ਡਾ.ਐਸ.ਪੀ.ਸਿੰਘ ਓਬਰਾਏ ਖੁਦ ਦੇ ਖਰਚ ‘ਤੇ ਲੋੜਵੰਦ ਸੰਗਤਾਂ ਨੂੰ ਕਰਾਉਣਗੇ ਕਰਤਾਰਪੁਰ ਦੇ ਦਰਸ਼ਨ    

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚੋਂ ਉਜਾਗਰ...

Dr SSP Oberoi

ਚੰਡੀਗੜ੍ਹ: ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚੋਂ ਉਜਾਗਰ ਹੁੰਦੀ ਸੱਚੀ-ਸੁੱਚੀ ਕਿਰਤ ਕਰਨ, ਵੰਡ ਛੱਕਣ ਤੇ ’ਸਰਬੱਤ ਦੇ ਭਲੇ’ ਦੀ ਭਾਵਨਾ ‘ਤੇ ਪਹਿਰਾ ਦੇਣ ਵਾਲੇ ਦੁਬਈ ਦੇ ਨਾਂਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਮਿਸਾਲੀ ਪਹਿਲਕਦਮੀ ਕਰਦਿਆਂ ਗੁਰੂ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਪੜਾਵਾਂ ਤਹਿਤ 550-550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚ 'ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰੇ ਕਰਵਾਏ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਿਸ਼ੇਸ਼ ਸੱਦੇ 'ਤੇ ਉਹ ਖੁਦ ਪਹਿਲੇ ਜੱਥੇ ਨਾਲ ਸ੍ਰੀ ਕਰਤਾਰਪੁਰ ਦੇ ਦਰਸ਼ਨ ਕਰਕੇ ਆਏ ਸਨ। ਇਸ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ 'ਤੇ ਚੱਲ ਰਹੇ ਸੇਵਾ ਕਾਰਜਾਂ ਨੂੰ ਵੇਖਣ ਦੌਰਾਨ ਜਦ ਉਨ੍ਹਾਂ ਦਾ ਕਈ ਵਾਰ ਉੱਥੇ ਜਾਣ ਦਾ ਸਵੱਬ ਬਣਿਆ ਤਾਂ ਉਨ੍ਹਾਂ ਵੇਖਿਆ ਕਿ ਲਾਂਘਾ ਖੁੱਲ੍ਹਣ ਕਾਰਨ ਬਾਬੇ ਨਾਨਕ ਦੇ ਦਰ ਦੇ ਦਰਸ਼ਨ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਅੰਦਰ ਭਾਰੀ ਚਾਅ ਤੇ ਉਤਸ਼ਾਹ ਹੈ ਪਰ ਹੋ ਸਕਦਾ ਹੈ ਕਿ ਇਸ ਯਾਤਰਾ ਦੌਰਾਨ ਆਉਣ ਵਾਲਾ ਖਰਚ ਹਰੇਕ ਸ਼ਰਧਾਲੂ ਦੀ ਜੇਬ ਨਾ ਚੁੱਕ ਸਕੇ।

ਉਨ੍ਹਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਵੱਧ ਤੋਂ ਵੱਧ ਬਾਬੇ ਨਾਨਕ ਦੇ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ। ਜਿਸ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫੈਸਲੇ ਅਨੁਸਾਰ ਪਹਿਲੇ ਪੜਾਅ ਤਹਿਤ 1 ਦਸੰਬਰ 2019 ਤੋਂ ਲੈ ਕੇ 31 ਮਈ 2020 ਤੱਕ 550 ਜਦ ਕਿ ਦੂਜੇ ਪੜਾਅ 'ਚ 1 ਜੂਨ ਤੋਂ ਲੈ ਕੇ 30 ਨਵੰਬਰ ਤੱਕ ਵੀ 550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚੇ 'ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ।