ਸਿੱਧੂ ਦੀ 'ਸਿਆਸੀ ਚੁਪੀ' ਦਾ ਰਾਜ਼ ਗਹਿਰਾਇਆ, ਕੀਤੇ ਧਮਾਕੇ ਨੇ ਘੁੰਮਣਘੇਰੀ 'ਚ ਪਾਏ 'ਸਿਆਸੀ ਪੰਡਤ'!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਧੂ ਦੇ ਪੰਜਾਬੀਆਂ ਨਾਲ 'ਸਿੱਧੇ ਸੰਵਾਦ' ਦੀ ਕਹਾਣੀ, ਸਿਆਸੀ ਪੰਡਤਾਂ ਦੀ ਜ਼ੁਬਾਨੀ!

file photo

ਚੰਡੀਗੜ੍ਹ : ਲੰਮੀ ਸਿਆਸੀ ਚੁਪੀ ਤੋਂ ਬਾਅਦ ਬੀਤੇ ਸ਼ਨਿੱਚਰਵਾਰ ਨੂੰ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਯੂ-ਟਿਊਬ 'ਤੇ 'ਜਿੱਤੇਗਾ ਪੰਜਾਬ' ਚੈਨਲ ਸ਼ੁਰੂ ਕਰ ਕੇ ਵੱਡਾ ਧਮਾਕਾ ਕਰ ਦਿਤਾ ਹੈ, ਪਰ ਇਸ ਦੇ ਨਿਕਲ ਰਹੇ ਵੱਖ-ਵੱਖ ਅਰਥਾਂ ਨੇ ਸਿਆਸੀ ਪੰਡਤਾਂ ਨੂੰ ਵੀ ਘੁੰਮਣਘੇਰੀ 'ਚ ਪਾ ਦਿਤਾ ਹੈ। ਸਿੱਧੂ ਦੀ ਸਿਆਸੀ ਚੁਪੀ ਤੋਂ ਬਾਅਦ ਸੋਸ਼ਲ ਮੀਡੀਏ ਜ਼ਰੀਏ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਣ ਦੀ ਇਸ 'ਸਿਆਸੀ ਕਲਾਬਾਜ਼ੀ' ਦੇ ਟੀਵੀ ਚੈਨਲਾਂ ਅਤੇ ਅਖ਼ਬਾਰਾਂ ਵਲੋਂ ਵੱਖ-ਵੱਖ ਅਰਥ ਕੱਢੇ ਜਾ ਰਹੇ ਹਨ। ਕੋਈ ਇਸ ਨੂੰ ਸਿੱਧੂ ਦੇ 'ਆਪ' ਵੱਲ ਜਾਣ ਦਾ ਰਸਤਾ ਦੱਸ ਰਹੇ ਹਨ ਅਤੇ ਕੋਈ ਵੱਖਰਾ ਸਿਆਸੀ ਮੰਚ ਖੜ੍ਹਾ ਕਰਨ ਦੀਆਂ ਕਿਆਸ-ਅਰਾਈਆਂ ਲਗਾ ਰਿਹਾ ਹੈ। ਕੁੱਝ ਇਸ ਨੂੰ ਆਉਂਦੇ ਸਮੇਂ ਕਾਂਗਰਸ ਖ਼ਾਸ ਕਰ ਕੇ ਕੈਪਟਨ ਨੂੰ ਲੱਗਣ ਵਾਲੇ ਵੱਡੇ ਸਿਆਸੀ ਝਟਕੇ ਦੇ ਰੂਪ ਵਿਚ ਵੇਖ ਰਹੇ ਹਨ।

ਇਸੇ ਦਰਮਿਆਨ ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਦਾ ਇਕ ਧੜਾ ਇਸ ਨੂੰ ਕਾਂਗਰਸ ਹਾਈ ਕਮਾਨ ਵਲੋਂ ਚੱਲੀ ਸਤਰੰਜ਼ ਦੀ ਚਾਲ ਵਜੋਂ ਵੀ ਵੇਖ ਰਿਹਾ ਹੈ। ਪੰਜਾਬ ਅੰਦਰ ਅਸੈਂਬਲੀ ਚੋਣਾਂ ਅੱਗੇ ਹੁਣ ਕੇਵਲ ਦੋ ਸਾਲ ਦਾ ਅਰਸਾ ਹੀ ਬਚਿਆ ਹੈ। ਉਹ ਵੀ ਚੋਣ ਜ਼ਾਬਤਾ ਲੱਗਣ ਵਾਲੇ ਸਮੇਂ ਨੂੰ ਜੋੜਣ ਦੀ ਹਾਲਤ ਵਿਚ ਹੋਰ ਵੀ ਘੱਟ ਜਾਂਦਾ ਹੈ।

ਸੌਧਾ ਸਾਧ ਨੂੰ ਮੁਆਫ਼ੀ ਅਤੇ ਬੇਅਦਬੀ ਵਰਗੀਆਂ ਘਟਨਾਵਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਨੇੜ ਭਵਿੱਖ ਵਿਚ ਪੰਜਾਬ ਦੀ ਸਿਆਸੀ ਵਿਚ ਮੁੜ ਉਭਰਨ ਦੇ ਆਸਾਰ ਬਹੁਤ ਮੱਧਮ ਵਿਖਾਈ ਦੇ ਰਹੇ ਹਨ। ਉਪਰੋਂ ਪਾਰਟੀ ਅੰਦਰਲੀ ਬਗਾਵਤ ਨੇ ਅਕਾਲੀ ਦਲ ਦੇ ਭਵਿੱਖ 'ਤੇ ਹੀ ਵੱਡਾ ਸਵਾਲੀਆਂ ਨਿਸ਼ਾਨ ਲਗਾ ਦਿਤਾ ਹੈ। ਢੀਂਡਸਾ ਜੋੜੀ ਦੀਆਂ ਸਰਗਰਮੀਆਂ ਦਾ ਭਾਵੇਂ ਉਨ੍ਹਾਂ ਨੂੰ ਖੁਦ ਕੋਈ ਵੱਡਾ ਫ਼ਾਇਦਾ ਨਾ ਪਹੁੰਚ ਸਕੇ, ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ 'ਚ ਤੇਲ ਜ਼ਰੂਰ ਪਾ ਕੇ ਰਹਿਣਗੀਆਂ।

ਦਿੱਲੀ 'ਚ ਹੋਈ ਹਾਰ ਤੋਂ ਬਾਅਦ ਮੋਦੀ-ਸ਼ਾਹ ਜੋੜੀ ਦਾ ਜਾਦੂ ਵੀ ਹੁਣ ਮੱਧਮ ਪੈਣਾ ਸ਼ੁਰੂ ਹੋ ਗਿਆ ਹੈ। ਹੁਣ ਉਹ ਮੱਧ ਪ੍ਰਦੇਸ਼ ਵਿਚ ਖੇਡੇ ਗਏ ਸਿਆਸੀ ਪੱਤੇ ਵਰਗੀਆਂ ਚਾਲਾਂ ਚੱਲਣ ਦੇ ਰਾਹ ਪੈ ਗਈ ਹੈ। ਇਸ ਕਾਰਨ ਉਸ ਦੇ ਵੀ ਪੰਜਾਬ ਦੀ ਸਿਆਸਤ 'ਚ ਕੋਈ ਧਮਾਕਾ ਕਰਨ ਦੀਆਂ ਸੰਭਾਵਨਾਵਾਂ ਮੱਧਮ ਹਨ। ਅਕਾਲੀ ਦਲ ਨਾਲ ਉਸ ਦੀ ਸਾਂਝ ਵੀ ਹਰਿਆਣਾ ਅਤੇ ਦਿੱਲੀ ਚੋਣਾਂ ਦੌਰਾਨ ਸਾਹਮਣੇ ਆ ਚੁੱਕੀ ਹੈ। ਸੋ ਇਹ ਗਠਜੋੜ ਵੀ ਪੰਜਾਬ ਦੀ ਸਿਆਸਤ 'ਤੇ ਵੱਡਾ ਪ੍ਰਭਾਵ ਪਾਉਣ ਤੋਂ ਅਸਮਰਥ ਵਿਖਾਈ ਦਿੰਦਾ ਹੈ।

ਆਮ ਆਦਮੀ ਪਾਰਟੀ ਨੇ ਭਾਵੇਂ ਦਿੱਲੀ 'ਚ ਧਮਾਕੇਦਾਰ ਵਾਪਸੀ ਕੀਤੀ ਹੈ, ਪਰ ਉਸ ਦੇ ਪੰਜਾਬ ਅੰਦਰ ਪਹਿਲਾਂ ਵਾਲੇ ਉਭਾਰ ਅੱਗੇ ਵੱਡੀਆਂ ਅੜਚਨਾਂ ਹਨ ਜਿਨ੍ਹਾਂ 'ਚ ਸਭ ਤੋਂ ਵੱਡਾ ਰੋੜਾ ਪਾਰਟੀ ਅੰਦਰਲੀ ਧੜੇਬੰਦੀ ਹੈ। ਇਸ ਪਾਰਟੀ 'ਚੋਂ ਕਿਨਾਰਾ ਕਰ ਚੁੱਕੇ ਅਤੇ ਅੰਦਰਲੇ ਆਗੂ ਵੱਖੋ-ਵੱਖਰੀ ਡੰਫਲੀ ਵਜਾਉਣ 'ਚ ਮਗਨ ਹਨ। ਦੂਜਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਦਿੱਲੀ 'ਤੇ ਨਿਰਭਰਤਾ ਵੀ ਪੰਜਾਬੀਆਂ ਨੂੰ ਰਾਸ ਨਹੀਂ ਆ ਰਹੀ।

ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਤੋਂ ਵੀ ਪੰਜਾਬੀ ਬਹੁਤੇ ਖ਼ੁਸ਼ ਨਹੀਂ ਹਨ। ਸੋ ਕੁੱਲ ਮਿਲਾ ਕੇ ਪੰਜਾਬ ਦੇ ਸਿਆਸੀ ਪਿੜ ਅੰਦਰ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੋਈ ਵੀ ਅਜਿਹਾ ਚੇਹਰਾ ਨਜ਼ਰ ਨਹੀਂ ਆਉਂਦਾ ਜਿਹੜਾ ਕਿਸੇ ਪਾਰਟੀ 'ਚ ਨਵੀਂ ਰੂਹ ਫੂਕ ਸਕੇ। ਆਮ ਆਦਮੀ ਪਾਰਟੀ 'ਚ ਜਾਣ ਦੀ ਸੂਰਤ ਵਿਚ ਵੀ ਸਿੱਧੂ ਦੀਆਂ ਲੱਤਾਂ ਖਿੱਚਣ ਲਈ ਭਗਵੰਤ ਮਾਨ ਵਾਲੇ ਦਿਗਜ਼ ਆਗੂ ਮੌਜੂਦ ਹਨ। ਇਸ ਕਾਰਨ ਆਮ ਆਦਮੀ ਪਾਰਟੀ ਅੰਦਰ ਵੀ ਸਿੱਧੂ ਦੀਆਂ ਰਾਹਾਂ ਅਸਾਨ ਨਹੀਂ ਹਨ।

ਜਿਸ ਤਰ੍ਹਾਂ ਸਿੱਧੂ ਨੇ ਲੰਮੀ ਸਿਆਸੀ ਚੁਪੀ ਤੋਂ ਬਾਅਦ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨਾਲ ਸਿੱਧਾਂ ਸੰਵਾਦ ਰਚਾਉਣ ਦਾ ਰਾਹ ਚੁਣਿਆ ਹੈ, ਉਸ ਤੋਂ ਉਨ੍ਹਾਂ ਦੇ ਕਾਂਗਰਸ ਅੰਦਰ ਰਹਿ ਕੇ ਵੱਡਾ ਸਿਆਸੀ ਦਾਅ ਖੇਡਣ ਦੀਆਂ ਸੰਭਾਵਨਾਵਾਂ ਜ਼ਿਆਦਾ ਲਗਦੀਆਂ ਹਨ। ਉਨ੍ਹਾਂ ਵਲੋਂ ਸਿਆਸੀ ਚੁਪੀ ਤੋੜਣ ਤੋਂ ਪਹਿਲਾਂ ਪਿਅੰਕਾ ਗਾਂਧੀ ਨਾਲ ਕੀਤੀਆਂ ਮੀਟਿੰਗਾਂ ਵੀ ਇਸੇ ਵੱਲ ਇਸ਼ਾਰਾ ਕਰ ਰਹੀਆਂ ਹਨ।

ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ ਕਾਂਗਰਸ ਹਾਈ ਕਮਾਂਡ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਇਹ ਆਖ਼ਰੀ ਪਾਰੀ ਹੈ, ਇਸ ਬਾਰੇ ਵੀ ਕਿਸੇ ਨੂੰ ਸ਼ੱਕ-ਸ਼ੁਭਾ ਨਹੀਂ ਹੈ। ਸਿੱਧੂ ਨੂੰ ਇਸ ਸਮੇਂ ਸਰਕਾਰ 'ਚ ਕੋਈ ਵੱਡਾ ਅਹੁਦਾ ਦੇਣ ਨਾਲ ਸਰਕਾਰ ਦੀਆਂ ਕਮੀਆਂ ਦਾ ਉਹ ਭਾਗੀਦਾਰ ਬਣ ਸਕਦੇ ਹਨ। ਇਸ ਲਈ ਹਾਈ ਕਮਾਨ ਦੀ ਸਹਿਮਤੀ ਨਾਲ ਲੋਕਾਂ 'ਚ ਚੰਗੀ ਪਕੜ ਬਣਾਉਣ ਬਾਅਦ ਉਨ੍ਹਾਂ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।

ਭਾਵੇਂ ਸਿੱਧੂ ਨੂੰ ਅਪਣੇ ਪਾਲੇ 'ਚ ਲਿਆਉਣ ਲਈ ਕਈ ਦਲ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ। ਪਰ ਇਹ ਗੱਲ ਸਿੱਧੂ ਵੀ ਭਲੀਭਾਂਤ ਜਾਣਦੇ ਹਨ ਕਿ ਜਿੰਨਾ ਉਚਾਈਆਂ ਨੂੰ ਉਹ ਕਾਂਗਰਸ ਅੰਦਰ ਰਹਿ ਕੇ ਛੂੰਹ ਸਕਦੇ ਹਨ, ਉਹ ਮੌਕਾ ਉਨ੍ਹਾਂ ਨੂੰ ਹੋਰ ਕਿਸੇ ਪਾਰਟੀ ਅੰਦਰ ਜਾ ਕੇ ਨਹੀਂ ਮਿਲ ਸਕਦਾ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇਸ ਸਰਕਾਰ ਵਿਚ ਵੱਡੀ ਜ਼ਿੰਮੇਵਾਰੀ ਲੈਣ ਦੀ ਥਾਂ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਣ ਦਾ ਰਾਹ ਚੁਣਿਆ ਹੈ ਜੋ ਉਨ੍ਹਾਂ ਨੂੰ ਅਗਲੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਕੁਰਸੀ ਤਕ ਪਹੁੰਚਾ ਸਕਦਾ ਹੈ।