ਪੰਜਾਬੀਆਂ ਦੀਆਂ ਮੰਗਾਂ ਨੂੰ ਲੈ ਕੇ ਮੁੜ ਸੰਸਦ 'ਚ ਗਰਜੇ ਐਮ.ਪੀ. ਔਜਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੱਚਖੰਡ ਐਕਸਪ੍ਰੈੱਸ ਦੇ ਸਮਾਂ ਸਾਰਣੀ 'ਤੇ ਪੂਰੇ ਰੈਕ ਨੂੰ ਬਦਲਣ ਦੀ ਔਜਲਾ ਨੇ ਕੀਤੀ ਮੰਗ

Photo

ਅੰਮ੍ਰਿਤਸਰ  : ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ 'ਚ ਰੇਲਵੇ ਵਿਭਾਗ ਦੇ ਪ੍ਰਾਜੈਕਟਾਂ ਨੂੰ ਜਲਦ ਪੂਰਾ ਕਰਨ ਦੇ ਨਾਲ ਨਾਲ ਨਵੀਆਂ ਰੇਲ ਲਾਈਨਾਂ ਵਿਛਾਉਣ ਦੀ ਮੰਗ ਕੀਤੀ।  ਔਜਲਾ ਨੇ ਕਿਹਾ ਕਿ ਜੇਕਰ ਪੰਜਾਬ ਦੇ ਛੋਟੇ ਛੋਟੇ ਰੇਲ ਲਿੰਕ ਜਿੰਨਾਂ ਦੀ ਲੰਬਾਈ 117 ਕਿਲੋਮੀਟਰ ਬਣਦੀ ਹੈ।

ਜੇਕਰ ਇੰਨਾਂ ਰੇਲ ਲਿੰਕ ਨੂੰ ਮੁੱਖ ਰੇਲਵੇ ਮਾਰਗ ਨਾਲ ਜੋੜਿਆ ਜਾਵੇ ਤਾਂ ਹਜ਼ਾਰਾਂ ਸੂਬਾ ਵਾਸੀ ਰੇਲਵੇ ਦੇ ਸਸਤੇ ਸਫਰ ਦਾ ਅਨੰਦ ਮਾਣ ਸਕਦੇ ਹਨ ਜਿਨ੍ਹਾਂ ਵਿਚ ਕਾਦੀਆਂ-ਟਾਂਡਾ ਉਡਮੁੜ, ਜੈਜੋਂ ਤੋਂ ਊਨਾ (ਹਿਮਾਚਲ ਪ੍ਰਦੇਸ਼), ਚੰਡੀਗੜ੍ਹ-ਰਾਜਪੁਰਾ ਵਾਇਆ ਮੁਹਾਲੀ, ਰਾਹੋਂ-ਨਵਾਂ ਸ਼ਹਿਰ, ਮੌੜ ਮੰਡੀ-ਤਲਵੰਡੀ, ਸੁਲਤਾਨਪੁਰ ਲੋਧੀ-ਗੋਇੰਦਵਾਲ ਰੇਲ ਲਿੰਕ ਸ਼ਾਮਲ ਹਨ।

ਸ. ਔਜਲਾ ਨੇ ਰੇਲਵੇ ਮੰਤਰੀ ਤੋਂ ਮੰਗ ਕੀਤੀ ਕਿ ਪੱਟੀ-ਮੱਖੂ ਲਿੰਕ ਰੇਲਵੇ ਪ੍ਰਾਜੈਕਟ ਨੂੰ ਜਲਦ ਪੂਰਾ ਕੀਤਾ ਜਾਵੇ ਜਿਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 50 ਕਰੋੜ ਰੁਪਏ ਜਾਰੀ ਕਰ ਦਿਤੇ ਗਏ ਹਨ। ਔਜਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਦੋ ਧਾਰਮਿਕ ਸਥਾਨਾਂ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ (ਕਰਤਾਰਪੁਰ ਕਾਰੀਡੋਰ) ਲਈ ਸਿੱਧੀ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਤੇ ਰਸਤੇ ਵਿੱਚ ਪੈਂਦੇ ਛੋਟੇ ਪਲੇਟਫਾਰਮਾਂ ਨੂੰ ਉੱਚਾ ਤੇ ਲੰਬਾ ਬਣਾਇਆ ਜਾਵੇ।

ਸ. ਔਜਲਾ ਨੇ ਅੰਮ੍ਰਿਤਸਰ ਦੇ ਇਲਾਕੇ ਜਹਾਂਗੀਰ-ਨਾਗ ਕਲਾਂ ਵਿਖੇ ਬੰਦ ਪਏ ਫਾਟਕ ਕਾਰਨ ਸਬ-ਵੇਅ ਬਣਾਉਣ, ਭਗਤਾਂਵਾਲਾ ਤੇ ਲੋਹਗੜ੍ਹ ਵਿਖੇ ਨਵੇਂ ਰੇਲਵੇ ਓਵਰ ਬ੍ਰਿਜ ਬਣਾਉਣ ਦੇ ਨਾਲ ਨਾਲ ਅਧੂਰੇ ਰੇਲਵੇ ਓਵਰ ਬ੍ਰਿਜ ਦੇ ਕੰਮਾਂ ਨੂੰ ਪੂਰਾ ਕੀਤਾ ਜਾਵੇ। ਸਿੱਖਾਂ ਦੀ ਧਾਰਮਿਕ ਰਾਜਧਾਨੀ ਵਜੋਂ ਜਾਣੇ ਜਾਂਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਤੋਂ ਦੱਖਣ ਭਾਰਤ ਲਈ ਕੋਈ ਵੀ ਸਿੱਧੀ ਰੇਲ ਸੇਵਾ ਨਹੀਂ ਹੈ ਜਿਸ ਲਈ ਕੋਚੀਵਲੀ ਐਕਸਪ੍ਰੈਸ ਨੂੰ ਰੋਜਾਨਾ ਚਲਾਉਣ, ਸਚਖੰਡ ਐਕਸਪ੍ਰੈਸ ਦੇ ਸਮਾਂ ਸਾਰਣੀ ਤੇ ਪੂਰੇ ਰੈਕ ਨੂੰ ਬਦਲਣ, ਰੇਲਵੇ ਸਟੇਸ਼ਨ ਦੀ ਸਫਾਈ ਨੂੰ ਯਕੀਨੀ ਬਣਾਉਣ, ਮਾਨਾਂਵਾਲਾ ਵਿਖੇ ਮਾਲ ਸਟੇਸ਼ਨ ਬਣਾਉਣ, ਅੰਮ੍ਰਿਤਸਰ ਤੋਂ ਗੋਆ ਲਈ ਸਿੱਧਾ ਰੇਲ ਸੰਪਰਕ ਕਾਇਮ ਕਰਨ ਲਈ ਨਵੀਂ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ।

ਸ. ਔਜਲਾ ਨੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਟੈਕਸੀ ਤੇ ਆਟੋ ਦਾ ਕੰਮ ਕਰਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੋਕ ਸਭਾ ਵਿੱਚ ਉਠਾਉਂਦਿਆਂ ਮੰਗ ਕੀਤੀ ਕਿ ਪਿਛਲੇ ਕਾਫੀ ਸਮੇਂ ਤੋਂ ਟੈਕਸੀ ਤੇ ਆਟੋ ਦਾ ਕੰਮ ਕਰਦੇ ਲੋਕਾਂ ਨੂੰ ਉਜਾੜਨ ਦੀ ਥਾਂ ਤੇ ਉਨ੍ਹਾਂ ਦੇ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਨੇ ਅੰਮ੍ਰਿਤਸਰ ਦੇ ਸਟੇਸ਼ਨ ਤੇ ਮਾੜੇ ਸਫਾਈ ਪ੍ਰਬੰਧਾਂ ਤੇ ਨਾਰਾਜਗੀ ਪ੍ਰਗਟਾਉਂਦਿਆਂ ਸਫਾਈ ਪ੍ਰਬੰਧਾਂ ਲਈ ਰੱਖੇ ਬਜਟ ਦੀ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ।  ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਉਨ੍ਹਾਂ ਨਾਲ ਮਿਲਕੇ ਸੂਬੇ ਲਈ ਉਠਾਈਆਂ ਮੰਗਾਂ ਨੂੰ ਰੇਲਵੇ ਮੰਤਰੀ ਤੋਂ ਪੂਰਾ ਕਰਾਉਣ ਵਿੱਚ ਸਹਿਯੋਗ ਦੇਣਗੇ।