ਜਾਣੋਂ ਸਕੂਲ ਦੀ ਖ਼ਾਸੀਅਤ, ਕਿਵੇਂ ਹੋਏ 35 ਤੋਂ 900 ਵਿਦਿਆਰਥੀ ?

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਢੱਡੇ ਫਤਿਹ ਸਿੰਘ ਦਾ ਪਹਿਲਾ ਸਮਾਰਟ ਸਕੂਲ ਬਣਿਆ ਸੀ.ਸੈ.ਸਕੂਲ

School of Fatehgarh Sahib

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਢੱਡੇ ਫਤਿਹ ਸਿੰਘ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 5ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੀ ਆਪਣੀ ਸਰਕਾਰ ਹੈ। ਇੰਨਾ ਹੀ ਨਹੀਂ ਸਕੂਲ 'ਚ ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀ ਤੱਕ ਸਭ ਬੱਚੇ ਹੀ ਹਨ। ਜਿੱਥੇ ਸਿਹਤ ਮੰਤਰੀ ਸਕੂਲ ਦੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦਾ ਹੈ ਤਾਂ ਉਥੇ ਹੀ ਵਾਟਰ ਸਪਲਾਈ ਮੰਤਰੀ ਦਾ ਕੰਮ ਹੈ ਬੱਚਿਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ ਜੋ ਇਹ ਦੇਖਦਾ ਹੈ ਕਿ ਟੈਂਕੀਆਂ ਸਮੇਂ 'ਤੇ ਸਾਫ ਹੁੰਦੀਆਂ ਹਨ ਜਾਂ ਨਹੀਂ।

ਦੱਸਣਯੋਗ ਹੈ ਕਿ ਸ਼ੁਕਰਵਾਰ ਨੂੰ ਸਕੂਲ 'ਚ ਲੋਕਤੰਤਰ ਤਰੀਕੇ ਨਾਲ ਸੰਸਦੀ ਚੋਣਾਂ ਹੋਈਆਂ ਹਨ। ਚੁਣੇ ਗਏ ਸੰਸਦੀ ਮੈਂਬਰਾਂ ਨੇ 12ਵੀਂ ਦੇ ਵਿਦਿਆਰਥੀ ਬਲਵਿੰਦਰ ਸਿੰਘ ਨੂੰ ਪੀ. ਐੱਮ. ਚੁਣਿਆ ਹੈ। ਪੀ. ਐੱਮ. ਨੇ ਐੱਮ. ਪੀਜ਼ ਨੂੰ ਮੰਤਰੀ ਦੇ ਅਹੁਦੇ ਵੀ ਵੰਡ ਦਿੱਤੇ ਹਨ। ਕਾਬਲੇਗੋਰ ਹੈ ਕਿ ਸਾਰੇ ਵਿਦਿਆਰਥੀ ਕੈਬਨਿਟ ਪ੍ਰਿੰਸੀਪਲ ਅਧਿਆਪਕਾਂ ਦੀ ਸਲਾਹ ਨਾਲ ਸਕੂਲ ਦਾ ਪ੍ਰਬੰਧ ਬਹੁਤ ਹੀ ਵਧੀਆ ਢੰਗ ਨਾਲ ਚਲਾਉਂਦੇ ਹਨ।

ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਸ਼ਲਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਡੇਢ ਸਾਲ ਪਹਿਲਾ ਸਕੂਲ ਵਿਚ ਨੌਕਰੀ ਸ਼ੁਰੂ ਕੀਤੀ ਸੀ। ਉਸ ਸਮੇਂ ਸਕੂਲ ਦੀ ਹਾਲਤ ਬਹੁਤ ਖ਼ਰਾਬ ਸੀ ’ਤੇ ਬੱਚੇ ਵੀ 35 ਹੀ ਸਨ। ਉਹਨਾਂ ਕਿਹਾ ਕਿ ਸਕੂਲ ਦੀ ਨੁਹਾਰ ਬਦਲਣ ਤੋਂ ਬਾਅਦ 900 ਵਿਦਿਆਰਥੀਆਂ ਸਕੂਲ ਵਿਚ ਪੜ੍ਹਾਈ ਕਰ ਰਹੇ ਹਨ। ਪ੍ਰਿੰਸੀਪਲ ਸ਼ਲਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਅਤੇ ਐੱਨ. ਆਰ. ਆਈਜ਼ ਦੀ ਮਦਦ ਨਾਲ ਇਸ ਸਕੂਲ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ।

14  ਅਗਸਤ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਇਸ ਸਕੂਲ ਨੂੰ ਹੁਸ਼ਿਆਰਪੁਰ ਜ਼ਿਲੇ ਦਾ ਸਮਾਰਟ ਸਕੂਲ ਐਲਾਨਿਆ ਹੈ। ਦੱਸ ਦੇਈਏ ਕਿ ਸਕੂਲ ਵਿਚ ਪਲਾਸਟਿਕ ਦੀ ਵਰਤੋਂ ਬਿਲਕੁੱਲ ਵੀ ਨਹੀਂ ਕੀਤੀ ਜਾਂਦੀ। ਸਕੂਲ 'ਚ 6 ਬੱਸਾਂ ਵੀ ਲਗਾਈਆਂ ਗਈਆਂ ਹਨ, ਜੋ ਕਰੀਬ 35 ਪਿੰਡਾਂ ਦੇ ਬੱਚਿਆਂ ਨੂੰ ਸਕੂਲ ਲੈ ਕੇ 'ਤੇ ਘਰ ਵੀ ਪਹੁੰਚਾਉਂਦੀਆਂ ਹਨ। ਦੱਸਣਯੋਗ ਹੈ ਕਿ ਗਰੀਬ ਬੱਚਿਆਂ ਕੋਲੋਂ ਬੱਸ ਦੀ ਫ਼ੀਸ ਨਹੀਂ ਲਈ ਜਾਂਦੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।