁਫ਼ਤ ਬਿਜਲੀ ਵਰਤ ਕੇ ਇਉਬਵੈਲਾਂ ਰਾਹੀਂ ਕੀਮਤੀ ਤੇ ਖਣਿਜ ਤੱਤਾਂ ਵਾਲਾ ਪਾਣੀ ਖ਼ਤਮ ਕਰ ਰਹੇ ਹਨ। 

ਦੇਵਿੰਦਰ ਸ਼ਰਮਾ ਤੇ ਸਾਥੀਆਂ ਨੇ ਦਸਿਆ ਕਿ ਭਲਕੇ, ਚੰਡੀਗੜ੍ਹ ਵਿਚ ਇਕ ਸੈਮੀਨਾਰ ਕਰਾਇਆ ਜਾ ਰਿਹਾ ਹੈ ਜਿਸ ਵਿਚ 20 ਤੋਂ ਵੱਧ ਮਾਹਰ, ਲਗਾਤਾਰ 2 ਦਿਨ ਬਹਿਤ ਤੇ ਚਰਚਾ ਕਰਨਗੇ ਅਤੇ ਸਰਕਾਰਾਂ 'ਤੇ ਦਬਾਅ ਪਾਉਣਗੇ ਤਾਂ ਕਿ ਆਰਥਕ ਸਥਿਤੀ ਨੂੰ ਵਧੀਆ ਬਣਾਉਣ ਦੀ ਦੌੜ ਵਿਚ ਕੁਦਰਤੀ ਸੋਮੇ ਖ਼ਤਮ ਨਾ ਕੀਤੇ ਜਾਣ।

ਦਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਆਉਂਦੇ 10 ਸਾਲਾਂ 'ਚ ਕੁਲ 60 ਲੱਖ ਕਿਸਾਨਾਂ ਨੂੰ ਕੈਮੀਕਲ ਖਾਦਾਂ ਦੀ ਬਿਨਾਂ ਵਰਤੋਂ ਦੇ ਫ਼ਸਲਾਂ ਉਗਾਈਆਂ ਜਾਣ ਦਾ ਵਤੀਰਾ ਅਤੇ ਪ੍ਰੈਕਟੀਕਲ ਪਾਠ ਪੜ੍ਹਾਇਆ ਜਾਵੇਗਾ। ਹੁਣ ਤਕ 1,63,034 ਕਿਸਾਨ ਸਿਰਫ਼ ਗੋਹੇ ਦੀ ਖਾਦ ਨਾਲ ਖੇਤੀ ਕਰਨ ਵੱਲ ਲਗ ਚੁਕੇ ਹਨ।

ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦਾ ਕਿਸਾਨ ਇਕ ਪਾਸੇ ਖੇਤੀ ਤੋਂ ਵਾਧੂ ਕਮਾਈ ਅਤੇ ਲਾਭ ਕਮਾਉਣ ਯਾਨਿ ਕੇਂਦਰੀ ਅੰਨ ਭੰਡਾਰ 'ਚ 50 ਫ਼ੀ ਸਦੀ ਤੋਂ ਵੱਧ ਹਿੱਸਾ ਕਣਕ ਤੇ ਝੋਨੇ ਦੀ ਫ਼ਸਲ ਪਹੁੰਚਾਉਣ ਦੀ ਗੱਲ ਕਰਦਾ ਹੈ, ਦੂਜੇ ਪਾਸੇ ਖ਼ੁਦਕੁਸ਼ੀਆਂ ਕਰਨ ਦੀ ਦਰ ਵੀ ਸੱਭ ਤੋਂ ਵੱਧ ਪੰਜਾਬ 'ਚ ਹੈ, ਕਿਉਂ। ਦੇਵਿੰਦਰ ਸ਼ਰਮਾ ਨੇ ਦਸਿਆ ਕਿ ਕੈਮੀਕਲ ਖੇਤੀ ਕਦੇ ਵੀ ਲਾਹੇਵੰਦ ਨਹੀਂ ਹੋ ਸਕਦੀ ਅਤੇ ਪੰਜਾਬ ਦੇ ਲੱਖਾਂ ਕਿਸਾਨ, ਵਾਧੂ ਕਮਾਈ ਦਾ ਭਰਮ ਪਾਲ ਕੇ, ਇਸ ਜਰਖੇਜ਼ ਮਿੱਟੀ ਦਾ ਸੱਤਿਆਨਾਸ਼ ਕਰ ਰਹੇ ਹਨ,

ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਮੀਨ ਨੂੰ ਬੰਜਰ ਕਰ ਰਹੇ ਹਨ, ਉਤੋਂ ਗਰੀਨ ਹਾਊਸ ਬਣਾ ਕੇ ਵਾਤਾਵਰਣ ਨੂੰ ਤਬਾਹ ਕਰਨ ਦੇ ਨਾਲ-ਨਾਲ ਪਸ਼ੂ-ਪੰਛੀ ਅਤੇ ਕੁਦਰਤੀ ਜੀਵਾਂ ਨੂੰ ਖ਼ਤਮ ਕਰਨ 'ਚ ਲਗਾਤਾਰ ਲੱਗੇ ਹੋਏ ਹਨ।ਇਸ ਦੋ ਦਿਨਾ ਸੈਮੀਨਾਰ 'ਚ ਤਾਮਿਲਨਾਡੂ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਕੇਰਲ, ਉੜੀਸਾ, ਕਰਨਾਟਕਾ, ਦਿੱਲੀ, ਪੰਜਾਬ, ਹਰਿਆਣਾ ਤੋਂ ਵਾਤਾਵਰਣ ਮਾਹਰ, ਵਿਗਿਆਨੀ, ਫ਼ਾਰਮਰਜ਼ ਕਮਿਸ਼ਨ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਇਕ-ਦੋ ਯੂਨੀਵਰਸਟੀਆਂ ਦੇ ਆਰਥਕ ਮਾਹਰ ਤੇ ਪ੍ਰੋਫ਼ੈਸਰ ਵੀ ਇਸ ਵਿਸ਼ੇ 'ਤੇ ਸਲਾਹ-ਮਸ਼ਵਰਾ ਦੇਣਗੇ।