ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ 550 ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਹਾਈ ਕੋਰਟ ਦੇ ਲਾਇਬ੍ਰੇਰੀ ਲਾਅਨ ਵਿਖੇ ਪੌਦੇ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਹਾਈ ਕੋਰਟ ਦੇ ਲਾਇਬ੍ਰੇਰੀ ਲਾਅਨ ਵਿਖੇ ਪੌਦੇ ਲਗਾਉਣ ਦਾ ਸਮਾਗਮ ਕਰਵਾਇਆ ਗਿਆ। ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ 550 ਪੌਦੇ ਲਗਾਉਣ ਲਈ ਭੇਂਟ ਕੀਤੇ ਗਏ।
ਸ. ਰੰਧਾਵਾ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਜਿਤੇਂਦਰਾ ਚੌਹਾਨ ਨੇ ਸਾਂਝੇ ਤੌਰ 'ਤੇ ਪੌਦੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਸ. ਰੰਧਾਵਾ ਨੇ ਕਿਹਾ ਕਿ ਗੁਰੂ ਸਾਹਿਬ ਦਾ ਦਿਨ ਮਨਾਉਣ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ ਕਿ ਅਸੀਂ ਉਨ੍ਹਾਂ ਵੱਲੋਂ ਦਰਸਾਏ ਮਾਰਗ ਉਤੇ ਚੱਲਦਿਆਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਯੋਗਦਾਨ ਪਾਈਏ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਚੌਗਿਰਦੇ ਨੂੰ ਸਾਂਭਣ ਦਾ ਦਿੱਤਾ ਸੰਦੇਸ਼ ਸਾਨੂੰ ਅਮਲੀ ਰੂਪ ਵਿੱਚ ਲਾਗੂ ਕਰਨਾ ਚਾਹੀਦਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਡਾ.ਦਿਆਲ ਪ੍ਰਤਾਪ ਸਿੰਘ ਰੰਧਾਵਾ, ਮੀਤ ਪ੍ਰਧਾਨ ਵਿਕਾਲ ਮਲਿਕ, ਆਨਰੇਰੀ ਸਕੱਤਰ ਰੋਹਿਤ ਸੂਦ, ਖਜਾਨਚੀ ਫਤਿਹਜੀਤ ਸਿੰਘ ਸਮੇਤ 550 ਤੋਂ ਵੱਧ ਵਕੀਲਾਂ ਨੇ ਵੀ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਦੀ ਜੁਆਇੰਟ ਸਕੱਤਰ ਰਚਨਾ ਰੁਦਰਾ ਨੇ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ।