ਨਹਿਰਾ ਗਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
ਮੁਹਾਲੀ ਪੁਲਿਸ ਨੇ ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪਰਖਾਣ ਵਾਲਾ ਥਾਣਾ ਮਲੋਟ ਦੇ ਵਸਨੀਕ ਵਰਿੰਦਰ ਸਿੰਘ ਨੂੰ
ਐਸ.ਏ.ਐਸ. ਨਗਰ, : ਮੁਹਾਲੀ ਪੁਲਿਸ ਨੇ ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪਰਖਾਣ ਵਾਲਾ ਥਾਣਾ ਮਲੋਟ ਦੇ ਵਸਨੀਕ ਵਰਿੰਦਰ ਸਿੰਘ ਨੂੰ ਸੈਕਟਰ-71 ਤੋਂ ਅਗ਼ਵਾ ਕੀਤੇ ਜਾਣ ਦੇ ਮਾਮਲੇ ਵਿਚ ਫ਼ਿਰੌਤੀਆਂ ਮੰਗਣ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਸੰਪਤ ਨਹਿਰਾ ਗਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਹਥਿਆਰ, ਅਗ਼ਵਾ ਕਰਨ ਸਮੇਂ ਵਰਤੀ ਗਈ ਕਾਰ ਅਤੇ ਪੰਚਕੂਲਾ ਤੋਂ ਖੋਹੀ ਇਕ ਵਰਨਾ ਕਾਰ ਵੀ ਬਰਾਮਦ ਕੀਤੀ ਹੈ।
ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਵਰਿੰਦਰ ਸਿੰਘ ਦੇ ਅਗ਼ਵਾ ਮਾਮਲੇ ਵਿਚ ਪੁਲਿਸ ਵਲੋਂ ਥਾਣਾ ਮਟੌਰ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਇਸ ਮਾਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਟ੍ਰੇਸ ਕਰਨ ਲਈ ਸੀ.ਆਈ.ਏ. ਸਟਾਫ਼ ਮੁਹਾਲੀ ਅਤੇ ਥਾਣਾ ਮਟੌਰ ਦੀ ਸਾਂਝੀ ਟੀਮ ਗਠਤ ਕੀਤੀ ਗਈ ਸੀ। ਇਸ ਟੀਮ ਵਲੋਂ ਰਮਨਦੀਪ ਸਿੰਘ ਉਰਫ਼ ਭਾਊ ਵਾਸੀ ਪਿੰਡ ਖੰਡੂਰ ਥਾਣਾ ਮੱਥੂ ਜ਼ਿਲ੍ਹਾ ਫ਼ਿਰੋਜਪੁਰ, ਸ਼ੁਭਨਵਦੀਪ ਸਿੰਘ ਉਰਫ਼ ਸ਼ੁਭ ਵਾਸੀ ਪਿੰਡ ਮੰਡਿਆਲਾ ਥਾਣਾ ਚਾਟੀਵਿੰਡ ਤਹਿ ਅਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ,
ਜਸਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਪਿੰਡ ਕੇਸਰੀ ਥਾਣਾ ਸਾਹਾ ਜ਼ਿਲ੍ਹਾ ਅੰਬਾਲਾ, ਗੁਰਵਿੰਦਰ ਸਿੰਘ ਉਰਫ਼ ਗੁਰੀ (ਬਿੰਦਰੀ) ਵਾਸੀ ਪਿੰਡ ਕੇਸਰੀ ਥਾਣਾ ਸਾਹਾ ਜ਼ਿਲ੍ਹਾ ਅੰਬਾਲਾ ਅਤੇ ਦਿਨੇਸ਼ ਕੁਮਾਰ ਮਾਗੇਰਾਮ ਵਾਸੀ ਪਿੰਡ ਹਰਪਾਲੂ ਤਾਲ ਜ਼ਿਲ੍ਹਾ ਚੂਰੂ (ਰਾਜਸਥਾਨ) ਨੂੰ ਰਾਧਾਸਵਾਮੀ ਚੌਕ ਮੁਹਾਲੀ ਤੋਂ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ 2 ਪਿਸਤੌਲ 315 ਬੋਰ ਸਮੇਤ 10 ਜਿੰਦਾ ਰੌਂਦ 315 ਬੌਰ ਅਤੇ 1 ਪਿਸਤੌਲ 32 ਸਮੇਤ 6 ਜਿੰਦਾ ਰੌਦ 32 ਬੋਰ, ਇਕ ਕਿਰਪਾਲ ਅਤੇ ਉਕਤ ਵਾਰਦਾਤ ਸਮੇਂ ਵਰਤੀ ਗਈ ਆਈ 20 ਕਾਰ ਬਰਾਮਦ ਹੋਈ ਹੈ।
ਉਨ੍ਹਾਂ ਦਸਿਆ ਕਿ ਇਹ ਸਾਰੇ ਵਿਅਕਤੀ ਫ਼ਿਰੌਤੀਆਂ ਮੰਗਣ ਅਤੇ ਲੁੱਟਾਂ-ਖੋਹਾ ਦੀਆਂ ਵਾਰਦਾਤਾਂ ਕਰਨ ਵਾਲੇ ਸੰਪਤ ਨਹਿਰਾ ਗਰੋਹ ਦੇ ਮੈਂਬਰ ਹਨ। ਇਨ੍ਹਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਪੁਛਗਿਛ ਦੌਰਾਨ ਮੰਨਿਆ ਹੈ ਕਿ ਇਨ੍ਹਾਂ ਇਕ ਵਰਨਾ ਕਾਰ ਨੰਬਰ ਐਸ ਆਰ 01-ਏ-5601 ਦੇਵੀ ਲਾਲ ਪਾਰਕ ਪੰਚਕੂਲਾ ਹਰਿਆਣਾ ਤੋਂ ਹਥਿਆਰਾਂ ਦੀ ਨੋਕ 'ਤੇ ਖੋਹੀ ਸੀ। ਇਨ੍ਹਾਂ ਮੁਲਜ਼ਮਾਂ ਤੋਂ ਇਕ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਹੈ ਅਤੇ ਮੁਲਜ਼ਮਾਂ ਨੇ ਮੰਨਿਆ ਕਿ ਇਨ੍ਹਾਂ ਨੇ ਪਿੰਡ ਸਨੇਟਾ ਦੇ ਐਚ.ਪੀ. ਪਟਰੌਲ ਪੰਪ ਤੋਂ ਹਥਿਆਰ ਦੀ ਨੋਕ 'ਤੇ 60 ਹਜ਼ਾਰ ਰੁਪਏ ਖੋਹੇ ਸਨ। ਉਨ੍ਹਾਂ ਸੈਕਟਰ-7 ਪੰਚਕੂਲਾ ਤੋਂ ਕਿਸੇ ਵਿਅਕਤੀ ਨੂੰ ਅਗ਼ਵਾ ਵੀ ਕਰਨਾ ਸੀ।
ਉਹਨਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐਸ.ਪੀ.(ਜਾਂਚ) ਸ੍ਰੀ ਹਰਵੀਰ ਸਿੰਘ ਅਟਵਾਲ, ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ, ਮੁੱਖ ਥਾਣਾ ਅਫਸਰ ਮਟੌਰ ਸ੍ਰੀ ਰਾਜੀਵ ਕੁਮਾਰ ਵੀ ਮੌਜੂਦ ਸਨ।