ਕਿਸਾਨੀ ਸੰਘਰਸ਼ ਦਾ ਨਵਾਂ ਸੁਨੇਹਾ, ਕਾਲੀ ਦੀਵਾਲੀ ਦੀ ਥਾਂ ਮਸ਼ਾਲਾਂ ਬਾਲ ਕੇ ਚਾਨਣ ਵੰਡਣ ਦਾ ਅਹਿਦ
12 ਨਵੰਬਰ ਦੀ ਮੀਟਿੰਗ ਦੇ ਫੈਸਲਿਆਂ ਮੁਤਾਬਿਕ ਕਿਸਾਨ ਲੀਡਰਾਂ ਨੇ ਦਿਤਾ ਨਵਾਂ ਸੰਦੇਸ਼
ਚੰਡੀਗੜ੍ਹ : ਕੇਂਦਰ ਨਾਲ ਮੀਟਿੰਗ ਬੇਸਿਟਾ ਰਹਿਣ ਬਾਅਦ ਕਿਸਾਨਾਂ ਦਾ ਸੰਘਰਸ਼ ਹੋਰ ਮੱਘਣ ਲੱਗਾ ਹੈ। ਸੰਘਰਸ਼ ਲੰਮੇਰਾ ਖਿੱਚਣ ਦੀਆਂ ਸੰਭਾਵਨਾਵਾਂ ਨੂੰ ਭਾਂਪਦਿਆ ਕਿਸਾਨ ਜਥੇਬੰਦੀਆਂ ਨੇ ਵੀ ਸੰਘਰਸ਼ ਨੂੰ ਨਵੀਂ ਰੂਪ-ਰੇਖਾ ਦੇਣੀ ਸ਼ੁਰੂ ਕਰ ਦਿਤੀ ਹੈ। ਕਿਸਾਨ ਜਥੇਬੰਦੀਆਂ ਨੇ ਕਾਲੀ ਦੀਵਾਲੀ ਮਨਾਉਣ ਦੇ ਦਿਤੇ ਸੁਨੇਹੇ ਨੂੰ ਬਦਲਦਿਆਂ ਹੁਣ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਮਸ਼ਾਲਾ ਬਾਲ ਕੇ ਲੋਕਾਈ ਤਕ ਚਾਨਣ ਪਹੁੰਚਾਉਣ ਦੇ ਨਾਲ-ਨਾਲ ਸੰਘਰਸ਼ੀ ਮਸ਼ਾਲ ਨੂੰ ਹਰ ਹਾਲ ਮੱਗਾਈ ਰੱਖਣ ਦਾ ਅਹਿਦ ਕੀਤਾ ਹੈ। ਕਿਸਾਨ ਜਥੇਬੰਦੀਆਂ ਮੁਤਾਬਕ ਖੇਤੀ ਕਾਨੂੰਨਾਂ ਖਿਲਾਫ ਉਨ੍ਹਾਂ ਦਾ ਸੰਘਰਸ਼ ਦੀਵਾਲੀ ਵਾਲੇ ਦਿਨ ਵੀ ਜਾਰੀ ਰਹੇਗਾ। ਕਿਸਾਨ ਆਗੂਆਂ ਮੁਤਾਬਕ ਪੰਜਾਬ ਭਰ 'ਚ ਲੱਗੇ ਕਿਸਾਨ-ਮੋਰਚਿਆਂ 'ਤੇ ਕਿਸਾਨ ਮਸ਼ਾਲਾਂ ਬਾਲ ਕੇ, ਪਿੰਡਾਂ 'ਚ ਮਸ਼ਾਲ-ਮਾਰਚ ਕਰਦਿਆਂ ਲੋਕਾਈ ਨੂੰ ਚਾਨਣ ਵੰਡਣਗੇ।
ਇਸ ਦੌਰਾਨ ਉਹ ਸੰਦੇਸ਼ ਦੇਣਗੇ ਕਿ ਕਿਸਾਨੀ ਸਮੇਤ ਸਮੁੱਚੇ ਵਰਗਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇ ਅਤੇ ਜਥੇਬੰਦਕ ਸੰਘਰਸ਼ਾਂ 'ਤੇ ਟੇਕ ਰੱਖੀ ਜਾਵੇ। 12 ਨਵੰਬਰ ਦੀ ਮੀਟਿੰਗ ਦੇ ਫੈਸਲਿਆਂ ਮੁਤਾਬਿਕ ਕਿਸਾਨ ਲੀਡਰਾਂ ਨੇ ਸਪੱਸ਼ਟ ਕੀਤਾ ਹੈ ਕਿ ਕਾਲ਼ੀ-ਦੀਵਾਲੀ ਦਾ ਨਹੀਂ, ਸਗੋਂ ਮਸ਼ਾਲਾਂ ਬਾਲ਼ ਕੇ ਚਾਨਣ ਵੰਡਣ ਦਾ ਸੰਦੇਸ਼ ਦਿਤਾ ਗਿਆ ਹੈ।
ਕਾਬਲੇਗੌਰ ਹੈ ਕਿ ਪੰਜਾਬ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਕੇਂਦਰ ਸਰਕਾਰ ਅਜੇ ਤਕ ਅਵੇਸਲੇਪਣ ਦਾ ਇਜਹਾਰ ਕਰ ਰਹੀ ਹੈ। ਬੀਤੇ ਕੱਲ੍ਹ ਦੀ ਮੀਟਿੰਗ ਦੌਰਾਨ ਵੀ ਕੇਂਦਰੀ ਅਧਿਕਾਰੀਆਂ ਰਾਹੀਂ ਬਾਹਰ ਆਈਆਂ ਕਨਸੋਆਂ ਮੁਤਾਬਕ ਕੇਂਦਰ ਸਰਕਾਰ ਹਾਲ ਦੀ ਘੜੀ ਕਿਸਾਨੀ ਸੰਘਰਸ਼ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਕੇਂਦਰ ਇਸ ਨੂੰ ਕੇਵਲ ਪੰਜਾਬ ਤਕ ਸੀਮਤ ਸਮੱਸਿਆ ਵਜੋਂ ਵੇਖ ਰਹੀ ਹੈ ਜਦਕਿ ਪੰਜਾਬ ‘ਚ ਉਠਦੀਆਂ ਰਹੀਆਂ ਸੰਘਰਸ਼ੀ ਲਹਿਰਾਂ ਦਿੱਲੀ ਦੇ ਤਖ਼ਤਾਂ ਦੇ ਪਾਵੇ ਹਿਲਾਉਣ ਦਾ ਦਮ ਰਖਦੀਆਂ ਹਨ, ਜਿਸ ਦੀਆਂ ਉਦਾਹਰਨਾਂ ਇਤਿਹਾਸ ‘ਚ ਦਰਜ ਹਨ।
ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕਿਸਾਨਾਂ ਨੂੰ ਮਾਲਕੀ ਦੇ ਹੱਕਾਂ ਦੀ ਸ਼ੁਰੂਆਤ ਕਰਨ ਤੋਂ ਇਲਾਵਾ 1907 ‘ਚ ਸ਼ੁਰੂ ਹੋਈ ਪੱਗੜੀ ਸੰਭਾਲ ਜੱਟਾਂ ਵਰਗੇ ਸੰਘਰਸ਼ੀ ਘੋਲਾਂ ਤੋਂ ਇਲਾਵਾ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਰ ਅਨੇਕਾਂ ਘਟਨਾਵਾਂ ਹਨ ਜਿਨ੍ਹਾਂ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ। ਇਹ ਅਜਿਹੀਆਂ ਸੰਘਰਸ਼ੀ ਲਹਿਰਾਂ ਸਨ ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਨੱਕ ‘ਚ ਦਮ ਕਰ ਦਿਤਾ ਸੀ।
ਪੰਜਾਬ ਅੰਦਰ ਸੰਘਰਸ਼ੀ ਮਿਸ਼ਾਲ ਦੇ ਮੱਗਣ ਦਾ ਮਤਲਬ ਮਹਿਜ ਖੇਤਰੀ ਰੌਲਾ ਨਹੀਂ ਬਲਕਿ ਇਸ ਦੇ ਦੇਸ਼-ਵਿਆਪੀ ਹੋਣ ਦੇ ਕਾਰਨ ਦੇ ਹਾਲਾਤ ਪਹਿਲਾਂ ਹੋਏ ਸੰਘਰਸ਼ਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ। ਕੇਂਦਰ ਸਰਕਾਰ ਇਸ ਨੂੰ ਅਹਿਮੀਅਤ ਨਾ ਦੇ ਕੇ ਖੁਦ ਲਈ ਮੁਸੀਬਤਾਂ ਸਹੇੜਣ ਦੇ ਰਾਹ ਪਈ ਹੋਈ ਹੈ, ਜਿਸ ਨੂੰ ਸਮਾਂ ਰਹਿੰਦੇ ਮਸਲੇ ਦੇ ਹੱਲ ਲਈ ਸੰਜੀਦਾ ਹੋ ਜਾਣਾ ਚਾਹੀਦਾ ਹੈ, ਇਸੇ ‘ਚ ਹੀ ਸਭ ਦੀ ਭਲਾਈ ਹੈ।