ਭਾਜਪਾ ਨੂੰ ਭਾਰੀ ਪੈਣ ਲਗੀ ਹੱਕ ਮੰਗਦੇ ਲੋਕਾਂ ਨੂੰ ਅਤਿਵਾਦੀ ਕਹਿਣ ਦੀ ਖੇਡ, ਲੋਕਾਂ ਦਾ ਫੁਟਿਆ ਗੁੱਸਾ
ਫੌਜੀ ਜਵਾਨ ਨੇ ਪਿਉ-ਦਾਦਿਆਂ ਦੇ ਹੱਕ ‘ਚ ਡਟਦਿਆਂ ਖੁਦ ਨੂੰ ਕਿਹਾ ‘ਅਤਿਵਾਦੀ’
ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ। ਦੂਜੇ ਪਾਸੇ ਸੱਤਾਧਾਰੀ ਧਿਰ ਕਿਸਾਨਾਂ ਦੇ ਸੰਘਰਸ਼ ‘ਚ ਦੇਸ਼ ਵਿਰੋਧੀ ਤਾਕਤਾਂ ਦੀ ਘੁਸਪੈਠ ਹੋਣ ਦਾ ਪ੍ਰਚਾਰ ਕਰ ਰਹੀ ਹੈ। ਵਿਚਾਰਾਂ ਦੇ ਵਖਰੇਵੇਂ ਤੇ ਹੱਕ ਮੰਗਦੇ ਲੋਕਾਂ ਨੂੰ ਅੱਤਵਾਦੀ, ਮਾਊਵਾਦੀ ਅਤੇ ਸਮਾਜ ਵਿਰੋਧੀ ਅਨਸਰ ਐਲਾਨਣ ਦੀ ਇਹ ਖੇਡ ਸੱਤਾਧਾਰੀ ਨੂੰ ਹੁਣ ਭਾਰੀ ਪੈਣ ਲੱਗੀ ਹੈ।
ਭਾਜਪਾ ਆਗੂਆਂ ਦੇ ਅਜਿਹੇ ਦਾਅਵਿਆਂ ਤੇ ਲੋਕ ਹੁਣ ਕੰਨ ਧਰਨ ਨੂੰ ਤਿਆਰ ਨਹੀਂ ਹੋ ਰਹੇ। ਲੋਕਲ ਟੀਵੀ ਚੈਨਲਾਂ ਸਮੇਤ ਸ਼ੋਸ਼ਲ ਮੀਡੀਆ ਜ਼ਰੀਏ ਅਜਿਹੀਆਂ ਅਫਵਾਹਾਂ ਦੀ ਪੁਖਤਾ ਜਾਣਕਾਰੀ ਲੋਕਾਂ ਤਕ ਅਗਾਊਂ ਪਹੁੰਚ ਰਹੀ ਹੈ। ਇਸ ਕਾਰਨ ਅਜਿਹੀਆਂ ਗੱਲਾਂ ਨੂੰ ਪ੍ਰਚਾਰਨ ‘ਚ ਰੁਝੇ ਰਾਸ਼ਟਰੀ ਮੀਡੀਆਂ ਦੇ ਕੁੱਝ ਚੈਨਲਾਂ ਨੂੰ ਲੋਕ ਗੋਦੀ ਮੀਡੀਆ ਕਹਿ ਕੇ ਨਕਾਰਨ ਲੱਗੇ ਹਨ।
ਦਿੱਲੀ ਦੀਆਂ ਬਰੂਹਾਂ ਤੇ ਹੱਕਾਂ ਦੀ ਲੜਾਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਅਤਿਵਾਦੀ ਅਤੇ ਖਾਲਿਸਤਾਨੀ ਕਹਿਣ ਤੋਂ ਸੁਰੱਖਿਆ ਫੋਰਸਾਂ ਵਿਚ ਤੈਨਾਤ ਨੌਜਵਾਨ ਡਾਢੇ ਪ੍ਰੇਸ਼ਾਨ ਹਨ। ਫੌਜ ਅਤੇ ਪੁਲਿਸ ਫੋਰਸਾਂ ਵਿਚ ਕਿਸਾਨ ਪਰਿਵਾਰਾਂ ਦੇ ਵੱਡੀ ਗਿਣਤੀ ਨੌਜਵਾਨ ਦੇਸ਼ ਦੀ ਸੇਵਾ ਵਿਚ ਲੱਗੇ ਹੋਏ ਹਨ। ਦਿੱਲੀ ਵਿਖੇ ਧਰਨਾ ਦੇ ਰਹੇ ਕਿਸਾਨਾਂ ਦੇ ਪੁੱਤਰਾਂ ਵਲੋਂ ਆਪਣੇ ਮਾਪਿਆਂ ਨੂੰ ਜ਼ਮੀਨਾਂ ਦੀ ਰਾਖੀ ਲਈ ਦਿੱਲੀ ਵਿਖੇ ਡਟੇ ਰਹਿਣ ਦੀ ਹੱਲਾਸ਼ੇਰੀ ਦੇਣ ਦੀਆਂ ਖਬਰਾਂ ਵੀ ਸਾਹਮਣੇ ਆ ਚੁਕੀਆਂ ਹਨ।
ਆਪਣੇ ਪਿਉ-ਦਾਦਿਆਂ ਨੂੰ ਅਤਿਵਾਦੀ ਕਹਿਣ ਤੋਂ ਦੁਖੀ ਹੋਏ ਇਕ ਫੌਜੀ ਨੌਜਵਾਨ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਤਸਵੀਰ ਵਿਚ ਇਕ ਜਵਾਨ ਹੱਥ 'ਚ ਪੋਸਟਰ ਫੜੀ ਟਰਾਲੀ 'ਚ ਖੜ੍ਹਾ ਨਜ਼ਰ ਆ ਰਿਹਾ ਹੈ। ਪੋਸਟਰ 'ਤੇ ਲਿਖਿਆ ਹੋਇਆ ਹੈ ਕਿ "ਮੇਰਾ ਪਿਤਾ ਇਕ ਕਿਸਾਨ ਹੈ, ਜੇ ਉਹ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ।"
ਇਸ ਪੋਸਟ ਨੂੰ ਲੈ ਕੇ ਲੋਕ ਸੱਤਾਧਾਰੀ ਧਿਰ ਨੂੰ ਖੂਬ ਖਰੀਆਂ-ਖੋਟੀਆਂ ਸੁਣਾ ਰਹੇ ਹਨ। ਸੋਸ਼ਲ ਮੀਡੀਆ ਤੇ ਵੱਡੀ ਗਿਣਤੀ ਲੋਕ ਵਿਚਾਰਾਂ ਦੇ ਵਖਰੇਵੇ ਅਤੇ ਹੱਕ ਮੰਗਦੇ ਲੋਕਾਂ ਲਈ ਅਪਨਾਏ ਜਾ ਰਹੇ ਵਤੀਰੇ ਨੂੰ ਲੈ ਕੇ ਸੱਤਾਧਾਰੀ ਧਿਰ ਤੋਂ ਸਵਾਲ ਪੁਛੇ ਜਾ ਰਹੇ ਹਨ।