ਸੱਤਾਧਾਰੀ ਕਾਂਗਰਸ ਬਠਿੰਡਾ ਤੇ ਫ਼ਿਰੋਜ਼ਪੁਰ ਲਈ ਨੌਜਵਾਨ ਚਿਹਰੇ ਲਿਆਵੇਗੀ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮਰਿੰਦਰ ਰਾਜਾ ਵੜਿੰਗ ਅਤੇ ਰਮਿੰਦਰ ਆਂਵਲਾ ਨੂੰ ਇਸ਼ਾਰਾ

Amarinder Singh and Sunil Jakhar

ਚੰਡੀਗੜ੍ਹ : ਚਲ ਰਹੀਆਂ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਲਈ ਪੰਜਾਬ ਦੀਆਂ ਕੁਲ 13 ਸੀਟਾਂ ਲਈ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਨੇ ਬੀਜੇਪੀ ਦੀਆਂ ਤਿੰਨ ਸੀਟਾਂ ਛੱਡ ਕੇ ਬਾਕੀ 11 ਸੀਟਾਂ ਵਾਸਤੇ ਉਮੀਦਵਾਰ ਐਲਾਨ ਦਿਤੇ ਹਨ ਜਦੋਂ ਕਿ ਬਠਿੰਡਾ ਤੇ ਫ਼ਿਰੋਜ਼ਪੁਰ ਵਾਸਤੇ ਇਹ ਦੋਵੇਂ ਮਜ਼ਬੂਤ ਧਿਰਾਂ ਇਕ ਦੂਜੇ 'ਤੇ ਨਜ਼ਰ ਲਾਈ ਬੈਠੀਆਂ ਹਨ। ਦੋਵਾਂ ਪਾਰਟੀਆਂ ਹਰ ਤਰ੍ਹਾਂ ਦੇ ਸਰਵੇਖਣ ਕਰਵਾ ਕੇ ਵੋਟਰਾਂ ਦੀ ਸੂਹ ਲੈ ਰਹੀਆਂ ਹਨ ਅਤੇ ਵਖੋ ਵਖਰੇ ਨੇਤਾ ਖੜੇ ਕਰਨ ਦੀ ਸੂਰਤ ਵਿਚ ਜਿੱਤ ਦੇ ਅੰਦਾਜ਼ੇ ਲਾ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਵਾਸਤੇ ਇਹ ਦੋਵੇਂ ਸੀਟਾਂ ਪਿਛਲੀਆਂ 4-5 ਟਰਮਾਂ ਤੋਂ ਮੁੱਛ ਦਾ ਸਵਾਲ ਬਣੀਆਂ ਹੋਣ ਕਰ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰ ਇਕ ਵਾਰੀ ਦਾਅ ਲਾਉਣ ਦੇ ਰੌਂਅ ਵਿਚ ਹਨ। ਕਾਂਗਰਸ ਦੇ ਅੰਦਰੂਨੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਫ਼ਿਰੋਜ਼ਪੁਰ ਸੀਟ ਵਾਸਤੇ ਸ਼ੇਰ ਸਿੰਘ ਘੋਬਾਇਆ, ਜੋ ਪਿਛਲੇ ਦਿਨੀਂ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਆ ਗਏ ਸਨ, ਦੀ ਥਾਂ ਨੌਜਵਾਨ ਚਿਹਰਾ 44 ਸਾਲਾ ਰਮਿੰਦਰ ਆਂਵਲਾ ਨੂੰ ਮੈਦਾਨ ਵਿਚ ਉਤਾਰਨ ਦਾ ਮਨ ਕਾਂਗਰਸ ਨੇ ਬਣਾ ਲਿਆ ਹੈ।

ਸੂਤਰਾਂ ਨੇ ਦਸਿਆ ਕਿ 2004 ਤੋਂ 2006 ਤਕ ਤਿੰਨ ਸਾਲ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਰਹੇ ਮੌਜੂਦਾ ਕਾਂਗਰਸ ਦੇ ਜਨਰਲ ਸਕੱਤਰ ਰਮਿੰਦਰ ਆਂਵਲਾ ਨਾ ਸਿਰਫ਼ ਰਾਹੁਲ ਗਾਂਧੀ ਦੇ ਨੇੜੇ ਹਨ ਬਲਕਿ 42 ਫ਼ੀ ਸਦੀ ਅਰੋੜਾ ਖੱਤਰੀ ਅਬਾਦੀ ਵਾਲੀ ਇਸ ਫ਼ਿਰੋਜ਼ਪੁਰ ਸੀਟ 'ਤੇ ਉਸ ਦੀ ਪਕੜ ਬਾਕੀ ਰਾਏ ਸਿੱਖ 14 ਫ਼ੀ ਸਦੀ, ਬਾਗੜੀਆ-ਬਾਲਮੀਕੀ 12 ਫ਼ੀ ਸਦੀ ਅਤੇ 24 ਫ਼ੀ ਸਦੀ ਜੱਟ ਸਿੱਖਾਂ 'ਤੇ ਵੀ ਕਾਫ਼ੀ ਹੈ। ਕਾਂਗਰਸ ਦੀ ਸੋਚ ਹੈ ਕਿ ਇਹ ਗ੍ਰੈਜੂਏਟ ਨੌਜਵਾਨ ਅਕਾਲੀ ਦਲ ਦੇ ਧੁਨੰਦਰ ਸੁਖਬੀਰ ਬਾਦਲ ਨੂੰ ਪਟਕਣੀ ਦੇ ਸਕਦਾ ਹੈ ਜਦੋਂ ਕਿ ਸ਼ੇਰ ਸਿੰਘ ਘੁਬਾਇਆ ਜੋ ਸਿਰਫ਼ ਟਿਕਟ ਦੀ ਖ਼ਾਤਰ ਕਾਂਗਰਸ ਵਿਚ ਰਲਿਆ ਹੈ, ਕਿਸੇ ਵੀ ਅਕਾਲੀ ਉਮੀਦਵਾਰ ਸਾਹਮਣੇ ਫ਼ੇਲ੍ਹ ਹੋ ਜਾਵੇਗਾ।

ਦੂਜੀ ਵੱਕਾਰੀ ਸੀਟ ਬਠਿੰਡਾ 'ਤੇ ਵੀ ਦਿਲਚਸਪ ਮੁਕਾਬਲੇ ਵਾਸਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੈਰ ਪਿਛੇ ਕਰਨ ਉਪਰੰਤ ਅਤੇ ਡਾ. ਨਵਜੋਤ ਕੌਰ ਸਿੱਧੂ ਦੀ ਜੱਕੋ ਤੱਕੀ ਨੂੰ ਭਾਂਪਦਿਆਂ ਕਾਂਗਰਸ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਗਿੱਦੜਬਾਹਾ ਤੋਂ ਦੋ ਵਾਰ ਵਿਧਾਇਕ ਰਹੇ, ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਨੌਜਵਾਨ ਅਮਰਿੰਦਰ ਰਾਜਾ ਵੜਿੰਗ ਨੂੰ ਹਰਸਿਮਰਤ ਕੌਰ ਦੇ ਸਾਹਮਣੇ ਡਾਹਿਆ ਜਾਵੇ। ਭਾਵੇਂ ਕਈ ਹੋਰ ਸੀਟਾਂ 'ਤੇ ਕਾਂਗਰਸੀ ਉਮੀਦਵਾਰ ਐਲਾਨੇ ਜਾਣ 'ਤੇ ਕਈ ਟਿਕਟ ਦਾਅਵੇਦਾਰ ਕਾਂਗਰਸੀ ਨੇਤਾਵਾਂ ਨੇ ਬਾਗ਼ੀ ਸੁਰਾਂ ਅਲਾਪੀਆਂ ਹਨ ਅਤੇ ਅਜੇ ਵੀ ਜਾਰੀ ਹਨ ਪਰ ਕਾਂਗਰਸ ਦੀ ਅੰਦਰੂਨੀ ਸੱਚਾਈ ਇਹ ਹੈ ਕਿ ਬਠਿੰਡਾ ਸੀਟ ਤੋਂ ਚੋਣ ਮੈਦਾਨ ਵਿਚ ਆਉਣ ਵਾਸਤੇ, ਹਰਸਿਮਰਤ ਕੌਰ ਦੇ ਮੁਕਾਬਲੇ ਕਾਫ਼ੀ ਝਿਜਕ ਦਿਖਾਈ ਦਿੰਦੀ ਹੈ।

ਕਾਂਗਰਸ ਦਾ ਮੁੱਖ ਮੁੱਦਾ ਕੇਵਲ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਰਾਹੁਲ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਨੇੜੇ ਪਹੁੰਚਾਉਣਾ ਹੈ ਜਦੋਂ ਕਿ ਅਕਾਲੀ ਦਲ ਅਪਣੀ ਸਾਖ ਤੇ ਹੋਂਦ ਬਚਾਉਣ ਲਈ ਹਰ ਤਰ੍ਹਾਂ ਦੇ ਹਥਿਆਰ ਵਰਤਣ ਦਾ ਆਦੀ ਹੈ। ਬਠਿੰਡਾ ਵਾਸਤੇ 'ਆਪ' ਨੇ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ਅਤੇ ਪੰਜਾਬ ਏਕਤਾ ਪਾਰਟੀ ਨੇ ਭੁਲੱਥ ਤੋਂ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਨੂੰ ਉਮੀਦਵਾਰ ਐਲਾਨਿਆ ਹੈ। ਇਸ ਤਰ੍ਹਾਂ ਫ਼ਿਰੋਜ਼ਪੁਰ ਸੀਟ ਤੋਂ 'ਆਪ' ਦੇ ਹਰਜਿੰਦਰ ਸਿੰਘ ਕਾਕਾ ਸਰਾਂ ਅਤੇ ਏਕਤਾ ਪਾਰਟੀ ਦੇ ਹੰਸ ਰਾਜ ਗੋਲਡਨ ਨੂੰ ਖੜਾ ਕੀਤਾ ਹੈ।