ਭਾਜਪਾ ਨੇ ਅੰਮ੍ਰਿਤਸਰ 'ਚ ਉਤਾਰਿਆ ਸਿੱਖ ਉਮੀਦਵਾਰ, 2014 ਦੀ ਹਾਰ ਦਾ ਬਦਲਾ ਲਵਾਂਗੇ : ਹਰਦੀਪ ਪੁਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਸੂਬੇ ਵਿਚ ਕਾਂਗਰਸ ਸਰਕਾਰ ਵਿਰੁੱਧ ਮਜ਼ਬੂਤ ਸੱਤਾ ਵਿਰੋਧੀ ਲਹਿਰ ਹੈ

Hardeep Singh Puri

ਅੰਮ੍ਰਿਤਸਰ : ਅਪਣੀਆਂ ਪਹਿਲੀਆਂ ਚੋਣਾਂ ਇਸ ਪਵਿੱਤਰ ਨਗਰ ਤੋਂ ਲੜਣ ਸਬੰਧੀ ਉਤਸ਼ਾਹਿਤ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਭਾਜਪਾ 2014 ਦੀ ਹਾਰ ਦਾ ਅਪਣਾ ਬਦਲਾ ਲਵੇਗੀ ਕਿਉਂਕਿ ਉਸ ਨੇ ਇਕ ਸਿੱਖ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਅਤੇ ਭਾਈਚਾਰੇ ਦਾ ਵੋਟ ''ਨਿਸ਼ਚਤ ਤੌਰ 'ਤੇ ਇਕਜੁਟ' ਹੋ ਰਿਹਾ ਹੈ। ਹਰਦੀਪ ਪੁਰੀ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਨੇ 2014 'ਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ, ਜੋ ਸੰਸਦ ਮੈਂਬਰ ਹੋਣ ਦੇ ਬਾਵਜੂਦ 3 ਸਾਲ ਤਕ ਇੱਥੇ ਨਹੀਂ ਆਏ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਭਾਜਪਾ ਦੇ ਦਿੱਗਜ ਨੇਤਾ ਅਰੁਣ ਜੇਤਲੀ ਨੂੰ 1 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।

ਸਾਲ 2017 ਵਿਚ ਪੰਜਾਬ ਦਾ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਕੈਪਟਨ ਨੇ ਲੋਕ ਸਭਾ ਮੈਂਬਰ ਦੇ ਤੌਰ 'ਤੇ ਅਸਤੀਫਾ ਦੇ ਦਿੱਤਾ ਸੀ। ਪੁਰੀ ਨੇ ਕਿਹਾ, ''2014 ਵਿਚ ਉਮੀਦ ਸੀ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ, ਦੋਖੋ ਅੰਮ੍ਰਿਤਸਰ ਨੇ ਜੋ ਮੌਕਾ ਗਵਾਇਆ? ਜਿਥੇ ਵੀ ਮੈਂ ਜਾਂਦਾ ਹਾਂ ਲੋਕ ਮੈਨੂੰ ਕਹਿੰਦੇ ਹਨ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣ ਕੇ ਵੱਡੀ ਗ਼ਲਤੀ ਕੀਤੀ ਜੋ ਅੰਮ੍ਰਿਤਸਰ ਨਹੀਂ ਆਏ। ਪੁਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਪਾਰਟੀ 2014 ਦੀ ਆਪਣੀ ਹਾਰ ਦਾ ਬਦਲਾ ਲਵੇਗੀ।'' ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਵਿਰੁੱਧ ਮਜ਼ਬੂਤ ਸੱਤਾ ਵਿਰੋਧੀ ਲਹਿਰ ਹੈ। 

ਇਸ ਸਵਾਲ 'ਤੇ ਭਾਜਪਾ ਦੇ ਇਕ ਹਿੰਦੂਤਵ ਪਾਰਟੀ ਹੋਣ ਦੀ ਧਾਰਨਾ ਦਾ ਸਿੱਖ ਬਹੁਲ ਅੰਮ੍ਰਿਤਸਰ ਵਿਚ ਕੀ ਅਸਰ ਪਾਵੇਗਾ, ਤਾਂ ਇਸ ਦੇ ਜਵਾਬ ਵਿਚ ਪੁਰੀ ਨੇ ਕਿਹਾ ਕਿ ਭਾਜਪਾ ਸਾਰੇ ਭਾਈਚਾਰੇ ਲੋਕਾਂ ਲਈ ਹੈ ਅਤੇ ਮੈਂ ਇਕ ਸਿੱਖ ਚਿਹਰਾ ਹਾਂ। ਪਾਰਟੀ ਨੇ ਸਿੱਖ ਉਮੀਦਵਾਰ ਨੂੰ ਉਤਾਰਿਆ ਹੈ। ਸਿੱਖ ਭਾਈਚਾਰੇ ਦੀ ਵੋਟ ਨਿਸ਼ਚਿਤ ਤੌਰ 'ਤੇ ਇਕਜੁਟ ਹੋ ਰਹੀ ਹੈ। ਸਥਿਤੀ ਕਾਫੀ ਹੱਦ ਤਕ ਸਾਡੇ ਪੱਖ ਵਿਚ ਹੈ। ਅੰਮ੍ਰਿਤਸਰ ਵਿਚ ਵੋਟਿੰਗ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਯਾਨੀ ਕਿ 19 ਮਈ ਨੂੰ ਹੋਣਗੀਆਂ। ਹਰਦੀਪ ਪੁਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੰਮ੍ਰਿਤਸਰ ਵਿਚ 2019 ਦੀਆਂ ਲੋਕ ਸਭਾ ਚੋਣਾਂ 2014 ਤੋਂ ਅਲੱਗ ਹਨ।

ਸਾਲ 1984 ਸਿੱਖ ਕਤਲੇਆਮ ਮੁੱਦਾ ਹੈ, ਜਿਸ ਨੂੰ ਸੈਮ ਪਿਤ੍ਰੋਦਾ ਵਲੋਂ ਹੋਰ ਗੁੰਝਲਦਾਰ ਬਣਾ ਦਿਤਾ ਗਿਆ ਹੈ। ਕਾਂਗਰਸ ਨੇਤਾ ਸੈਮ ਪਿਤ੍ਰੋਦਾ ਨੇ ਸਿੱਖ ਵਿਰੋਧੀ ਦੰਗਿਆਂ 'ਤੇ ਅਪਣੀ 'ਹੋਇਆ ਤਾਂ ਹੋਇਆ' ਟਿੱਪਣੀ ਤੋਂ ਵਿਵਾਦ ਪੈਦਾ ਕਰ ਦਿਤਾ ਸੀ। ਟਿੱਪਣੀ ਵਿਚ ਭਾਜਪਾ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਨਿੰਦਾ ਕੀਤੀ ਗਈ। ਗਾਂਧੀ ਨੇ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਵੀ ਕਿਹਾ। ਜ਼ਿਕਰਯੋਗ ਹੈ ਕਿ ਪੁਰੀ ਦਾ ਸਿੱਧਾ ਮੁਕਾਬਲਾ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨਾਲ ਹੈ, ਜੋ 2017 ਵਿਚ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਇੱਥੋਂ ਚੋਣ ਜਿੱਤੇ ਸਨ।