ਦੇਸ਼ ਭਗਤ ਯੂਨੀਵਰਸਿਟੀ 'ਚ ਹਾਲਾਤ ਹੋਏ ਬੇਕਾਬੂ, ਵਿਦਿਆਰਥੀਆਂ ਨੇ ਭੰਨੀਆਂ ਪੁਲਿਸ ਦੀਆਂ ਗੱਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚ ਹੰਗਾਮਾ ਕੀਤਾ ਅਤੇ ਕੈਂਪਸ ਵਿਚ ਭੰਨਤੋੜ ਕੀਤੀ

Uproar in Fatehgarh Sahib Desh Bhagat University

 

ਫਤਹਿਗੜ੍ਹ ਸਾਹਿਬ: ਅਮਲੋਹ ਦੀ ਦੇਸ਼ ਭਗਤ ਯੂਨੀਵਰਸਿਟੀ ਵਿਚ ਅੱਜ ਹਾਲਾਤ ਕਾਬੂ ਤੋਂ ਬਾਹਰ ਹੋ ਗਏ। ਦਰਅਸਲ ਇਥੇ ਨਰਸਿੰਗ ਦੀਆਂ ਵਿਦਿਆਰਥਣਾਂ ਅਪਣੀਆਂ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਹਨ। ਵੀਰਵਾਰ ਸਵੇਰੇ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰ ਦਿਤਾ। ਦੁਪਹਿਰ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚ ਹੰਗਾਮਾ ਕੀਤਾ ਅਤੇ ਕੈਂਪਸ ਵਿਚ ਭੰਨਤੋੜ ਕੀਤੀ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਪੁਲਿਸ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ।

 

ਵਿਦਿਆਰਥੀਆਂ ਵਲੋਂ ਪੁਲਿਸ ’ਤੇ ਯੂਨੀਵਰਸਿਟੀ ਦੀ ਹਮਾਇਤ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਸਥਿਤੀ ਨੂੰ ਦੇਖਦੇ ਹੋਏ ਦੋ ਜ਼ਿਲ੍ਹਿਆਂ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੀ ਪੁਲਿਸ ਤਾਇਨਾਤ ਕਰ ਦਿਤੀ ਗਈ। ਦਰਅਸਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਕੱਤਰੇਤ ਦੇ ਬਾਹਰ ਨਰਸਿੰਗ ਦੀਆਂ ਵਿਦਿਆਰਥਣਾਂ ਹੜਤਾਲ 'ਤੇ ਸਨ। ਇਸ ਦੌਰਾਨ ਵਿਦਿਆਰਥੀ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਭੰਨਤੋੜ ਕਰਨੀ ਸ਼ੁਰੂ ਕਰ ਦਿਤੀ। ਪੁਲਿਸ ਨੇ ਲਾਠੀਚਾਰਜ ਸ਼ੁਰੂ ਕਰ ਦਿਤਾ। ਜਵਾਬੀ ਕਾਰਵਾਈ ਵਿਚ ਵਿਦਿਆਰਥੀਆਂ ਨੇ ਪਥਰਾਅ ਕੀਤਾ ਅਤੇ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ।

 

ਯੂਨੀਵਰਸਿਟੀ ਦੇ ਨਰਸਿੰਗ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਨੂੰ ਭਾਰਤੀ ਨਰਸਿੰਗ ਕੌਂਸਲ ਦੀ ਮਾਨਤਾ ਨਹੀਂ ਹੈ। ਸਿਰਫ਼ ਪੰਜਾਬ ਨਰਸਿੰਗ ਕੌਂਸਲ ਕੋਲ ਮਾਨਤਾ ਲਈ 60 ਸੀਟਾਂ ਹਨ ਜਦਕਿ 150 ਤੋਂ ਵੱਧ ਦਾਖਲੇ ਕੀਤੇ ਗਏ ਹਨ। ਹੁਣ ਕੋਰਸ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਡਿਗਰੀਆਂ ਨਹੀਂ ਦਿਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਫਤਿਹਗੜ੍ਹ ਸਾਹਿਬ ਦੇ ਐਸ.ਪੀ. (ਆਈ) ਰਾਕੇਸ਼ ਯਾਦਵ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਸਮਝਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨਾਲ ਗੱਲਬਾਤ ਜਾਰੀ ਹੈ। ਇਸ ਮਸਲੇ ਨੂੰ ਜਲਦੀ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।