ਵਿਦਿਆਰਥੀਆਂ ਤੇ ਕਾਰੋਬਾਰੀਆਂ 'ਤੇ ਮਿਹਰਬਾਨ ਹੋਈ ਪੰਜਾਬ ਸਰਕਾਰ, ਘਰੇਲੂ ਏਕਾਂਤਵਾਸ ਤੋਂ ਦਿਤੀ ਛੋਟ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

72 ਘੰਟਿਆਂ ਲਈ ਠਹਿਰਣ ਵਾਲਿਆਂ ਨੂੰ ਮਿਲੇਗੀ ਸਹੂਲਤ

Capt Amrinder Singh

ਚੰਡੀਗੜ੍ਹ : ਪੰਜਾਬ ਅੰਦਰ ਵਧਦੇ ਕਰੋਨਾ ਮੀਟਰ ਦੇ ਮੱਦੇਨਜ਼ਰ ਸਰਕਾਰ ਨੇ ਕੁੱਝ ਸਖ਼ਤ ਇਤਿਆਤੀ ਕਦਮ ਚੁੱਕੇ ਸਨ। ਇਸ ਦੇ ਤਹਿਤ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਏਕਾਤਵਾਸ 'ਚ ਰਹਿਣਾ ਲਾਜ਼ਮੀ ਕੀਤਾ ਗਿਆ ਸੀ। ਹੁਣ ਸਰਕਾਰ ਨੇ ਸੂਬੇ ਵਿਚ ਆਉਣ ਵਾਲੇ ਘਰੇਲੂ ਮੁਸਾਫਰਾਂ ਲਈ ਵੱਡੀ ਰਿਆਇਤ ਦਾ ਐਲਾਨ ਕੀਤਾ ਹੈ। ਪੰਜਾਬ ਵਿਚ 72 ਘੰਟੇ ਤੋਂ ਘੱਟ ਸਮੇਂ ਲਈ ਆਉਣ ਵਾਲਿਆਂ ਨੂੰ ਘਰੇਲੂ ਏਕਾਤਵਾਸ (Home Quarantine) ਤੋਂ ਛੋਟ ਦੇ ਦਿਤੀ ਗਈ ਹੈ। ਉਨ੍ਹਾਂ ਨੂੰ ਸੂਬੇ ਦੀ ਸੀਮਾ 'ਤੇ ਚੈੱਕ ਪੋਸਟ 'ਤੇ ਸਿਰਫ਼ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ ਜ਼ਰੂਰਤ ਹੋਵੇਗੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਆਖਿਆ ਕਿ ਇਹ ਰਿਆਇਤ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਤੇ ਹੋਰ ਕਾਰੋਬਾਰੀ ਮੁਸਾਫਰਾਂ ਆਦਿ ਲਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਨ੍ਹਾਂ ਦੀ ਇੱਥੇ ਪਹੁੰਚਣ 'ਤੇ 72 ਘੰਟਿਆਂ ਤੋਂ ਘੱਟ ਸਮੇਂ ਦੀ ਠਹਿਰ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਯਾਤਰੀਆਂ ਨੂੰ 14-ਦਿਨਾਂ ਦੇ ਲਾਜ਼ਮੀ ਏਕਾਂਤਵਾਸ ਦੀ ਜ਼ਰੂਰਤ ਤੋਂ ਵੀ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ ਜਦਕਿ ਪੰਜਾਬ ਆਉਣ ਵਾਲੇ ਬਾਕੀ ਘਰੇਲੂ ਮੁਸਾਫਰਾਂ ਲਈ ਘਰੇਲੂ ਏਕਾਂਤਵਾਸ ਦੀ ਵਿਵਸਥਾ ਪਹਿਲਾਂ ਵਾਂਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੂੰ ਇਹ ਛੋਟ ਹਾਸਲ ਹੈ, ਉਨ੍ਹਾਂ ਨੂੰ ਕੋਵਾ ਐਪ 'ਤੇ ਮੁਹੱਈਆ ਕਰਵਾਈ ਤੈਅ ਪ੍ਰਕ੍ਰਿਆ ਵਿੱਚ ਚੈੱਕ ਪੋਸਟ ਦੇ ਇੰਚਾਰਜ ਅਫਸਰ ਕੋਲ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ ਜ਼ਰੂਰਤ ਹੋਵੇਗੀ।

ਸ ਸਹੂਲਤ ਦਾ ਲਾਭ ਲੈਣ ਵਾਲਿਆਂ ਲਈ ਅਪਣੇ ਮੋਬਾਈਲਾਂ 'ਤੇ ਕੋਵਾ ਐਪ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ। ਇਸ ਐਪ 'ਤੇ ਮੁਸਾਫਰਾਂ ਬਾਰੇ ਸੂਚਨਾ ਵਾਲੇ ਹਿੱਸੇ ਵਿਚ ਅਪਣੀ ਜਾਣਕਾਰੀ ਦੇਣ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਨੂੰ ਇਹ ਘੋਸ਼ਣਾ-ਪੱਤਰ ਦੇਣਾ ਹੋਵੇਗਾ ਕਿ ਪੰਜਾਬ ਵਿਚ ਠਹਿਰਨ ਦੌਰਾਨ ਕੋਵਾ ਐਪ ਸਰਗਰਮ ਰੱਖਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ ਤੇ ਮਾਸਕ ਪਹਿਨਣ/ਸਮਾਜਿਕ ਦੂਰੀ ਆਦਿ ਦਾ ਪਾਲਣ ਨਾ ਕਰਨ 'ਤੇ 'ਦ ਐਪੀਡੈਮਿਕ ਡਿਜੀਜ਼ ਐਕਟ-1897' ਦੀ ਵਿਵਸਥਾ ਅਨੁਸਾਰ ਆਈਪੀਸੀ ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।