ਲੋਕ ਸਭਾ ਚੋਣਾਂ : ਸੱਤਾਧਾਰੀ ਕਾਂਗਰਸ ਲਈ ਪਰਖ ਦੀ ਘੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ-ਭਾਜਪਾ ਵਾਸਤੇ ਹੋਂਦ ਬਚਾਉਣ ਦਾ ਮੌਕਾ 

Congress

ਚੰਡੀਗੜ੍ਹ : ਪੰਜਾਬ ਦੀਆਂ 13 ਸੀਟਾਂ ਲਈ ਸੱਤਾਧਾਰੀ ਕਾਂਗਰਸ ਨੇ 11 ਉਮੀਦਵਾਰ, ਅਕਾਲੀ ਦਲ ਨੇ 10 ਵਿਚੋਂ 7 ਅਤੇ ਭਾਜਪਾ ਨੇ 3 ਵਿਚੋਂ ਅਜੇ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਜਦੋਂ ਕਿ ਵਿਰੋਧੀ ਘਿਰ ਦਾ ਦਰਜਾ ਪ੍ਰਾਪਤ ਆਪ ਨੇ 11 ਉਮੀਦਵਾਰਾਂ ਦਾ ਫ਼ੈਸਲਾ ਕਰ ਲਿਆ ਹੈ। ਅਗਲੇ ਮੀਨੇ 19 ਮਈ ਨੂੰ ਪੰਜਾਬ ਦੇ 20374375 ਵੋਟਰਾਂ ਨੇ ਇਨ੍ਹਾਂ ਚਾਰ ਵੱਡੀਆਂ ਪਾਰਟੀਆਂ ਅਤੇ ਅੱਡ ਅੱਡ ਗਰੁਪਾਂ ਦੇ ਭਵਿੱਖ ਦਾ ਫ਼ੈਸਲਾ ਕਰਨਾ ਹੈ। ਇਸ ਸਰਹੱਦੀ ਸੂਬੇ ਦੀਆਂ ਇਨ੍ਹਾਂ 13 ਸੀਟਾਂ ਨੇ ਕੇਂਦਰ ਵਿਚ ਅਗਲੀ ਸਰਕਾਰ ਦੀ ਸਥਾਪਤੀ ਵਿਚ ਅਪਣਾ ਹਿੱਸਾ ਪਾਉਣਾ ਹੈ।

ਇਸ ਲਈ ਕਾਂਗਰਸ ਲਈ ਪਿਛਲੇ 2 ਸਾਲਾਂ ਵਿਚ ਕੀਤੀ ਸਰਕਾਰ ਦੀ ਪ੍ਰਾਪਤੀ ਵਾਸਤੇ ਪਰਖ ਦੀ ਘੜੀ ਹੈ ਜਦੋਂ ਕਿ ਅਕਾਲੀ ਭਾਜਪਾ 10-3 ਸੀਟਾਂ ਦੇ ਅਨੁਪਾਤ ਨਾਲ ਅਪਣੀ ਹੋਂਦ ਬਚਾਉਣ ਲਈ ਮੋਦੀ ਸਰਕਾਰ ਦੇ ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਉਤੇ ਨਜ਼ਰ ਲਾਈ ਬੈਠਾ ਹੈ। ਕਈ ਗਰੁਪਾਂ ਤੇ ਗੁਟਾਂ ਵਿਚ ਵੰਡੀ ਆਪ ਦੇ ਝਾੜੂ ਦਾ ਖਿਲਰ ਚੁੱਕਾ ਤੀਲਾ ਤੀਲਾ ਹੁਣ ਸਾਂਭਣ ਵਿਚ ਇਸ ਦੇ ਨੇਤਾ ਰੁਝੇ ਹੋਏ ਹਨ ਅਤੇ ਪਿਛਲੀ ਵਾਰੀ ਇੱਕੋ ਵਾਰੀ ਇੱਕੋ ਹੰਭਲੇ ਚ 4 ਸੀਟਾਂ ਜਿੱਤਣ ਵਾਲੀ ਇਸ ਨਵੀਂ ਪਾਰਟੀ ਨੂੰ ਤਾਂ ਅਪਣੇ ਪ੍ਰਧਾਨ ਭਗਵੰਤ ਮਾਨ ਦੀ ਸੰਗਰੂਰ ਸੀਟ ਵੀ ਬਚਾਉਣੀ ਮੁਸੀਬਤ ਲੱਗ ਰਹੀ ਹੈ।

ਜੇ ਪਿਛਲੇ 21 ਸਾਲਾਂ ਵਿਚ ਹੋਇਆ 1998,99,2004,09 ਤੋਂ 2014 'ਚ ਪਾਰਟੀਆਂ ਦੀ ਵੋਟ ਪ੍ਰਤੀਸ਼ਤ ਅਤੇ ਜਿੱਤੀਆਂ ਸੀਟਾਂ 'ਤੇ ਨਜ਼ਰ ਮਾਰੀਏ ਤਾਂ ਕਾਂਗਰਸ ਨੇ 1998 ਚ 25.85 ਪ੍ਰਤੀਸ਼ਤ ਵੋਟ ਲਈ ਸੀ, ਪਰ ਕੋਈ ਸੀਟ ਨਹੀਂ ਪ੍ਰਾਪਤ ਹੋਈ, ਪਰ 1999 'ਚ 38.44 ਪ੍ਰਤੀਸ਼ਤ ਵੋਟ ਲੈ ਕੇ ਕਾਂਗਰਸ ਨੇ 8 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਮਗਰੋਂ 2004 'ਚ ਕੇਵਲ 2 ਸੀਟਾਂ ਮਿਲੀਆਂ ਭਾਵੇਂ ਵੋਟ ਪ੍ਰਤੀਸ਼ਤ 34 ਤੋਂ ਵੱਧ ਸੀ। ਅਗਲੀ ਵਾਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ 2009 'ਚ 45 ਫੀ ਸਦੀ ਤੋਂ ਵੱਧ ਵੋਟਾਂ ਲੈ ਕੇ ਕਾਂਗਰਸ ਨੇ ਫਿਰ 8 ਸੀਟਾਂ ਜਿੱਤੀਆਂ ਅਤੇ 2014 ਦੀ ਮੋਦੀ ਦੀ ਹਨੇਰੀ ਵੇਲੇ ਕੇਵਲ 3 ਥਾਵਾਂ 'ਤੇ ਕਾਂਗਰਸੀ ਨੇਤਾ ਜਿੱਤੇ ਅਤੇ ਡੇਢ ਸਾਲ ਪਹਿਲਾਂ ਜ਼ਿਮਨੀ ਚੋਣ ਵੇਲੇ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ-ਸਭਾ ਸੀਟ ਰਿਕਾਰਡ 1,93,000 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਕਾਂਗਰਸ ਨੂੰ ਮੂਹਰਲੀ ਕਤਾਰ 'ਚ ਖੜ੍ਹਾ ਕੀਤਾ।

ਮੌਜੂਦਾ ਹਾਲਾਤ ਚ ਪੰਜਾਬ ਦੀਆਂ 13 ਸੀਟਾਂ ਚੋਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਗੁਰਦਾਸਪੁਰ ਸੱਤਾਧਾਰੀ ਕਾਂਗਰਸ ਕੋਲ ਹੈ ਅਤੇ 4 ਹੀ ਸੀਟਾਂ ਯਾਨੀ ਬਠਿੰਡਾ, ਫ਼ਿਰੋਜ਼ਪੁਰ, ਖਡੂਰ ਸਾਹਿਬ ਤੇ ਅਨੰਦਪੁਰ ਸਾਹਿਬ ਇਸ ਵੇਲੇ ਅਕਾਲੀ ਦਲ ਦੇ ਖਾਤੇ ਚ ਹਨ। ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ, ਅਤੇ ਖਡੂਰ ਸਾਹਿਬ ਦੇ ਜੇਤੂ ਰਣਜੀਤ ਸਿੰਘ ਬ੍ਰਹਮਪੁਰਾ ਵੀ ਅਕਾਲੀ ਦਲ ਨੂੰ  ਛੱਡ ਗਏ ਹਨ। 'ਆਪ' ਦੇ ਹੱਕ 'ਚ ਚੱਲੀ ਹਵਾ ਦੌਰਾਨ 2014 'ਚ ਲੋਕ ਸਭਾ ਚੋਣਾਂ 'ਚ 'ਆਪ' ਪੰਜਾਬ 'ਚ ਚਾਰ ਸੀਟਾਂ ਪ੍ਰਾਪਤ ਹੋਈਆਂ ਸਨ ਪਰ ਇਕ ਸਾਲ ਬਾਅਦ ਹੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਤੇ ਅਪਣੀ ਧੌਂਸ ਜਮਾਉਂਦੇ ਹੋਏ ਪਟਿਆਲਾ ਦੇ ਐਮਪੀ ਡਾ. ਧਰਮਵੀਰ ਗਾਂਧੀ ਅਤੇ ਫ਼ਤਹਿਗੜ੍ਹ ਸਾਹਿਬ ਦੇ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੂੰ ਮੁਅੱਤਲ ਕਰ ਦਿਤਾ ਸੀ।

ਹੁਣ ਖ਼ਾਲਸਾ ਭਾਜਪਾ 'ਚ ਰਲ ਗਏ ਹਨ ਜਦੋਂਕਿ ਡਾ. ਗਾਂਧੀ ਐਤਕੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਮੁੜ ਪਟਿਆਲਾ ਤੋਂ ਹੀ ਮਹਾਂਰਾਣੀ ਪ੍ਰਨੀਤ ਕੌਰ ਅਤੇ ਅਕਾਲੀ ਦਲ ਦੇ ਸੁਰਜੀਤ ਰੱਖੜਾ ਵਾਸਤੇ ਚਿੰਤਾ ਦੇ ਕੇਂਦਰ ਬਿੰਦੂ ਬਣੇ ਹੋਏ ਹਨ। ਦੋਵੇਂ ਵਿਰੋਧੀ ਧਿਰਾਂ 'ਆਪ' ਅਤੇ ਅਕਾਲੀ ਦੀ ਦੇ ਖੇਰੂੰ-ਖੇਰੂੰ ਹੋਣ ਦੀ ਸੂਰਤ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜੋ ਵੋਟਰਾਂ 'ਤੇ ਜਾਦੂ ਚੱਲ ਗਿਆ ਤਾਂ ਕਾਂਗਰਸ ਦਾ ਕੇਂਦਰੀ ਟੀਚਾ, ਕਿ ਰਾਹੁਲ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਨੇੜੇ ਪਹੁੰਚੇ, ਲਗਦਾ ਹੈ, ਸਰ ਹੋ ਜਾਵੇਗਾ।

ਦੂਜੇ ਪਾਸੇ ਨਰਿੰਦਰ ਮੋਦੀ ਦੇ ਆਉਣ ਵਾਲੇ ਧੂੰਆਧਾਰ ਪ੍ਰਚਾਰ 'ਤੇ ਭਾਜਪਾ ਦੀਆਂ 3 ਸੀਟਾਂ ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ 'ਚ ਵੋਟਰਾਂ ਦੇ ਮਨਾਂ 'ਚ ਰਾਸ਼ਟਰਵਾਦੀ ਵਿਚਾਰਧਾਰਾ ਦੇ ਨਾਲ ਨਾਲ ਅਕਾਲੀ ਸਿਰਕੱਢ ਨੇਤਾਵਾਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਤੇ ਬੀਬੀ ਜਗੀਰ ਕੌਰ ਸਮੇਤ ਸਾਫ਼ ਅਕਸ ਵਾਲੇ ਪਰਮਿੰਦਰ ਢੀਂਡਸਾ ਨੂੰ ਮਿਲਣ ਵਾਲੇ ਹੁੰਗਾਰੇ 'ਤੇ ਬਹੁਤ ਕੁੱਝ ਨਿਰਭਰ ਕਰਦਾ ਹੈ। 'ਆਪ' ਤੋਂ ਅੱਡ ਹੋਏ ਸੁਖਵਪਾਲ ਖਹਿਰਾ, ਡਾ. ਗਾਂਧੀ, ਬੈਂਸ ਭਰਾ, ਟਕਸਾਲੀ ਨੇਤਾ ਤੇ ਹੋਰ ਕਈ ਨੁਕਤੇ ਵੀ ਪੰਜਾਬ ਦੀਆਂ ਕਈ ਸੀਟਾਂ 'ਤੇ ਬਣਦੇ ਚਹੁੰ ਕੋਨੇ ਮੁਕਾਬਲਿਆਂ 'ਚ ਵੋਟਾਂ ਖ਼ਰਾਬ ਕਰਨ ਦੀ ਭੂਮਿਕਾ ਨਿਭਾਉਣਗੇ।