ਸੁਖਬੀਰ ਬਾਦਲ ਸਰਬਸੰਮਤੀ ਨਾਲ ਤੀਜੀ ਵਾਰ ਅਕਾਲੀ ਦਲ ਦੇ ਪ੍ਰਧਾਨ ਬਣੇ
ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਇਕ ਵਾਰ ਫਿਰ ਤੋਂ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਹਨ।
ਅੰਮ੍ਰਿਤਸਰ: ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਇਕ ਵਾਰ ਫਿਰ ਤੋਂ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਹਨ। ਅੱਜ ਅੰਮ੍ਰਿਤਸਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੁਲਾਏ ਗਏ ਅਕਾਲੀ ਦਲ ਦੇ ਇਜਲਾਸ ਵਿਚ ਰਸਮੀ ਤੌਰ 'ਤੇ ਇਸ ਦਾ ਐਲਾਨ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਹੈ। ਜਾਣਕਾਰੀ ਮੁਤਾਬਕ ਅੱਜ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਡੈਲੀਗੇਟ ਇਜਲਾਸ ਦੌਰਾਨ ਸਰਬ ਸੰਮਤੀ ਨਾਲ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣਿਆ ਗਿਆ ਹੈ।
ਇਸ ਮੌਕੇ ਅਕਾਲੀ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਨੇ ਪ੍ਰਧਾਨ ਵਜੋਂ ਸੁਖਬੀਰ ਬੀਦਲ ਦੇ ਨਾਂ ਦੀ ਤਜਵੀਜ਼ ਪੇਸ਼ ਕੀਤੀ, ਜਿਸ ਨੂੰ ਜਗਮੀਤ ਬਰਾੜ ਤੇ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸਮਰਥਨ ਦਿੱਤਾ ਗਿਆ। ਇਸ ਤੋਂ ਬਾਅਦ ਸਮੂਹ ਡੈਲੀਗੇਟਸ ਵਲੋਂ ਲੋਕਤੰਤਰੀ ਤਰੀਕੇ ਨਾਲ ਸੁਖਬੀਰ ਬਾਦਲ ਨੂੰ ਚੁਣ ਲਿਆ ਗਿਆ। ਦੱਸ ਦੇਈਏ ਕਿ ਲਗਾਤਾਰ ਤੀਜੀ ਵਾਰ ਸੁਖਬੀਰ ਬਾਦਲ ਦੇ ਸਿਰ ਪਾਰਟੀ ਪ੍ਰਧਾਨ ਦਾ ਤਾਜ ਸਜਿਆ ਹੈ।
ਇਸ ਮੌਕੇ ਸੁਖਬੀਰ ਬਾਦਲ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਇਜਲਾਸ ਵਿਚ ਨਹੀਂ ਪਹੁੰਚੇ। ਦਲਜੀਤ ਚੀਮਾ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਨਹੀਂ ਆਏ ਪਰ ਉਹਨਾਂ ਨੇ ਆਪਣਾ ਸੰਦੇਸ਼ ਭੇਜਿਆ ਹੈ। ਇਸ ਮੌਕੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਸਨਮਾਨਿਤ ਵੀ ਕੀਤਾ ਗਿਆ।