ਪੱਤਰਕਾਰ ਨੇ ਖਿੱਚੀ ਸਕੂਲ 'ਚ ਪੋਚਾ ਲਗਾਉਂਦੇ ਬੱਚਿਆਂ ਦੀ ਤਸਵੀਰ, ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹਾ ਮੈਜਿਸਟ੍ਰੇਟ ਨੇ ਪੱਤਰਕਾਰ ਦੀ ਗ੍ਰਿਫ਼ਤਾਰੀ ਦੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ

Journalist arrested after taking pictures of kids mopping school floor

ਆਜ਼ਮਗੜ੍ਹ : ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ 'ਚ ਇਕ ਪੱਤਰਕਾਰ ਨੂੰ ਸਿਰਫ਼ ਇਸ ਲਈ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਉਸ ਨੇ ਸਰਕਾਰੀ ਸਕੂਲ ਦੇ ਫ਼ਰਸ਼ 'ਤੇ ਪੋਚਾ ਲਗਾਉਂਦੇ ਬੱਚਿਆਂ ਦੀਆਂ ਤਸਵੀਰਾਂ ਖਿੱਚੀਆਂ ਸਨ। ਮਾਮਲੇ ਦੇ ਗਰਮਾਉਣ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਨੇ ਪੱਤਰਕਾਰ ਦੀ ਗ੍ਰਿਫ਼ਤਾਰੀ ਦੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ।

ਪੱਤਰਕਾਰ ਨੂੰ ਜ਼ਬਰੀ ਵਸੂਲੀ ਦੇ ਝੂਠੇ ਦੋਸ਼ਾਂ ਅਤੇ ਸਰਕਾਰੀ ਮੁਲਾਜ਼ਮਾਂ ਦੇ ਕੰਮ 'ਚ ਅੜਿੱਕਾ ਪਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੱਤਰਕਾਰ ਸੁਧੀਰ ਸਿੰਘ ਨੇ ਸਾਥੀ ਪੱਤਰਕਾਰਾਂ ਨਾਲ ਜ਼ਿਲ੍ਹਾ ਅਧਿਕਾਰੀ ਐਨ.ਪੀ. ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਥਿਤ ਗ਼ੈਰ-ਕਾਨੂੰਨੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ। ਸੁਧੀਰ ਸਿੰਘ ਨੇ ਦੱਸਿਆ ਕਿ ਸਥਾਨਕ ਪੱਤਰਕਾਰ ਸੰਤੋਸ਼ ਜੈਸਵਾਲ ਨੂੰ ਪਿਛਲੇ ਹਫ਼ਤੇ ਸ਼ੁਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਸ ਨੇ ਸਕੂਲ ਵਿਚ ਫ਼ਰਸ਼ 'ਤੇ ਪੋਚਾ ਲਗਾਉਂਦੇ ਕੁਝ ਬੱਚਿਆਂ ਦੀਆਂ ਤਸਵੀਰਾਂ ਖਿੱਚੀਆਂ ਸਨ। ਬਾਅਦ 'ਚ ਜੈਸਵਾਲ ਨੇ ਪੁਲਿਸ ਨੂੰ ਫ਼ੋਨ ਕਰ ਕੇ ਸਕੂਲ 'ਚ ਬੱਚਿਆਂ ਤੋਂ ਪੋਚਾ ਲਗਵਾਏ ਜਾਣ ਦੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਮਿਲਣ 'ਤੇ ਪੁਲਿਸ ਟੀਮ ਸਕੂਲ ਪੁੱਜੀ ਸੀ ਅਤੇ ਜੈਸਵਾਲ ਦੇ ਨਾਲ-ਨਾਲ ਉਦਪੁਰ ਪ੍ਰਾਈਮਰੀ ਸਕੂਲ ਦੇ ਪ੍ਰਿੰਸੀਪਲ ਰਾਧੇਸ਼ਿਆਮ ਯਾਦਵ ਨੂੰ ਥਾਣੇ ਲੈ ਗਈ।

ਫੂਲਪੁਰ ਪੁਲਿਸ ਥਾਣੇ 'ਚ ਸਕੂਲ ਦੇ ਪ੍ਰਿੰਸੀਪਲ ਨੇ ਜੈਸਵਾਲ ਵਿਰੁਧ ਸ਼ਿਕਾਇਤ ਦਿੱਤੀ, ਜਿਸ ਦੇ ਆਧਾਰ 'ਤੇ ਪੱਤਰਕਾਰ ਜੈਸਵਾਲ ਵਿਰੁਧ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੱਤਰਕਾਰ ਵਿਰੁਧ 6 ਸਤੰਬਰ 2019 ਨੂੰ ਦਰਜ ਕਰਵਾਈ ਐਫਆਈਆਰ ਨੰਬਰ-237 'ਚ ਸਕੂਲ ਪ੍ਰਿੰਸੀਪਲ ਵੱਲੋਂ ਕਿਹਾ ਗਿਆ ਹੈ ਕਿ ਪੱਤਰਕਾਰ ਜੈਸਵਾਲ ਅਕਸਰ ਸਕੂਲ ਆਉਂਦੇ ਸਨ। ਸਕੂਲ 'ਚ ਉਹ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗ਼ਲਤ ਵਿਵਹਾਰ ਕਰਦੇ ਸਨ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਪੱਤਰਕਾਰ ਜੈਸਵਾਲ ਅਧਿਆਪਕਾਂ ਨੂੰ ਉਨ੍ਹਾਂ ਦੇ ਅਖ਼ਬਾਰ ਦੀ ਮੈਂਬਰਸ਼ਿਪ ਲੈਣ ਦਾ ਦਬਾਅ ਬਣਾਉਂਦੇ ਸਨ। 

ਸਕੂਲ ਪ੍ਰਿੰਸੀਪਲ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਜਿਸ ਦਿਨ ਦੀ ਇਹ ਘਟਨਾ ਹੈ, ਉਸ ਦਿਨ ਜੈਸਵਾਲ ਸਕੂਲ 'ਚ ਆਏ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਫ਼ਰਸ਼ 'ਤੇ ਪੋਚਾ ਲਗਾਉਣ ਲਈ ਕਿਹਾ ਤਾ ਕਿ ਉਹ ਤਸਵੀਰਾਂ ਖਿੱਚ ਸਕਣ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਜੈਸਵਾਲ ਦਾ ਵਿਰੋਧ ਕੀਤਾ ਤਾਂ ਉਹ ਮੌਕੇ 'ਤੋਂ ਚਲੇ ਗਏ। ਸ਼ਿਕਾਇਤ ਮੁਤਾਬਕ ਬਾਅਦ 'ਚ ਜੈਸਵਾਲ ਨੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ।

ਦਿੱਲੀ ਸਥਿਤ ਇਕ ਨਿਊਜ਼ ਏਜੰਸੀ ਲਈ ਬਤੌਰ ਸਟ੍ਰਿੰਗਰ ਕੰਮ ਕਰਨ ਵਾਲੇ ਸੁਧੀਰ ਸਿੰਘ ਨੇ ਪੱਤਰਕਾਰ ਸੰਤੋਸ਼ ਜੈਸਵਾਲ ਵਿਰੁਧ ਲਗਾਏ ਗਏ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਥਾਨਕ ਪੁਲਿਸ ਜੈਸਵਾਲ ਵਿਰੁਧ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ। ਜੈਸਵਾਲ ਨੇ ਪਿਛਲੇ ਮਈ ਮਹੀਨੇ 'ਚ ਫੂਲਪੁਰ ਥਾਣੇ ਦੇ ਐਸਐਚਓ ਸ਼ਿਵਸ਼ੰਕਰ ਸਿੰਘ ਦੀ ਐਸਯੂਵੀ ਦੀ ਤਸਵੀਰ ਟਵਿਟਰ 'ਤੇ ਪੋਸਟ ਕੀਤੀ ਸੀ। ਐਸਐਚਓ ਦੀ ਬਗੈਰ ਨੰਬਰ ਵਾਲੀ ਐਸਯੂਵੀ ਗੱਡੀ ਦੇ ਸਾਰੇ ਸ਼ੀਸਿਆਂ 'ਤੇ ਕਾਫ਼ੀ ਫ਼ਿਲਮ ਚੜ੍ਹੀ ਹੋਈ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਪੀ ਦੇ ਮਿਰਜ਼ਾਪੁਰ 'ਚ ਮਿਡ-ਡੇਅ-ਮੀਲ ਦੌਰਾਨ ਲੂਣ-ਰੋਟੀ ਦੇਣ ਦੀ ਵੀਡੀਓ ਬਣਾਉਣ ਵਾਲੇ ਪੱਤਰਕਾਰ ਵਿਰੁਧ ਮਾਮਦਾ ਦਰਜ ਕਰਵਾਇਆ ਗਿਆ ਸੀ।