ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਭੂਚਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਧੂ ਨੇ ਡੇਢ ਮਹੀਨਾ ਪਹਿਲਾਂ ਹੀ ਦੇ ਦਿੱਤਾ ਸੀ ਅਸਤੀਫ਼ਾ !

Navjot Singh Sidhu resigns as Punjab Cabinet minister

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਕਾਰਨ ਅੱਜ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ ਕਰ ਦਿੱਤਾ। ਸਿੱਧੂ ਨੇ 35 ਦਿਨ ਬਾਅਦ ਐਤਵਾਰ ਨੂੰ ਆਪਣਾ ਫ਼ੈਸਲਾ ਜਨਤਕ ਕੀਤਾ। ਸਿੱਧੂ ਨੇ ਆਪਣਾ ਅਸਤੀਫ਼ਾ ਪੱਤਰ ਬੀਤੀ 10 ਜੂਨ ਨੂੰ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ। ਸਿੱਧੂ ਨੇ 10 ਜੂਨ ਨੂੰ ਹੀ ਰਾਹੁਲ ਗਾਂਧੀ ਨਾਲ ਮੁਲਾਕਾਤ ਵੀ ਕੀਤੀ ਸੀ। ਲੰਮੇ ਇੰਤਜਾਰ ਤੋਂ ਬਾਅਦ ਉਨ੍ਹਾਂ ਨੇ 14 ਜੁਲਾਈ ਨੂੰ ਇਸ ਦਾ ਪ੍ਰਗਟਾਵਾ ਕੀਤਾ।

 


 

ਹੁਣ ਸਵਾਲ ਉੱਠ ਰਹੇ ਹਨ ਕਿ ਸਿੱਧੂ ਨੇ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਕਿਉਂ ਦਿੱਤਾ। ਜੇ ਸਿੱਧੂ ਨੇ ਆਪਣਾ ਅਸਤੀਫ਼ਾ ਸੱਚਮੁਚ ਦੇਣਾ ਹੁੰਦਾ ਤਾਂ ਉਹ ਪੰਜਾਬ ਦੇ ਰਾਜਪਾਲ ਜਾਂ ਮੁੱਖ ਮੰਤਰੀ ਨੂੰ ਇਹ ਅਸਤੀਫ਼ਾ ਭੇਜਦੇ। ਉਨ੍ਹਾਂ ਆਪਣਾ ਅਸਤੀਫ਼ਾ ਸਿਰਫ਼ ਇਸ ਲਈ ਰਾਹੁਲ ਗਾਂਧੀ ਨੂੰ ਭੇਜਿਆ ਕਿ ਕਾਂਗਰਸ ਹਾਈਕਮਾਂਡ ਉਨ੍ਹਾਂ ਦੇ ਹੱਕ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਆਖੇ। ਰਾਹੁਲ ਗਾਂਧੀ ਬੀਤੀ 25 ਮਈ ਨੂੰ ਖ਼ੁਦ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਹੋਰ ਸੀਨੀਅਰ ਆਗੂ ਲੋਕ ਸਭਾ ਚੋਣਾਂ 'ਚ ਆਪਣੀਆਂ ਸੀਟਾਂ ਹਾਰ ਚੁੱਕੇ ਹਨ। ਅਜਿਹੇ 'ਚ ਕੋਈ ਸੀਨੀਅਰ ਕਾਂਗਰਸੀ ਆਗੂ ਕਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਸਲਾਹ ਦੇ ਸਕਦਾ ਸੀ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਪ੍ਰਚਾਰ ਕੀਤੇ ਜਾਣ ਦੇ ਅਖੀਰਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਵਿਖੇ ਇਕ ਰੈਲੀ ਦੌਰਾਨ ਕੈਪਟਨ ਅਤੇ ਬਾਦਲਾਂ ਵਿਚਕਾਰ ਅਸਿੱਧੇ ਤੌਰ ‘ਤੇ ਭਾਈਵਾਲੀ ਦੇ ਦੋਸ਼ ਲਾਏ ਸਨ। ਜਿਸ ਤੋਂ ਖਫਾ ਹੋ ਕੇ ਕੈਪਟਨ ਨੇ ਸ਼ਰੇਆਮ ਸਿੱਧੂ ਵਿਰੁੱਧ ਭੜਾਸ ਕੱਢੀ ਸੀ ਅਤੇ ਚੋਣਾਂ ਦੇ ਨਤੀਜੇ ਆਉਣ ਸਾਰ ਕੈਪਟਨ ਨੇ ਸਿੱਧੂ 'ਤੇ ਦੂਜਾ ਵਾਰ ਕਰਦਿਆਂ ਇਹ ਕਹਿ ਦਿੱਤਾ ਸੀ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਸ਼ਹਿਰਾਂ ਵਿਚ ਵੋਟਾਂ ਇਸ ਲਈ ਘੱਟ ਪਈਆਂ ਕਿਉਂਕਿ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਕਾਰਗੁਜਾਰੀ ਮਾੜੀ ਰਹੀ ਹੈ।

ਇਸ ਤੋਂ ਕੁਝ ਦਿਨ ਬਾਅਦ ਹੀ ਕੈਪਟਨ ਨੇ ਵਜ਼ਾਰਤੀ ਫੇਰਬਦਲ ਕਰਦਿਆਂ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਉਨ੍ਹਾਂ ਨੂੰ ਬਿਜਲੀ ਅਤੇ ਨਵਿਆਉਣਯੋਗ ਵਿਭਾਗ ਦੇ ਦਿੱਤਾ ਸੀ। ਇਸ 'ਤੇ ਨਾਰਾਜ਼ ਹੋ ਕੇ ਸਿੱਧੂ ਨੇ ਨਾ ਸਿਰਫ਼ ਰਾਹੁਲ ਤੇ ਪ੍ਰਿਅੰਕਾ ਗਾਂਧੀ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਸੀ, ਸਗੋਂ ਉਨ੍ਹਾਂ ਨੇ ਅੱਜ ਤੱਕ ਉਨ੍ਹਾਂ ਨੇ ਆਪਣੇ ਨਵੇਂ ਮਹਿਕਮੇ ਦਾ ਚਾਰਜ ਨਹੀਂ ਸੰਭਾਲਿਆ ਸੀ।