ਹਾਈ ਕੋਰਟ ਦੇ ਐਡਵੋਕੇਟ ਸਰਤੇਜ ਸਿੰਘ ਨਰੂਲਾ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁਧ ਦਰਜ.....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸਰਤੇਜ ਸਿੰਘ ਨਰੂਲਾ ਨੂੰ ਪੰਜਾਬ ਪੁਲਿਸ

File

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸਰਤੇਜ ਸਿੰਘ ਨਰੂਲਾ ਨੂੰ ਪੰਜਾਬ ਪੁਲਿਸ ਨੇ ਸਾਬਕਾ ਡਾਇਰੈਕਟਰ-ਜਨਰਲ ਪੁਲਿਸ ਸੁਮੇਧ ਸਿੰਘ ਸੈਣੀ ਵਿਰੁਧ ਦਰਜ ਕੀਤੇ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਅਤੇ ਖ਼ੁਰਦ-ਬੁਰਦ ਕੇਸ ਵਿਚ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ। ਮੋਹਾਲੀ ਦੇ ਮਟੌਰ ਥਾਣੇ ਵਿਚ ਸੈਣੀ ਤੇ ਹੋਰਨਾਂ ਪੁਲਿਸ ਮੁਲਾਜ਼ਮਾਂ ਵਿਰੁਧ ਇਹ  ਕੇਸ ਦਰਜ ਕੀਤਾ ਗਿਆ ਹੈ।

1991 ਦੇ ਅਗ਼ਵਾ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਦਰਜ ਕੀਤੀ ਗਈ ਇਕ ਪੁਰਾਣੀ ਐਫ਼ਆਈਆਰ ਨੂੰ ਰੱਦ ਕਰਨ ਦੇ ਅੱਠ ਸਾਲਾਂ ਤੋਂ ਬਾਅਦ ਇਹ ਤਾਜ਼ਾ ਐਫ਼ਆਈਆਰ ਦਰਜ ਕੀਤੀ ਗਈ ਹੈ। ਮੁਹਾਲੀ ਪੁਲਿਸ ਨੇ ਅਗ਼ਵਾ ਅਤੇ ਹੋਰਨਾਂ ਅਪਰਾਧਾਂ ਲਈ ਦਰਜ ਕੀਤੀ ਗਈ ਐਫ਼ਆਈਆਰ ਦੀ ਪੜਤਾਲ ਲਈ ਪਹਿਲਾਂ ਹੀ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।

ਦਸਣਯੋਗ ਹੈ ਕਿ ਇਸ ਮਾਮਲੇ ਵਿਚ ਸੀਬੀਆਈ ਪਹਿਲਾਂ ਹੀ ਪੈਰ ਪਿਛੇ ਖਿੱਚ ਚੁੱਕੀ ਹੈ। ਇੰਨਾ ਹੀ ਨਹੀਂ ਪੰਜਾਬ ਪੁਲਿਸ ਵਲੋਂ ਚੰਡੀਗੜ੍ਹ ਅਦਾਲਤ ਵਿਚ ਸੀਬੀਆਈ ਤੋਂ ਰੀਕਾਰਡ ਲੈਣ ਵਾਸਤੇ ਕੀਤੀ ਗਈ ਪਹੁੰਚ ਵੀ ਹਾਲ ਦੀ ਘੜੀ ਕੋਈ ਲਾਹੇਵੰਦੀ ਸਾਬਤ ਹੁੰਦੀ ਨਜ਼ਰ ਨਹੀਂ ਆ ਰਹੀ। ਕਿਉਂਕਿ ਅਦਾਲਤ ਵਿਚ ਹੀ ਸੀਬੀਆਈ ਬੀਤੇ ਹਫ਼ਤੇ ਰੀਕਾਰਡ ਮੌਜੂਦ ਨਾ ਹੋਣ ਦੀ ਦਲੀਲ ਦੇ ਕੇ ਇਕ ਤਰ੍ਹਾਂ ਨਾਲ ਪੱਲਾ ਝਾੜਨ ਦੀ ਕੋਸ਼ਿਸ਼ ਕਰ ਚੁੱਕੀ ਹੈ।

ਪਰ ਪੰਜਾਬ ਪੁਲਿਸ ਦਾ ਦਰਦ ਜਾਰੀ ਹੈ। ਤਾਜ਼ਾ ਦਰਜ ਐਫ਼.ਆਈ.ਆਰ ਮੁਤਾਬਕ ਬਲਵੰਤ ਸਿੰਘ ਮੁਲਤਾਨੀ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰੀਜ਼ਮ ਕਾਰਪੋਰੇਸ਼ਨ ਵਿਚ ਜੂਨੀਅਰ ਇੰਜੀਨੀਅਰ ਸਨ। ਉਸ ਵੇਲੇ ਫ਼ੇਜ਼-7 ਮੁਹਾਲੀ ਦੇ ਰਹਿਣ ਵਾਲੇ ਮੁਲਤਾਨੀ ਨੂੰ  1991 ਵਿਚ ਸੈਣੀ ਜਦੋਂ ਚੰਡੀਗੜ੍ਹ ਦੇ ਐਸਐਸਪੀ ਸੀ ਤਾਂ ਉਸ 'ਤੇ ਹੋਏ ਹਮਲੇ ਤੋਂ ਬਾਅਦ ਮੁਲਤਾਨੀ ਨੂੰ ਪੁਲਿਸ ਲੈ ਗਈ ਸੀ। ਜਿਸ ਮਗਰੋਂ ਉਸ ਦਾ ਖੁਰਾ ਖੋਜ ਨਹੀਂ ਲੱਭਿਆ। ਹੁਣ ਸੁਮੇਧ ਸੈਣੀ ਵਿਰੁਧ ਕੇਸ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਅਤੇ ਜਲੰਧਰ ਦੇ ਵਸਨੀਕ ਪਲਵਿੰਦਰ ਸਿੰਘ ਮੁਲਤਾਨੀ ਵਲੋਂ ਤਾਜ਼ਾ ਅਰਜ਼ੀ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।