ਆਰਡੀਨੈਂਸਾਂ ਦੇ ਮੁੱਦੇ 'ਤੇ ਬੁਰੇ ਫਸੇ ਕੈਪਟਨ, ਕੇਂਦਰੀ ਮੰਤਰੀ ਦਾ ਦਾਅਵਾ, CM ਭਰ ਚੁੱਕੇ ਨੇ ਹਾਮੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਖਿਲਾਫ਼ ਖੋਲਿਆ ਮੋਰਚਾ, ਮੁੱਖ ਮੰਤਰੀ ਵਲੋਂ ਦਾਅਵੇ ਦਾ ਖੰਡਨ

Capt Amrinder Singh and Sukhbir Singh Badal

ਚੰਡੀਗੜ੍ਹ : ਖੇਤੀ ਆਰਡੀਨੈਂਸ 'ਤੇ ਸ਼ੁਰੂ ਹੋਏ ਸਿਆਸੀ ਤੂਫ਼ਾਨ ਨੇ ਸੁਖਬੀਰ ਬਾਦਲ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਨੂੰ ਵੀ ਲਪੇਟੇ 'ਚ ਲੈਣਾ ਸ਼ੁਰੂ ਕਰ ਦਿਤਾ ਹੈ। ਤਾਜ਼ਾ ਘਟਨਾਕ੍ਰਮ ਤਹਿਤ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਹੈ ਕਿ  ਖੇਤੀ ਆਰਡੀਨੈਂਸਾਂ ਨੂੰ ਤਿਆਰ ਕਰਨ ਵੇਲੇ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਰਾਏ ਮੰਗੀ ਗਈ ਸੀ ਜਿਨ੍ਹਾਂ ਦੀ ਹਾਮੀ ਤੋਂ ਬਾਅਦ ਹੀ ਆਰਡੀਨੈਂਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ।

ਉਪਭੋਗਤਾ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਰਾਓ ਸਾਹਿਬ ਦਾਨਵੇ ਦਾ ਕਹਿਣਾ ਹੈ ਕਿ ਬਿੱਲ ਬਾਰੇ ਵਿਚਾਰ-ਵਟਾਂਦਰੇ ਲਈ ਮੁੱਖ ਮੰਤਰੀਆਂ ਦੀ ਹਾਈ ਪਾਵਰ ਕਮੇਟੀ ਬਣਾਈ ਗਈ ਸੀ, ਜਿਸ ਦੀ ਮਨਜ਼ੂਰੀ ਤੋਂ ਬਾਅਦ ਹੀ ਇਹ ਆਰਡੀਨੈਂਸ ਲਾਗੂ ਕੀਤੇ ਗਏ ਸਨ। ਇਸ ਕਮੇਟੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸਨ।

ਕੇਂਦਰੀ ਮੰਤਰੀ ਦੇ ਦਾਅਵੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹ ਦਿਤਾ ਹੈ। ਕੇਂਦਰੀ ਮੰਤਰੀ ਦਾ ਹਾਲੀਆ ਦਾਅਵਾ ਸ਼੍ਰੋਮਣੀ ਅਕਾਲੀ ਦਲ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰੀ ਮੰਤਰੀ ਦੇ ਦਾਅਵੇ ਵਾਲਾ ਵੀਡੀਓ ਸ਼ੇਅਰ ਕਰਦਿਆਂ ਕੈਪਟਨ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਜਾ ਰਿਹਾ ਹੈ।

ਉਧਰ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਦਾ ਸਿਆਸੀ ਪਾਰਾ ਹੋਰ ਉਪਰ ਚੜ੍ਹ ਗਿਆ ਹੈ। ਕਿਸਾਨਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨੇ ਵੀ ਪਿੜ ਮੱਲ ਲਿਆ ਹੈ। ਇਸ ਵੇਲੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੂੰ ਛੱਡ ਪੰਜਾਬ ਦੀਆਂ ਬਾਕੀ ਸਾਰੀਆਂ ਧਿਰਾਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਡਟ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਜੋ ਪਹਿਲਾਂ ਪੂਰੀ ਤਰ੍ਹਾਂ ਹਾਸ਼ੀਏ 'ਤੇ ਪਹੁੰਚ ਚੁੱਕਾ ਸੀ, ਉਹ ਵੀ ਹੁਣ ਇਸ ਮੁੱਦੇ 'ਤੇ ਕੈਪਟਨ ਨੂੰ ਘੇਰਨ ਦੀ ਰਣਨੀਤੀ ਅਪਨਾ ਚੁੱਕਾ ਹੈ।

ਆਮ ਆਦਮੀ ਪਾਰਟੀ ਵਲੋਂ ਭਾਵੇਂ ਪਹਿਲਾਂ ਤੋਂ ਹੀ ਅਕਾਲੀ ਦਲ ਅਤੇ ਕਾਂਗਰਸ ਵਲੋਂ ਇਸ ਮੁੱਦੇ 'ਤੇ ਅੰਦਰਖ਼ਾਤੇ ਰਲੇ ਹੋਣ ਦੇ ਦੋਸ਼ ਲਾਏ ਜਾ ਰਹੇ ਸਨ। ਪਰ ਹੁਣ ਕੇਂਦਰੀ ਮੰਤਰੀ ਵਲੋਂ ਕੈਪਟਨ ਨੂੰ ਕਟਹਿਰੇ 'ਚ ਖੜ੍ਹਾ ਕਰਨ ਬਾਅਦ ਆਮ ਆਦਮੀ ਪਾਰਟੀ ਹੁਣ ਹੋਰ ਹਮਲਾਵਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸੱਤਾਧਾਰੀ ਧਿਰ ਕਾਂਗਰਸ 'ਤੇ ਨਿਸ਼ਾਨੇ ਸਾਧੇਗੀ।

ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਅਸੀਂ ਕਦੇ ਵੀ ਕੇਂਦਰ ਵਲੋਂ ਤਿਆਰ ਕੀਤੇ ਗਏ ਖੇਤੀ ਅਰਡੀਨੈਂਸ ਦਾ ਸਮਰਥਨ ਨਹੀਂ ਕੀਤਾ। ਉਨ੍ਹਾਂ ਕੇਂਦਰੀ ਮੰਤਰੀ ਦੇ ਇਸ ਦਾਅਵੇ ਖਿਲਾਫ਼ ਰੋਸ ਜਾਹਰ ਕਰਨ ਲਈ ਰਾਜਪਾਲ ਨੂੰ ਮਿਲਣ ਦਾ ਐਲਾਨ ਕੀਤਾ ਹੈ।