ਸੁਖਬੀਰ ਦੀ 'ਤੁਸੀਂ ਮੈਨੂੰ ਵੋਟ ਦਿਉ ਮੈਂ ਤੁਹਾਨੂੰ ਮਾਫ਼ੀ ਦਿਆਂਗਾ' ਦੀ ਨੀਤੀ ਬੇਨਕਾਬ ਹੋਈ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਹੁਣ 'ਜਥੇਦਾਰ' ਬਾਦਲਾਂ ਨੂੰ ਪੰਥ ਵਿਚੋਂ ਛੇਕੇ

Sunil Jakhar

ਚੰਡੀਗੜ੍ਹ : ਡੇਰਾ ਸਿਰਸਾ ਦੀ ਕਮੇਟੀ ਵਲੋਂ ਬੀਤੇ ਦਿਨੀਂ ਪ੍ਰੈਸ ਕਾਨਫ਼ਰੰਸ ਕਰ ਕੇ ਅਕਾਲੀ ਦਲ ਨਾਲ ਸਾਂਝ ਬਾਰੇ ਕੀਤੇ ਪ੍ਰਗਟਾਵਿਆਂ ਤੋਂ ਬਾਅਦ ਪੰਜਾਬ ਕਾਂਗਰਸ ਨੇ ਬਾਦਲਾਂ ਨੂੰ ਘੇਰਦਿਆਂ ਜ਼ੋਰਦਾਰ ਹਮਲੇ ਕੀਤੇ ਹਨ।  ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਚ ਪ੍ਰੈਸ ਕਾਨਫ਼ਰੰਸ ਕਰ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਖ਼ੁਦ ਹੀ ਡੇਰਾ ਪੈਰੋਕਾਰਾਂ ਦੀ ਕਮੇਟੀ ਵਲੋਂ ਅਕਾਲੀ ਦਲ ਨੂੰ 2017 ਵਿਚ ਵੋਟਾਂ ਪਾਉਣ ਦੀ ਗੱਲ ਖ਼ੁਦ ਕਬੂਲੇ ਜਾਣ ਬਾਅਦ ਕੋਈ ਭਰਤ ਭੁਲੇਖਾ ਨਹੀਂ ਬਚਿਆ।

ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੁਣ ਖ਼ੁਦ ਹੀ ਨੋਟਿਸ ਲੈ ਕੇ ਸੌਦਾ ਸਾਧ ਨਾਲ ਵੋਟਾਂ ਦੀ ਰਾਜਨੀਤੀ ਲਈ ਸਾਂਝ ਰੱਖਣ ਕਾਰਨ ਬਾਦਲਾਂ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਡੇਰਾ ਪੈਰੋਕਾਰਾਂ ਨੇ ਸੁਖਬੀਰ ਬਾਦਲ ਤੇ ਹੋਰ ਅਕਾਲੀਆਂ ਦਾ ਪੰਥ ਵਿਰੋਧੀ ਚੇਹਰਾ ਖ਼ੁਦ ਹੀ ਪੂਰੀ ਤਰ੍ਹਾਂ ਬੇਨਕਾਬ ਕਰ ਦਿਤਾ ਹੈ।

ਡੇਰਾ ਪ੍ਰੇਮੀਆਂ ਵਲੋਂ ਕਹਿਣਾ ਕਿ ਬਾਦਲਾਂ ਨੂੰ ਵੋਟਾਂ ਪਾਉਣ ਕਾਰਨ ਹੀ ਅੱਜ ਉਹ ਕਾਂਗਰਸ ਰਾਜ ਵਿਚ ਜਾਂਚਾਂ ਦਾ ਸਾਹਮਣਾ ਕਰ ਰਹੇ ਹਨ, ਨਾਲ ਬਿੱਲੀ ਪੂਰੀ ਤਰ੍ਹਾਂ ਥੈਲਿਉਂ ਬਾਹਰ ਆ ਗਈ ਹੈ। ਡੇਰਾ ਪ੍ਰੇਮੀਆਂ ਨੇ ਪਹਿਲੀ ਵਾਰ ਕਬੂਲ ਕੀਤਾ ਹੈ ਕਿ ਉਨ੍ਹਾਂ 2017 ਵਿਚ ਬਾਦਲ ਦਲ ਨੂੰ ਵੋਟਾਂ ਪਾਈਆਂ ਸਨ ਜਦਕਿ ਇਸ ਤੋਂ ਪਹਿਲਾਂ ਉਹ ਕਦੇ ਨਹੀਂ ਸਨ ਮੰਨਦੇ ਅਤੇ ਡੇਰੇ ਦੀ ਰਾਜਨੀਤਕ ਕਮੇਟੀ ਦੇ ਫ਼ੈਸਲੇ ਦਸ ਕੇ ਨਾਂਹ ਕਰ ਦਿੰਦੇ ਸਨ।

ਉਨ੍ਹਾਂ ਕਿਹਾ ਕਿ ਇਸ ਨਾਲ ਸੁਖਬੀਰ ਬਾਦਲ ਦੀ 'ਇਕ ਦਿਉ ਤੇ ਦੂਜੇ ਹੱਥ ਲਉ' ਅਤੇ 'ਤੁਸੀਂ ਮੈਨੂੰ ਵੋਟ ਦਿਉ ਮੈਂ ਤੁਹਾਨੂੰ ਮਾਫ਼ੀ ਦਿਆਂਗਾ' ਦੀ ਨੀਤੀ ਦਾ ਵੀ ਪਰਦਾਫ਼ਾਸ਼ ਹੋ ਗਿਆ ਹੈ। ਵੋਟਾਂ ਲੈ ਕੇ ਸੌਦਾ ਸਾਧ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਈ ਸੀ। ਇਸ ਤਰ੍ਹਾਂ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਹੋਣ ਕਾਰਨ ਪੰਥ ਦੇ ਦੋਸ਼ੀ ਵਜੋਂ ਵੀ ਡੇਰਾ ਪੈਰੋਕਾਰਾਂ ਦੇ ਪ੍ਰਗਟਾਵਿਆਂ ਬਾਅਦ ਬੇਨਕਾਬ ਹੋ ਗਏ ਹਨ।

ਜਾਖੜ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਬੇਅਦਬੀ ਅਤੇ ਗੋਲੀ ਕਾਂਡ ਦੇ ਜ਼ਖ਼ਮ ਅਜਿਹੇ ਹਨ ਜੋ 100 ਸਾਲ ਤਕ ਵੀ ਨਹੀਂ ਭਰਨ ਵਾਲੇ ਪਰ ਕਾਨੂੰਨ ਅਪਣੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਤੇ ਮੁੱਖ ਦੋਸ਼ੀ ਜ਼ਰੂਰ ਸਲਾਖਾਂ ਪਿੱਛੇ ਹੋਣਗੇ। ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਡੇਰੇ ਦੇ ਪੈਰੋਕਾਰਾਂ ਨੇ ਤਾਂ ਹੁਣ ਇਸ ਗੱਲ ਦਾ ਵੀ ਪ੍ਰਗਟਾਵਾ ਕਰ ਦਿਤਾ ਹੈ ਕਿ ਸੌਦਾ ਸਾਧ ਵਲੋਂ ਜਾਮ-ਏ-ਇੰਸਾ ਦੇ ਨਾਂ ਹੇਠ ਅੰਮ੍ਰਿਤਪਾਨ ਕਰਵਾਉਣ ਸਮੇਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾਈ ਸੀ ਉਹ ਸੁਖਬੀਰ ਬਾਦਲ ਨੇ ਹੀ ਭੇਜੀ ਸੀ।

ਉਨ੍ਹਾਂ ਕਿਹਾ ਕਿ ਅਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਸੁਖਬੀਰ ਬਾਦਲ ਲਈ ਇਹ ਬਹੁਤ ਲਾਹਨਤ ਭਰੀ ਗੱਲ ਹੈ। ਉਨ੍ਹਾਂ ਕਿਹਾ ਕਿ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਵੀ ਅਸਲੀ ਪਰਖ ਦੀ ਘੜੀ ਹੈ ਅਤੇ ਡੇਰਾ ਪੈਰੋਕਾਰਾਂ ਦੇ ਕਬੂਲਨਾਮਿਆਂ ਬਾਅਦ ਖ਼ੁਦ ਉਨ੍ਹਾਂ ਨੂੰ ਨੋਟਿਸ ਲੈ ਕੇ ਸੁਖਬੀਰ ਤੇ ਡੇਰੇ ਤੋਂ ਵੋਟਾਂ ਲੈਣ ਵਾਲੇ ਹੋਰ ਵੱਡੇ ਅਕਾਲੀ ਨੇਤਾਵਾਂ ਨੂੰ ਪੰਥ ਵਿਰੋਧੀ ਕਾਰਵਾਈਆਂ ਲਈ ਸਿੱਖ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ। ਹੁਣ 'ਜਥੇਦਾਰ' ਲਈ ਹੋਰ ਕਿਸੇ ਸਬੂਤ ਦੀ ਲੋੜ ਨਹੀਂ ਰਹਿ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।