ਮੀਂਹ ਤੋਂ ਬਾਅਦ ਠੰਡ ਨੇ ਵਿਖਾਏ ਤੇਵਰ, ਐਤਵਾਰ ਨੂੰ ਰਿਹਾ ਸੀਜ਼ਨ ਦਾ ਸਭ ਤੋਂ ਠੰਡਾ ਦਿਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਸਮੇਤ ਨੇੜਲੇ ਇਲਾਕਿਆਂ ਵਿਚ ਛਾਈ ਕੋਹਰੇ ਦੀ ਗੂੜੀ ਚਾਦਰ, ਸੂਰਜ ਦੇਵਤੇ ਦੇ ਨਹੀਂ ਹੋਏ ਦਰਸ਼ਨ

Chandigarh weather

ਚੰਡੀਗੜ੍ਹ : ਬੀਤੇ ਸ਼ਨੀਵਾਰ ਨੂੰ ਪਈ ਬਾਰਸ਼ ਤੋਂ ਬਾਅਦ ਪੂਰਾ ਉਤਰ ਭਾਰਤ ਠੰਡ ਦੇ ਲਪੇਟ ਵਿਚ ਆ ਗਿਆ ਹੈ। ਮੀਂਹ ਤੋਂ ਬਾਅਦ ਐਤਵਾਰ ਨੂੰ ਤਾਪਮਾਨ ਡਿੱਗਣ ਕਾਰਨ ਠੰਡ ਇਕਦਮ ਵਧ ਗਈ ਜਿਸ ਕਾਰਨ ਐਤਵਾਰ ਨੂੰ ਤਾਪਮਾਨ ਸੀਜ਼ਨ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 7 ਡਿਗਰੀ ਡਿੱਗ ਕੇ 14.9 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਹੈ ਜੋ ਕਿ ਹੁਣ ਤਕ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ।

ਮੌਸਮ ਵਿਭਾਗ ਮੁਤਾਬਕ ਠੰਡ ’ਚ ਇਹ ਵਾਧਾ ਬੀਤੇ ਦਿਨ ਪਏ ਮੀਂਹ ਅਤੇ ਪਹਾੜਾਂ ਵਿਚ ਪਈ ਬਰਫਬਾਰੀ ਕਾਰਨ ਹੋਇਆ ਹੈ। ਇਸ ਕਾਰਨ ਚੰਡੀਗੜ੍ਹ ਸਮੇਤ ਨੇੜਲੇ ਇਲਾਕਿਆਂ ਵਿਚ ਦਿਨ ਦਾ ਤਾਮਮਾਨ ਵੀ ਕਾਫੀ ਥੱਲੇ ਚਲਾ ਗਿਆ ਹੈ।

ਐਤਵਾਰ ਤੋਂ ਬਾਅਦ ਸੋਮਵਾਰ ਨੂੰ ਸੂਰਜ ਦੇਵਤਾ ਛੁੱਟੀ ‘ਤੇ ਰਿਹਾ।  ਇਸ ਤੋਂ ਪਹਿਲਾਂ ਇਸ ਮਹੀਨੇ ਵਿਚ ਪਹਿਲੀ ਦਸੰਬਰ ਨੂੰ ਸ਼ਹਿਰ ਵਿਚ ਘੱਟ ਤੋਂ ਘੱਟ ਤਾਪਮਾਨ 9.0 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ ਦਰਜ ਕੀਤਾ ਗਿਆ ਸੀ, ਜੋ ਕਿ ਸਭ ਤੋਂ ਘੱਟ ਸੀ।

ਐਤਵਾਰ ਦਾ ਦਿਨ ਹੁਣ ਤਕ ਦਾ ਸਭ ਤੋਂ ਠੰਡਾ ਦਿਨ ਰਿਹਾ ਹੈ। 2 ਸਾਲ ਬਾਅਦ 13 ਤਾਰੀਕ ਤਕ ਇੰਨਾ ਘੱਟ ਤਾਪਮਾਨ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2017 ਵਿਚ 16 ਦਸੰਬਰ ਨੂੰ 13.0 ਡਿਗਰੀ ਤਾਪਮਾਨ ਰਿਕਾਰਡ ਹੋਇਆ ਸੀ। ਚੰਡੀਗੜ੍ਹ ਵਿਚ ਐਤਵਾਰ ਨੂੰ ਕੋਹਰਾ ਪੈਣ ਦੀ ਸ਼ੁਰੂਆਤ ਹੋਈ ਜੋ ਸੋਮਵਾਰ ਨੂੰ ਵੀ ਜਾਰੀ ਰਹੀ। ਮੌਸਮ ਵਿਭਾਗ ਮੁਤਾਬਕ ਕੋਹਰੇ ਦੀ ਸ਼ੁਰੂਆਤ ਹੋ ਚੁਕੀ ਹੈ ਜੋ ਆਉਂਦੇ ਦਿਨਾਂ ਦੌਰਾਨ ਵੀ ਜਾਰੀ ਰਹਿ ਸਕਦੀ ਹੈ।