ਦਵਾ-ਦਾਰੂ ਤੇ ਜ਼ਰੂਰੀ ਵਸਤਾਂ ਨੂੰ ਛੱਡ 36 ਘੰਟੇ ਲਈ ਪੰਜਾਬ 'ਚ ਮੁੜ ਸੱਭ ਕੁੱਝ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਫ਼ਤੇ ਦੇ ਅੰਤ ਦੇ ਦਿਨਾਂ ਦੀ ਤਾਲਾਬੰਦੀ ਕਾਰਨ ਮੁੜ ਪਸਰਿਆ ਸੂਬੇ 'ਚ ਸਨਾਟਾ

Covid 19

ਚੰਡੀਗੜ੍ਹ: ਦੋ ਹਫ਼ਤਿਆਂ ਦੀ ਮਿਲੀਆਂ ਖੁਲ੍ਹੀਆਂ ਛੋਟਾਂ ਤੋਂ ਬਾਅਦ ਪੰਜਾਬ ਨੂੰ ਅੱਜ ਸ਼ਾਮ 5 ਵਜੇ ਤੋਂ ਇਕ ਵਾਰ ਮੁੜ 36 ਘੰਟਿਆਂ ਲਈ ਦਵਾ, ਦਾਰੂ ਤੇ ਜ਼ਰੂਰੀ ਲੋੜਾਂ ਦੀਆਂ ਵਸਤੂਆਂ ਨੂੰ ਛੱਡ ਕੇ ਬਾਕੀ ਸੱਭ ਕੁੱਝ ਮੁੜ ਬੰਦ ਹੋ ਗਿਆ ਹੈ। ਸਨਅਤੀ ਇਕਾਈਆਂ ਨੂੰ ਵੀ ਛੋਟ ਦਿਤੀ ਗਈ ਹੈ। ਸੂਬੇ ਵਿਚ ਕੋਰੋਨਾ ਦੇ ਪਿਛਲੇ ਦਿਨਾਂ ਵਿਚ ਮਿਲੀਆਂ ਛੋਟਾਂ ਦੇ ਚਲਦੇ ਵੱਧ ਰਹੇ ਕੋਰੋਨਾ ਦੇ ਪਾਜੇਟਿਵ ਕੇਸਾਂ 'ਤੇ ਆਉਣ ਵਾਲੇ ਦਿਨਾਂ ਦੇ ਖ਼ਤਰੇ ਨੂੰ ਸਾਹਮਣੇ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੜ ਤਾਲਾਬੰਦੀ ਵਲ ਮੁੜਦਿਆਂ ਹਫ਼ਤੇ ਦੇ ਆਖ਼ਰੀ ਦਿਨਾਂ ਸਨਿਚਰਵਾਰ ਤੇ ਐਤਵਾਰ ਨੂੰ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਹਨ।

ਅੱਜ ਸ਼ਾਮ 5 ਵਜੇ ਤੋਂ ਇਨ੍ਹਾਂ ਹੁਕਮਾਂ ਤਹਿਤ ਸੋਮਵਾਰ ਸਵੇਰੇ 5 ਵਜੇ ਤਕ ਤਾਲਾਬੰਦੀ ਦੇ ਹੁਕਮ ਲਾਗੂ ਰਹਿਣਗੇ। ਇਹ ਸਿਲਸਿਲਾ ਆਉਣ ਵਾਲੇ ਦਿਨਾਂ ਵਿਚ ਵੀ ਚਲੇਗਾ। ਇਨ੍ਹਾਂ ਦੋ ਦਿਨਾਂ ਤੋਂ ਇਲਾਵਾ ਜਿਥੇ ਗਜਟਿਡ ਛੁਟੀਆਂ ਵਾਲੇ ਦਿਨ ਵੀ ਤਾਲਾਬੰਦੀ ਦੀਆਂ ਪਾਬੰਦੀਆਂ ਲਾਗੂ ਹੋਣਗੀਆਂ। ਉਥੇ ਡਿਪਟੀ ਕਮਿਸ਼ਨਰਾਂ ਨੂੰ ਇਸ ਤੋਂ ਇਲਾਵਾ ਸਥਿਤੀ ਮੁਤਾਬਕ ਹਫ਼ਤੇ ਵਿਚ ਇਕ ਹੋਰ ਕਿਸੇ ਦਿਨ ਵੀ ਅਜਿਹੀਆਂ ਪਾਬੰਦੀਆਂ ਲਾਗੂ ਕਰਨ ਦੇ ਅਧਿਕਾਰ ਦਿਤੇ ਗਏ ਹਨ।

ਜ਼ਿਕਰਯੋਗ ਹੈ ਕਿ ਹਫ਼ਤਾਵਾਰੀ ਤਾਲਾਬੰਦੀ ਤਹਿਤ ਜਿਥੇ ਸਨਿਚਰਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰ ਤਕ ਜ਼ਰੂਰੀ ਵਸਤਾਂ ਤੇ ਕੈਮਿਸਟਾਂ ਆਦਿ ਦੀਆਂ ਦੁਕਾਨਾਂ ਨੂੰ ਛੱਡ ਹੋਰ ਸਾਰੇ ਕਾਰੋਬਾਰ ਬੰਦ ਰੱਖਣ ਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੇ ਹੁਕਮ ਦਿਤੇ ਗਏ ਹਨ ਉਥੇ ਅੰਡਰ ਜ਼ਿਲ੍ਹਾ ਯਾਤਰਾ 'ਤੇ ਵੀ ਪਾਬੰਦੀ ਲਾਗੂ ਕੀਤੀ ਗਈ ਹੈ। ਸਿਰਫ਼ ਮੈਡੀਕਲ ਐਮਰਜੈਂਸੀ ਜਾਂ ਹੋਰ ਕੋਈ ਬਹੁਤ ਜ਼ਰੂਰੀ ਐਮਰਜੈਂਸੀ ਦੀ ਹਾਲਤ ਵਿਚ ਈ-ਪਾਸ ਰਾਹੀਂ ਯਾਤਰਾ ਦੀ ਛੋਟ ਹੋਵੇਗੀ।

ਅੱਜ ਸ਼ਾਮ ਹਫ਼ਤੇ ਦੇ ਅੰਤਲੇ ਦਿਨਾਂ ਵਿਚ ਤਾਲਾਬੰਦੀ ਲਾਗੂ ਹੋਣ ਕਾਰਨ ਸ਼ਾਮ 5 ਵਜੇ ਤੋਂ ਬਾਅਦ ਸੂਬੇ ਦੇ ਬਹੁਤੇ ਸ਼ਹਿਰਾਂ ਤੇ ਕਸਬਿਆਂ ਵਿਚ ਮੁੜ ਸਨਾਟਾ ਪਸਰ ਗਿਆ ਤੇ ਪੁਲਿਸ ਦੀਆਂ ਨਾਕਾਬੰਦੀਆਂ ਸਖ਼ਤ ਹੋ ਗਈਆਂ। ਸਾਰੇ ਜ਼ਿਲ੍ਹਿਆਂ ਦੀਆਂ ਹੱਦਾਂ ਸੀਲ ਹੋ ਗਈਆਂ ਹਨ ਤਾਂ ਜੋ 36 ਘੰਟੇ ਦੌਰਾਨ ਤਾਲਾਬੰਦੀ ਦੇ ਹੁਕਮ ਲਾਗੂ ਹੋਣ।

ਜ਼ਿਕਰਯੋਗ ਹੈ ਕਿ ਇਸ ਤਾਲਾਬੰਦੀ ਕਾਰਨ ਹਾਲੇ ਕਈ ਥਾਈਂ ਲੋਕਾਂ 'ਤੇ ਇਥੋਂ ਤਕ ਸਿਵਲ ਤੇ ਪੁਲਿਸ ਅਫ਼ਸਰਾਂ ਨੂੰ ਵੀ ਸਰਕਾਰ ਦੀਆਂ ਅਧੂਰੀਆਂ ਹਦਾਇਤਾਂ ਕਾਰਨ ਸਥਿਤੀ ਸਪਸ਼ਟ ਨਹੀਂ ਕਿ ਕੀ ਚਾਲੂ ਰੱਖਣਾ ਹੈ ਤੇ ਕੀ ਬੰਦ। ਇਸ ਕਾਰਨ ਅੱਜ ਬੱਸ ਅੱਡਿਆਂ 'ਤੇ ਵੀ ਜਾਣਕਾਰੀ ਦੀ ਘਾਟ ਕਾਰਨ ਬਸਾਂ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਕੇ ਪਰਤੇ। ਇਸ ਤਰ੍ਹਾਂ ਸ਼ਾਮ 5 ਵਜੇ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਕਈ ਥਾਈਂ ਸਥਿਤੀ ਨਹੀਂ ਸੀ।

ਠੇਕਿਆਂ ਨੂੰ ਛੋਟ 'ਤੇ ਉਠ ਰਹੇ ਹਨ ਸਵਾਲ- ਭਾਵੇਂ ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਦੋ ਦਿਨ ਲਈ ਹਫ਼ਤੇ ਵਿਚ ਮੁੜ ਤਾਲਾਬੰਦੀ ਲਾਗੂ ਕਰਨ ਦੀਆਂ ਪਾਬੰਦੀਆਂ ਦੇ ਹੁਕਮਾਂ ਨੂੰ ਆਮ ਲੋਕ ਸਹੀ ਮੰਨ ਰਹੇ ਹਨ ਪਰ ਬਾਕੀ ਸੱਭ ਕੁੱਝ ਬੰਦ ਕਰਨ 'ਤੇ ਸ਼ਰਾਬ ਦੇ ਠੇਕਿਆਂ ਨੂੰ ਪੂਰਾ ਹਫ਼ਤਾ ਅਤੇ ਰਾਤ ਦੇ 8 ਵਜੇ ਤਕ ਖੋਲ੍ਹਣ ਦੀ ਛੋਟ ਨੂੰ ਲੈ ਕੇ ਹਰ ਪਾਸਿਉਂ ਸਵਾਲ ਉਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮੈਡੀਕਲ ਐਮਰਜੈਂਸੀ ਲਈ ਦਵਾਈ ਦੀਆਂ ਦੁਕਾਨਾਂ ਨੂੰ ਛੋਟ ਦੇਣਾ ਤਾਂ ਵਾਜਬ ਹੈ ਪਰ ਸ਼ਰਾਬ ਦੇ ਠੇਕਿਆਂ ਨੂੰ ਕਿਸ ਆਧਾਰ 'ਤੇ ਛੋਟ ਦਿਤੀ ਗਈ ਹੈ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।