ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਲਈ 'ਪੜ੍ਹੋ ਪੰਜਾਬ' ਗੀਤ ਕੀਤਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ ਓ ਪੀ ਸੋਨੀ ਨੇ ਮੁੱਖ ਦਫ਼ਤਰ ਤੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਵਧਾਉਣ ਲਈ ਸਿੱਖਿਆ ਦੇ ਮਿਆਰ ਨੂੰ ਪੇਸ਼ ਕਰਦਾ...

Education Minister

ਐੱਸ.ਏ.ਐੱਸ. ਨਗਰ (ਸ.ਸ.ਸ) :  ਸਿੱਖਿਆ ਮੰਤਰੀ ਓ ਪੀ ਸੋਨੀ ਨੇ ਮੁੱਖ ਦਫ਼ਤਰ ਤੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਵਧਾਉਣ ਲਈ ਸਿੱਖਿਆ ਦੇ ਮਿਆਰ ਨੂੰ ਪੇਸ਼ ਕਰਦਾ ਗੀਤ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ| ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਮਿਆਰੀ ਤੇ ਗੁਣਾਤਮਿਕ ਸਿੱਖਿਆ ਦਾ ਸੁਨੇਹਾ ਦਿੰਦਾ ਗੀਤ ਬਹੁਤ ਹੀ ਵਧੀਆ ਲਿਖਿਆ ਤੇ ਫਿਲਮਾਇਆ ਗਿਆ ਹੈ| ਸਿੱਖਿਆ ਮੰਤਰੀ ਓ ਪੀ ਸੋਨੀ ਨੇ ਥੀਮ ਗੀਤ ਜਾਰੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਨੇ ਇਸ ਗੀਤ ਰਾਹੀਂ ਮਾਪਿਆਂ ਨੂੰ ਸਰਕਾਰੀ ਸਕੂਲ਼ਾਂ ਵਿੱਚ ਦਾਖ਼ਲਾ ਕਰਵਾਉਣ ਲਈ ਪ੍ਰੇਰਿਤ ਕੀਤਾ ਹੈ|

ਗੀਤ ਵਿੱਚ ਬੱਚਿਆਂ ਦੇ ਉੱਚੇ ਸਿੱਖਣ ਪੱਧਰ ਅਤੇ ਸਹਿ-ਅਕਾਦਮਿਕ ਕਿਰਿਆਵਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਬਾਰੇ ਗੱਲ ਕੀਤੀ ਗਈ ਹੈ| ਉਹਨਾਂ ਕਿਹਾ ਕਿ ਬਹੁਤ ਸਾਰੇ ਅਧਿਆਪਕਾਂ ਨੇ ਸਿੱਖਿਆ ਸੁਧਾਰਾਂ ਤੇ ਹੋਰ ਵਿਸ਼ਿਆਂ ਉੱਤੇ ਵੀ ਆਪਣੀਆਂ ਰਚਨਾਵਾਂ ਲਿਖੀਆਂ ਹਨ| ਇਸ ਸਾਲ 26 ਜਨਵਰੀ ਦੇ ਸਮਾਗਮਾਂ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵਧ-ਚੜ੍ਹ ਕੇ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਹਨ| ਉਹਨਾਂ ਇਸ ਥੀਮ ਗੀਤ ਦੀ ਤਿਆਰੀ ਲਈ ਸਿੱਖਿਆ ਵਿਭਾਗ ਅਤੇ ਸਮੂਹ ਟੀਮ ਨੂੰ ਵਧਾਈ ਦਿੱਤੀ|

ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਿੱਥੇ ਬੱਚਿਆਂ ਨੂੰ ਕਲਾਤਮਿਕ ਰੂਚੀਆਂ ਨਾਲ ਜੋੜਣ ਦੇ ਉਪਰਾਲੇ ਸਿੱਖਿਆ ਵਿਭਾਗ ਵੱਲੋਂ ਕੀਤੇ ਗਏ ਹਨ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਅਧਿਆਪਕ ਵੀ ਸਾਹਿਤ ਨੂੰ ਰਚਣ ਦੀ ਰੂਚੀ ਰੱਖਦੇ ਹਨ| ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੀਆਂ ਖ਼ੂਬਸੂਰਤ ਤੇ ਸਮਾਜਿਕ ਚੇਤਨਾ ਵਾਲੀਆਂ ਰਚਨਾਵਾਂ ਨਾਲ ਮਾਪਿਆਂ ਨੂੰ ਪ੍ਰੇਰਿਤ ਕਰ ਸਕਦੇ ਹਨ|

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਤਿਆਰ ਕੀਤੇ ਗਏ ਗੀਤ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਆਪਕਾਂ ਵਿੱਚ ਹੁਨਰ ਹੈ| ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਅਧਿਆਪਕ ਹਰਮਨਜੀਤ ਜ਼ਿਲ੍ਹਾ ਮਾਨਸਾ ਦੁਆਰਾ ਇਹ ਗੀਤ ਲਿਖਿਆ ਗਿਆ ਹੈ| ਇਸ ਗੀਤ ਵਿੱਚ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਸਿੱਖਣ, ਪੜ੍ਹਣ ਤੇ ਲਿਖਣ ਦੀ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਉੱਥੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਗੁਣਾਤਮਿਕ ਸਿੱਖਿਆ ਸਹੂਲਤਾਂ ਅਤੇ ਸਹਿ-ਅਕਾਦਮਿਕ ਸਹੂਲਤਾਂ ਨੂੰ ਵੀ ਦਰਸਾਉਂਦਿਆਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅੰਦਰ ਛਿਪੇ ਕਲਾਕਾਰਾਂ ਦੇ ਹੁਨਰ ਨੂੰ ਪੇਸ਼ ਕਰਨ ਦਾ ਵੀ ਵੱਡਮੁੱਲਾ ਯਤਨ ਕੀਤਾ ਗਿਆ ਹੈ|

ਪੰਜਾਬ ਦੇ ਵੱਖ-ਵੱਖ ਜ਼ਿਲ਼੍ਹਿਆਂ ਦੇ ਸਰਕਾਰੀ ਸਕੂਲਾਂ ਵਿੱਚ ਗੀਤ ਦਾ ਫਿਲਮਾਂਕਣ ਕਰਕੇ ਅਤੇ ਇਸਨੂੰ ਇੱਕ ਪ੍ਰਭਾਵਸ਼ਾਲੀ ਵਿਜ਼ੂਅਲ ਇਫੈਕਟਾਂ ਨਾਲ ਮਨਾਂ ਨੂੰ ਛੂੰਹਦੀ ਕਲਾਕ੍ਰਿਤ ਤਿਆਰ ਕਰਨ ਦਾ ਸਫਲ ਯਤਨ ਕੀਤਾ ਗਿਆ ਹੈ| ਇਸ ਗੀਤ ਦੇ ਗੀਤਕਾਰ ਹਰਮਨਜੀਤ ਨੇ ਖੁਸ਼ੀ ਨਾਲ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਹਿਲੀ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰੀ ਦਾ ਅਹਿਸਾਸ ਜਤਾਉਂਦਾ, ਪੰਜਾਬੀ ਮਾਂ-ਬੋਲੀ ਦੀ ਅਮੀਰੀ ਨੂੰ ਦਰਸਾਉਂਦਾ, ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਾਤਮਿਕਤਾ ਦੀ ਝਲਕ ਪੇਸ਼ ਕਰਦਾ ਅਤੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈਣ ਲਈ ਪ੍ਰੇਰਦਾ ਗੀਤ ਲਿਖਣ ਲਈ ਅਧਿਆਪਕ ਹੋਣ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ| ਉਹਨਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੌਕਾ ਉਹਨਾਂ ਲਈ ਸਦਾ ਯਾਦਗਾਰੀ ਰਹੇਗਾ|

ਗੀਤ ਦੇ ਬੋਲ ਹਨ:
ਸੋਹਣਾ ਸੋਹਣਾ ਪਾ ਲਓ ਊੜਾ, ਗੋਦੀ ਵਿੱਚ ਖਿਡਾ ਲਓ ਊੜਾ
ਬੀਜ ਲਓ ਤੇ ਵਾਹ ਲਓ ਊੜਾ, ਭੁੱਖ ਲਗੇ ਤਾਂ ਖਾ ਲਓ ਊੜਾ
ਪੜ੍ਹੋ ਪੰਜਾਬ ਪੜ੍ਹੋ ਪੰਜਾਬ , ਪੌੜ੍ਹੀ-ਪੌੜ੍ਹੀ ਚੜ੍ਹੋ ਪੰਜਾਬ,
ਰਹਿ ਨਾ ਜਾਵੇ ਹੁਣ ਕੋਈ ਵਾਂਝਾ, ਪੜ੍ਹੋ ਪੰਜਾਬ ਸਭ ਦਾ ਸਾਂਝਾ
ਮਿਲ ਕੁ ਪੂਰੇ ਕਰੀਏ ਖ਼ੁਆਬ, ਆਪਣੇ ਹੱਥਾਂ ਵਿੱਚ ਪੰਜਾਬ
ਅੱਖ਼ਰ ਇਨਕਲਾਬ ਦੇ ਸਦਕਾ, ਅਨਪੜ੍ਹਤਾ ਨਾਲ ਲੜ੍ਹੋ ਪੰਜਾਬ

ਪੜ੍ਹੋ ਪੰਜਾਬ, ਪੜ੍ਹੋ ਪੰਜਾਬ
ਅੱਡੀ ਟੱਪਾ ਮਾਰ ਛੜੱਪਾ, 
ਬੇਸ਼ਕ ਪੈਰੀਂ ਚੁਭਦੇ ਕੰਡੇ, ਖੇਡਾਂ ਵਿੱਚ ਵੀ ਗੱਡ ਦੋ ਝੰਡੇ
ਆ ਜਾ ਕੌਡੀ ਪਾ ਲੈ ਬੀਬਾ, ਕੌਡੀ-ਕੌਡੀ-ਕੌਡੀ, ਲੰਮੀ ਛਾਲ ਲਗਾ ਲੈ ਬੀਬਾ
ਸੋਨ ਚਾਂਦੀ ਦੇ ਮੈਡਲ ਜਿੱਤਕੇ, ਸ਼ੀਸ਼ਿਆਂ ਦੇ ਵਿੱਚ ਜੜ੍ਹੋ ਪੰਜਾਬ

ਪੜ੍ਹੋ ਪੰਜਾਬ, ਪੜ੍ਹੋ ਪੰਜਾਬ
ਕੋਟਲਾ ਛਪਾਕੀ ਜੂੰਮੇ ਰਾਤ ਆਈ ਏ, ਜਿਹੜਾ ਅੱਗੇ ਪਿੱਛੇ ਦੇਖੇ ਓਹਦੀ ਸ਼ਾਮਤ ਆਈ ਏ
ਪੜ੍ਹਦੇ ਜਾਓ ਲਿਖਦੇ ਜਾਓ, ਨਵੀਆਂ ਗੱਲਾਂ ਸਿੱਖਦੇ ਜਾਓ
ਮੁਸ਼ਕਿਲ ਮੂਹਰੇ ਅੜ੍ਹ ਜਾਣਾ ਹੈ, ਸੂਰਜ ਬਣਕੇ ਚੜ੍ਹ ਜਾਣਾ ਹੈ
ਮੋਢਿਆਂ ਵਿੱਚ ਪਾ ਲਓ ਬਸਤੇ, ਹੱਥ ਵਿੱਚ ਕਲਮਾਂ ਫੜ੍ਹੋ ਪੰਜਾਬ
ਪੜ੍ਹੋ ਪੰਜਾਬ-ਪੜ੍ਹੋ ਪੰਜਾਬ, ਪੌੜੀ-ਪੌੜੀ ਚੜ੍ਹੋ ਪੰਜਾਬ

ਇਸ ਮੌਕੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤਾਇਅਬ, ਡੀਪੀਆਈ ਸੈਕੰਡਰੀ ਸੁਖਜੀਤਪਾਲ ਸਿੰਘ, ਡੀਪੀਆਈ ਐਲੀਮੈਂਟਰੀ ਇੰਦਰਜੀਤ ਸਿੰਘ ਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਹਾਜ਼ਰ ਸਨ|