ਡੀਜੀਪੀ ਦਿਨਕਰ ਗੁਪਤਾ ਨੇ ਕੀਤਾ ਵੱਡਾ ਖੁਲਾਸਾ, ਥਾਣਿਆਂ 'ਚ ਵਿੱਕਦੈ ਨਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚੋਂ ਨਸ਼ੇ ਨੂੰ ਪੂਰਨ ਤੌਰ 'ਤੇ ਖ਼ਤਮ ਕਰਨਾ ਅਸੰਭਵ

pic-3

ਫ਼ਰੀਦਕੋਟ : ਪੰਜਾਬ ਦੇ 124 ਥਾਣਿਆਂ ਦੀ ਹਦੂਦ ਅੰਦਰ ਨਸ਼ਾ ਵਿਕਦਾ ਹੈ। ਕੈਦੀਆਂ ਨੂੰ ਨਸ਼ਾ ਪਹੁੰਚਾਉਣ 'ਚ ਪੁਲਿਸ ਦੀ ਵੱਡੀ ਭੂਮਿਕਾ ਹੈ। ਇਹ ਵੱਡਾ ਖੁਲਾਸਾ ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਨੇ ਕੀਤਾ।

ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਡੀਜੀਪੀ ਦਿਨਕਰ ਗੁਪਤਾ ਨੇ ਕਈ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਇਸੇ ਤਹਿਤ ਫ਼ਿਰੋਜ਼ਪੁਰ-ਫ਼ਾਜ਼ਿਲਕਾ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਨਸ਼ੇ ਦੇ ਮਾਮਲੇ 'ਤੇ ਅਹਿਮ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਸੂਬੇ 'ਚੋਂ ਨਸ਼ੇ ਨੂੰ ਪੂਰਨ ਤੌਰ 'ਤੇ ਖ਼ਤਮ ਕਰਨਾ ਅਸੰਭਵ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 124 ਥਾਣਿਆਂ ਦੀ ਹਦੂਦ ਅੰਦਰ ਨਸ਼ਾ ਵਿਕਦਾ ਹੈ। ਇਨ੍ਹਾਂ 124 ਥਾਣਿਆਂ ਵਿੱਚੋਂ ਸਰਹੱਦੀ ਇਲਾਕੇ ਫ਼ਿਰੋਜ਼ਪੁਰ ਦੇ 9 ਅਤੇ ਫ਼ਾਜ਼ਿਲਕਾ ਦੇ 4 ਥਾਣੇ ਸ਼ਾਮਲ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਥਾਣਿਆਂ ਦੇ ਅੰਦਰੋਂ ਨਸ਼ਾ ਵੇਚਣ ਦਾ ਕੰਮ ਵੀ ਚੱਲਦਾ ਹੈ।

ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਨਸ਼ਾ ਖਰੀਦਣ ਦੇ ਮਾਮਲੇ ਸਬੰਧੀ ਕੀਤੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਠੀਕ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਅਮਰੀਕਾ ਵਰਗੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਹਾ ਕੋਈ ਵੀ ਨਸ਼ੇ ਨੂੰ ਪੂਰਨ ਤੌਰ 'ਤੇ ਖ਼ਤਮ ਨਹੀਂ ਕਰ ਸਕਦਾ।

ਲੋਕ ਸਭਾ ਚੋਣਾਂ ਦੌਰਾਨ ਦਿਨਕਰ ਗੁਪਤਾ ਨੇ ਮਾਲਵੇ ਵਿੱਚ ਗੈਂਗਸਟਰਾਂ ਦੇ ਸਰਗਰਮ ਹੋਣ ਦਾ ਵੀ ਖ਼ਦਸ਼ਾ ਜਤਾਇਆ।