ਕਸ਼ਮੀਰੀ ਲੜਕੀਆਂ ਬਾਰੇ ਖੱਟੜ ਦਾ ਬਿਆਨ ਨਿਖੇਧੀਯੋਗ, ਜਨਤਕ ਮਾਫ਼ੀ ਮੰਗੇ : ਦਮਦਮੀ ਟਕਸਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੌਜੂਦਾ ਹਾਲਾਤ ਤੇ ਦੁੱਖ ਦੀ ਘੜੀ 'ਚ ਅਸੀ ਕਸ਼ਮੀਰੀਆਂ ਨਾਲ ਖੜੇ ਹਾਂ

Harnam Singh Khalsa and others

ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਸ਼ਮੀਰੀ ਲੜਕੀਆਂ/ਬੀਬੀਆਂ ਬਾਰੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਦਿਤੇ ਗਏ ਵਿਵਾਦਤ ਬਿਆਨ ਅਤੇ ਭੱਦੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਉਸ ਨੂੰ ਜਨਤਕ ਮਾਫ਼ੀ ਮੰਗਣ ਲਈ ਕਿਹਾ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਕਸ਼ਮੀਰ ਸਬੰਧੀ ਧਾਰਾ 370 ਦੇ ਰੱਦ ਕੀਤੇ ਜਾਣ ਤੋਂ ਬਾਅਦ ਮੌਜੂਦਾ ਸੰਵੇਦਨਸ਼ੀਲ ਹਾਲਾਤ ਦੇ ਸਨਮੁਖ ਕਸ਼ਮੀਰੀ ਲੜਕੀਆਂ/ਬਹੂ ਬੇਟੀਆਂ ਸਬੰਧੀ ਕਿਸੇ ਵੀ ਸੰਸਥਾ ਦੇ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਵਿਅਕਤੀ ਦੀ ਗ਼ੈਰ ਸੰਜੀਦਗੀ, ਅਪਮਾਨਜਨਕ ਟਿਪਣੀ ਅਤੇ ਕਸ਼ਮੀਰੀਆਂ ਨਾਲ ਕਿਸੇ ਪ੍ਰਕਾਰ ਦਾ ਵੀ ਬੁਰਾ ਸਲੂਕ ਉਨ੍ਹਾਂ 'ਚ ਕੁੜਤਣ ਵਿਚ ਵਾਧਾ ਕਰੇਗਾ।

ਅਵਾਮ ਦੇ ਸਵੈਮਾਣ ਅਤੇ ਸਮਾਜੀ ਰੁਤਬਾ ਦਾ ਆਦਰ ਕਰਨਾ ਸੱਭ ਦਾ ਫ਼ਰਜ਼ ਹੈ। ਖੱਟੜ ਦਾ ਕਸ਼ਮੀਰੀ ਲੜਕੀਆਂ ਪ੍ਰਤੀ ਗ਼ੈਰ ਜ਼ਿੰਮੇਵਾਰਾਨਾ ਰਵਈਆ ਅਤਿ ਨਿੰਦਣਯੋਗ ਹੈ ਅਤੇ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ ਜਿਸ ਪ੍ਰਤੀ ਆਮ ਲੋਕਾਂ ਨੇ ਵੀ ਬੁਰਾ ਮਨਾਇਆ ਹੈ। ਉਨ੍ਹਾਂ ਕਸ਼ਮੀਰ ਅਤੇ ਕਸ਼ਮੀਰੀਆਂ ਲਈ ਆਦਰਯੋਗ ਸਿਆਸੀ ਹੱਲ ਦੀ ਕਾਮਨਾ ਕੀਤੀ ਅਤੇ ਉਥੇ ਵਾਪਰ ਰਹੀਆਂ ਹਿਰਦੇਵੇਦਕ ਘਟਨਾਵਾਂ 'ਤੇ ਦੁੱਖ ਦਾ ਪ੍ਰਗਟ ਕਰਦਿਆਂ ਕਿਹਾ ਕਿ ਹਰ ਦੁੱਖ ਤੇ ਔਖੀ ਘੜੀ 'ਚ ਅਸੀਂ ਕਸ਼ਮੀਰੀਆਂ ਨਾਲ ਖੜੇ ਹਾਂ। 

ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਦਿੱਲੀ ਦੇ ਤੁਗਲਕਾਬਾਦ 'ਚ ਭਗਤ ਰਵੀਦਾਸ ਮੰਦਰ ਨੂੰ ਜਬਰੀ ਢਾਹੇ ਜਾਣ 'ਤੇ ਨਾਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਉਕਤ ਧਾਰਮਕ ਅਸਥਾਨ ਨੂੰ ਡੇਗਿਆ ਗਿਆ ਉਸ ਨਾਲ ਸਬੰਧਤ ਲੋਕਾਂ ਦੇ ਧਾਰਮਕ ਆਸਥਾ ਨੂੰ ਗਹਿਰੀ ਸੱਟ ਵੱਜੀ ਹੈ।