ਕਸ਼ਮੀਰੀ ਬੱਚੀਆਂ ਦੇ ਹੱਕ 'ਚ ਸਿੱਖਾਂ ਤੋਂ ਬਿਨਾਂ ਨਹੀਂ ਨਿੱਤਰਿਆ ਕੋਈ 'ਮਾਈ ਦਾ ਲਾਲ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਨੇ ਮਹਿਜ਼ ਕਸ਼ਮੀਰੀ ਬੱਚੀਆਂ ਦਾ ਸਾਥ ਹੀ ਨਹੀਂ ਦਿੱਤਾ ਬਲਕਿ ਕਸ਼ਮੀਰੀ ਬੱਚੀਆਂ 'ਤੇ ਗ਼ਲਤ ਕੁਮੈਂਟਬਾਜ਼ੀ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਵੀ ਕੀਤੀ।

Sikhs

ਚੰਡੀਗੜ੍ਹ: ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾ।। 550 ਸਾਲ ਪਹਿਲਾਂ ਬਾਬੇ ਨਾਨਕ ਵੱਲੋਂ ਉਚਾਰੇ ਇਨ੍ਹਾਂ ਮੁਬਾਰਕ ਸ਼ਬਦਾਂ 'ਤੇ ਅੱਜ ਵੀ ਪੂਰੀ ਸਿੱਖ ਕੌਮ ਡਟ ਕੇ ਪਹਿਰਾ ਦੇ ਰਹੀ ਹੈ। ਮੌਜੂਦਾ ਸਮੇਂ ਸਿੱਖਾਂ ਨੇ ਜੋ ਕਸ਼ਮੀਰੀ ਬੱਚੀਆਂ ਦੇ ਹੱਕ ਵਿਚ ਡਟ ਕੇ ਆਵਾਜ਼ ਬੁਲੰਦ ਕੀਤੀ ਹੈ, ਉਸ ਨਾਲ ਜਿੱਥੇ ਮੁਸੀਬਤ ਦੀ ਘੜੀ ਨਾਲ ਜੂਝ ਰਹੇ ਕਸ਼ਮੀਰੀ ਮਾਪਿਆਂ ਨੂੰ ਸੁੱਖ ਦਾ ਸਾਹ ਮਿਲਿਆ ਹੈ, ਉਥੇ ਹੀ ਸਿੱਖਾਂ ਦੇ ਇਸ ਕੰਮ ਦੀ ਵਿਸ਼ਵ ਭਰ ਵਿਚ ਪ੍ਰਸ਼ੰਸਾ ਹੋ ਰਹੀ ਹੈ।

ਖ਼ਾਸ ਗੱਲ ਇਹ ਵੀ ਹੈ ਕਿ ਸਿੱਖਾਂ ਨੇ ਮਹਿਜ਼ ਕਸ਼ਮੀਰੀ ਬੱਚੀਆਂ ਦਾ ਸਾਥ ਹੀ ਨਹੀਂ ਦਿੱਤਾ ਬਲਕਿ ਕਸ਼ਮੀਰੀ ਬੱਚੀਆਂ 'ਤੇ ਗ਼ਲਤ ਕੁਮੈਂਟਬਾਜ਼ੀ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਵੀ ਕੀਤੀ। ਜਿੱਥੇ ਸਿੱਖਾਂ ਦੀ ਸੁਪਰੀਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਿਆਨ ਦੇ ਕੇ ਸਮੂਹ ਸਿੱਖਾਂ ਨੂੰ ਕਸ਼ਮੀਰੀ ਬੱਚੀਆਂ ਦੇ ਹੱਕ ਵਿਚ ਡਟਣ ਦੀ ਅਪੀਲ ਕੀਤੀ ਗਈ ਉਥੇ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਸ਼ਮੀਰੀ ਬੱਚੀਆਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ ਗਿਆ ਹੈ।

ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਆਗੂਆਂ ਵੱਲੋਂ ਕਸ਼ਮੀਰੀ ਬੱਚੀਆਂ ਦੇ ਹੱਕ ਵਿਚ ਬਿਆਨ ਦਿੱਤੇ ਗਏ। ਦਿੱਲੀ ਦੇ ਇਕ ਸਿੱਖ ਵੱਲੋਂ ਮਹਾਰਾਸ਼ਟਰ ਵਿਚੋਂ 34 ਕਸ਼ਮੀਰੀ ਬੱਚੀਆਂ ਨੂੰ ਖ਼ੁਦ ਇਕੱਠੇ ਕੀਤੇ ਪੈਸਿਆਂ ਵਿਚੋਂ ਖ਼ਰਚਾ ਕਰਕੇ ਸੁਰੱਖਿਅਤ ਉਨ੍ਹਾਂ ਦੇ ਘਰ ਤਕ ਪਹੁੰਚਾਇਆ ਗਿਆ। ਉਂਝ ਇਹ ਪਹਿਲਾ ਮੌਕਾ ਨਹੀਂ ਜਦੋਂ ਸਿੱਖਾਂ ਨੇ ਕਸ਼ਮੀਰੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੋਵੇ।

ਇਸ ਤੋਂ ਪਹਿਲਾਂ ਪੁਲਵਾਮਾ ਹਮਲੇ ਮਗਰੋਂ ਜਦੋਂ ਦੇਸ਼ ਭਰ ਵਿਚ ਕਸ਼ਮੀਰੀ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਸਨ, ਉਦੋਂ ਵੀ ਸਿੱਖਾਂ ਨੇ ਡਟ ਕੇ ਕਸ਼ਮੀਰੀਆਂ ਬੱਚਿਆਂ ਦਾ ਸਾਥ ਦਿੱਤਾ ਸੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ ਸੀ। ਇਸ ਕੰਮ ਵਿਚ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ 'ਖ਼ਾਲਸਾ ਏਡ' ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜਿਸ ਦੇ ਨਤੀਜੇ ਵਜੋਂ ਕਸ਼ਮੀਰੀਆਂ ਦੇ ਦਿਲਾਂ ਵਿਚ ਵੀ ਸਿੱਖ ਕੌਮ ਲਈ ਅਥਾਹ ਪਿਆਰ ਵੇਖਣ ਨੂੰ ਮਿਲਿਆ।

ਜਦੋਂ ਤੋਂ ਸਿੱਖਾਂ ਨੇ ਖੁੱਲ੍ਹ ਕੇ ਕਸ਼ਮੀਰੀ ਬੱਚੀਆਂ ਦੇ ਹੱਕ ਵਿਚ ਡਟਣ ਦਾ ਐਲਾਨ ਕੀਤਾ ਉਦੋਂ ਤੋਂ ਸ਼ਰਾਰਤੀ ਅਨਸਰਾਂ ਦੀ ਗ਼ਲਤ ਕੁਮੈਂਟਬਾਜ਼ੀ ਵੀ ਬੰਦ ਹੋ ਗਈ ਹੈ। ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇਕ ਵਾਰ ਤਾਂ ਕਸ਼ਮੀਰੀ ਕੁੜੀਆਂ ਵਿਰੁੱਧ ਗ਼ਲਤ ਕੁਮੈਂਟਬਾਜ਼ੀ ਦਾ ਭੂਚਾਲ ਜਿਹਾ ਆ ਗਿਆ ਸੀ, ਜਿਸ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਪੜ੍ਹਨ ਲਈ ਆਈਆਂ ਕਸ਼ਮੀਰੀ ਬੱਚੀਆਂ ਦੇ ਦਿਲਾਂ ਵਿਚ ਖ਼ੌਫ਼ ਦਾ ਮਾਹੌਲ ਪੈਦਾ ਹੋ ਗਿਆ ਸੀ। ਕਸ਼ਮੀਰ ਵਿਚ ਉਨ੍ਹਾਂ ਦੇ ਮਾਪੇ ਵੀ ਭਾਰੀ ਪਰੇਸ਼ਾਨੀ ਦੇ ਆਲਮ ਵਿਚ ਸਨ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗ਼ਲਤ ਕੁਮੈਂਟਬਾਜ਼ੀ ਕਰਨ ਵਾਲਿਆਂ ਵਿਚ ਸੱਤਾਧਾਰੀ ਪਾਰਟੀ ਭਾਜਪਾ ਦੇ ਕੁੱਝ ਨੇਤਾ ਵੀ ਸ਼ਾਮਲ ਸਨ ਪਰ ਅਫ਼ਸੋਸ ਕਿ ਪੀਐਮ ਸਮੇਤ ਭਾਜਪਾ ਦੇ ਹੋਰ ਕਿਸੇ ਵੱਡੇ ਨੇਤਾ ਨੇ ਇਨ੍ਹਾਂ ਘਟਨਾਵਾਂ ਦੇ ਚਲਦਿਆਂ ਕਸ਼ਮੀਰੀ ਬੱਚੀਆਂ ਨੂੰ ਸੁਰੱਖਿਆ ਦਾ ਭਰੋਸਾ ਤਕ ਨਹੀਂ ਦਿੱਤਾ ਪਰ ਮਸੀਹਾ ਬਣ ਕੇ ਆਏ ਸਿੱਖਾਂ ਨੇ ਜਿੱਥੇ ਇਨ੍ਹਾਂ ਬੱਚੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਉਥੇ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤਕ ਵੀ ਪਹੁੰਚਾਇਆ ਹੁਣ ਸਿੱਖਾਂ ਦੇ ਇਸ ਕਾਰਜ ਦੀ ਵਿਸ਼ਵ ਭਰ ਵਿਚ ਸ਼ਲਾਘਾ ਹੋ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।