ਰਾਜਾ ਵੜਿੰਗ ਨੇ ਬਾਦਲਾਂ ਨੂੰ ਲੰਬੀ ਹਲਕੇ ‘ਚ ਲਲਕਾਰਿਆ
ਲੰਬੀ ਤੋਂ ਮੈਂ ਸ਼ੁਰੂ ਕਰਾਂਗਾ ਬਾਦਲਾਂ ਦਾ ਪਤਨ : ਰਾਜਾ ਵੜਿੰਗ
ਚੰਡੀਗੜ੍ਹ: ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਨੌਜਵਾਨ ਨੇਤਾ ਹਨ, ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਹੇ ਹਨ, ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਕਾਫ਼ੀ ਨਜ਼ਦੀਕੀ ਰਹੇ ਹਨ ਤੇ ਉਨ੍ਹਾਂ ਦੇ ਹਰਮਨ ਪਿਆਰੇ ਹਨ। ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਰਾਜਾ ਵੜਿੰਗ ਨੇ ‘ਸਪੋਕਸਮੈਨ TV’ ਦੇ ਸੀਨੀਅਰ ਪੱਤਰਕਾਰ ‘ਨੀਲ ਭਲਿੰਦਰ ਸਿੰਘ’ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਪੰਜਾਬ ਦੀ ਸਿਆਸਤ ਲੈ ਕੇ ਕੁਝ ਅਹਿਮ ਤੱਥ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।
ਸਵਾਲ: ਵੜਿੰਗ ਸਾਬ੍ਹ ਕਿਵੇਂ ਐ ਜੀ ਅੰਬ ਦਾ ਆਚਾਰ?
ਜਵਾਬ: ਰੋਜ਼ ਅੰਬ ਦਾ ਆਚਾਰ ਹੀ ਖਾਂਦੇ ਹੁੰਦੇ ਆ ਅਸੀਂ ਕਿਉਂਕਿ ਭੁੱਖ ਬਹੁਤ ਲੱਗੀ ਹੁੰਦੀ ਹੈ। ਜਿਸਨੂੰ ਭੁੱਖ ਲੱਗੀ ਹੁੰਦੀ ਹੈ ਫੇਰ ਚਾਹੇ ਅੰਬ ਦਾ ਆਚਾਰ ਹੋਵੇ, ਚਾਹੇ ਮਿਰਚਾਂ ਹੋਵੇ ਤਾਂ ਖਾਣ 'ਚ ਬਹੁਤ ਸੁਆਦ ਲਗਦੀ ਹੈ।
ਸਵਾਲ: ਪਰ ਇਸ ਵਾਰ ਤੁਹਾਨੂੰ ਬਾਦਲਾਂ ਦੀ ਭੁੱਖ ਲੱਗੀ ਹੋਈ ਹੈ ਜੋ ਕਿ ਉਨ੍ਹਾਂ ਨੂੰ ਖਾ ਕੇ ਮਿਟਣੀ ਹੈ, ਸਿਆਸੀ ਤੌਰ ‘ਤੇ ਲਗਦੈ ਕਿ ਖਾ ਲਓਗੇ।
ਜਵਾਬ: ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ. ਬੀਬੀ ਬਾਦਲ ਨੇ ਬੁਖਲਾਹਟ ‘ਚ ਆ ਕੇ ਮੈਨੂੰ ਗੁੰਡਾ ਕਹਿ ਦਿੱਤਾ ਕਿ ਰਾਜਾ ਵੜਿੰਗ ਇਕ ਗੁੰਡਾ ਹੈ ਹਾਲਾਂਕਿ ਮੈਂ ਕਦੇ ਵੀ ਅੱਜ ਤੱਕ ਗੁੰਡੇ ਵਾਲੀ ਕੋਈ ਹੀ ਨਹੀਂ ਕੀਤੀ। ਸੋ ਜਿਵੇਂ ਬੀਬੀ ਬਾਦਲ ਵਾਸਤੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਜੀਠੀਆ ਸਾਰਾ ਪਰਵਾਰ ਇੱਥੇ ਆ ਕੇ ਬੈਠ ਗਿਆ ਹੈ।
ਇਥੇ ਤੱਕ ਕਿ ਅਪਣੇ ਬੱਚਿਆਂ ਨੂੰ ਵੀ ਵੋਟਾਂ ਮੰਗਣ ਲਈ ਭੇਜ ਦਿੱਤਾ ਗਿਆ, ਸੁਖਬੀਰ ਬਾਦਲ ਦਾ ਬੇਟਾ ਵੋਟਾਂ ਮੰਗ ਰਿਹਾ ਹੈ, ਸੁਖਬੀਰ ਬਾਦਲ ਦੀ ਬੇਟੀ ਵੋਟਾਂ ਮੰਗ ਰਹੀ ਹੈ। ਅੱਜ ਸੰਨੀ ਦਿਉਲ, ਮੋਦੀ ਆ ਰਿਹਾ ਮੈਂ ਸੁਣਿਆ ਹੈ। ਜੋ ਕੁਝ ਕਰਨੈ ਉਹ ਸਭ ਕੁਝ ਕਰ ਰਹੇ ਹਨ, ਮਜੀਠੀਆ ਸਾਰਾ ਮਾਝਾ ਛੱਡ ਕੇ ਇੱਥੇ ਬੈਠਾ ਹੈ। ਮੈਨੂੰ ਲਗਦੈ ਇਸ ਵਾਰ ਕਿਲ੍ਹਾ ਫ਼ਤਿਹ ਹੋ ਜਾਣਾ ਹੈ।
ਸਵਾਲ: ਪਰ ਕਿਲ੍ਹਾ ਫ਼ਤਹਿ ਕਰਨ ਲਈ ਜੇ ਤੁਹਾਨੂੰ ਇਨ੍ਹਾ ਸੌਖਾ ਲਗਦੈ ਤਾਂ ਤੁਹਾਡੇ ‘ਤੇ ਇਲਜ਼ਾਮ ਲੱਗਾ ਹੈ ਕਿ ਤੁਸੀਂ ਵੋਟਾਂ ਦਾ ਧਰੂਵੀਕਰਨ ਕਰ ਰਹੇ ਹੋ, ਅਤਿਵਾਦ ਦੇ ਨਾਂ ‘ਤੇ ਤੁਸੀਂ ਹਿੰਦੂ ਭਾਈਚਾਰੇ ਦੀ ਵੋਟ ਨੂੰ ਅਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ, ਕੀ ਇਹ ਸੱਚੀ ਗੱਲ ਹੈ?
ਜਵਾਬ: ਵਾਹਜਾਤ ਗੱਲ ਹੈ ਅਤਿਵਾਦ ਨਹੀਂ ਹੁੰਦਾ ਸੀ, ਮੈਂ ਅਤਿਵਾਦ ਦੀ ਗੱਲ ਕੀਤੀ ਹੈ। 1992 ਵਿਚ ਅਤਿਵਾਦ ਦਾ ਜ਼ੋਰ ਸੀ, ਕਈ ਸ਼ਰਾਰਤੀ ਅਨਸਰਾਂ ਨੇ ਹਿੰਦੂਆਂ ਤੇ ਸਿੱਖਾਂ, ਨੂੰ ਮਾਰ ਮੁਕਾਇਆ ਸੀ ਤੇ ਗੋਲੀ ਮਾਰ ਦਿੱਤੀ ਜਾਂਦੀ ਸੀ ਅਤੇ ਉਹ ਸ਼ਰਾਰਤੀ ਲੋਕ ਸਨ ਉਨ੍ਹਾਂ ਦਾ ਕੋਈ ਧਰਮ ਨਹੀਂ ਸੀ, ਨਾ ਕੋਈ ਮਜ੍ਹਬ ਸੀ, ਨਾ ਕੋਈ ਮਕਸਦ ਸੀ। ਉਨ੍ਹਾਂ ਦੇ ਮਨ ਦੇ ਵਿਚ ਇਕ ਸ਼ਰਾਰਤ ਸੀ ਕਿ ਮੈਂ ਫੈਲਾਣੇ ਨੂੰ ਮਾਰਨਾ ਹੈ।
ਮੈਂ 1992 ਦੀ ਗੱਲ ਦੁਹਰਾਉਂਦੇ ਹੋਏ ਇਹ ਗੱਲ ਕਹੀ ਸੀ ਕਿ ਯਾਦ ਕਰੋ ਉਹ ਦਿਨ ਕਿ ਜਦੋਂ 1992 ਵਿਚ ਕਾਲੀਆਂ ਰਾਤਾਂ ਲੋਕ ਕੱਟਦੇ ਸਨ ਤੇ ਸ. ਪ੍ਰਕਾਸ਼ ਸਿੰਘ ਬਾਦਲ ਚੋਣ ਨਹੀਂ ਲੜੇ ਤੇ ਸ. ਬਾਦਲ ਨਾ ਅਪਣੇ ਮੁੰਡਿਆਂ ਨੂੰ ਅਮਰੀਕਾ ਭੇਜ ਦਿੱਤਾ ਸੀ ਬਚਾ ਕੇ ਮੇਰੇ ਮੁੰਡੇ ਨੂੰ ਕੁਝ ਨਾ ਹੋਵੇ। ਆਪ ਰੈਸਟ ਹਾਊਸ ਦੇ ਵਿਚ ਜਾਣਬੁਝ ਕੇ ਗ੍ਰਿਫ਼ਤਾਰ ਹੋ ਗਏ। ਕਾਂਗਰਸ ਪਾਰਟੀ ਚੋਣ ਮੈਦਾਨੇ-ਏ-ਜੰਗ ਵਿਚ ਆਈ। ਅਪਣੀ ਜਾਨ ਤਲੀ ‘ਤੇ ਰੱਖੀ 200,200 ਵੋਟਾਂ ਦੇ ਨਾਲ ਪੰਜਾਬ ‘ਚ ਐਮਐਲਏ ਬਣੇ, ਲੋਕ ਵੋਟਾਂ ਨੂੰ ਪਾਉਣ ਆਏ ਤੇ ਇਸ ਬਾਅਦ ਸਰਕਾਰ ਬਣੀ ਕਾਂਗਰਸ ਪਾਰਟੀ ਦੀ।
ਇਸ ਤੋਂ ਬਾਅਦ ਹਸਦਾ-ਵਸਦਾ ਪੰਜਾਬ ਮੁੜ ਵਾਪਿਸ ਲਿਆ ਕੇ ਦਿੱਤਾ। ਮੈਂ ਬਿਲਕੁਲ ਧਰੂਵੀਕਰਨ ਨਹੀਂ ਕਰਨਾ ਚਾਹੁੰਦਾ ਕਿਉਂਕਿ ਹਿੰਦੂ ਹੈ ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਦਲਿਤ ਹੈ। ਜੋ ਧਰੂਵੀਕਰਨ ਦੀ ਗੱਲ ਹੈ ਉਹ ਹਮੇਸ਼ਾ ਅਕਾਲੀਆਂ ਨੇ ਕੀਤੀ, ਬਾਦਲਾਂ ਨੇ ਕੀਤੀ ਹੈ। ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਕਿ ਕਾਂਗਰਸ ਸਿੱਖ ਮਾਰੂ ਪਾਰਟੀ ਹੈ। ਕਾਂਗਰਸ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ ਅਕਸਰ ਹੀ ਪ੍ਰਕਾਸ਼ ਸਿੰਘ ਬਾਦਲ ਅਪਣੇ ਭਾਸ਼ਣਾਂ ਵਿਚ ਕਹਿੰਦੇ ਰਹਿੰਦੇ ਹਨ ਪਰ ਅਸੀਂ ਕਦੇ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਵਰਤੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਬਾਦਲ ਸਾਬ੍ਹ ਦੇ ਰਾਜ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ 200 ਤੋਂ ਵੱਧ ਅੰਗ ਪਾੜ-ਪਾੜ ਰੁੜੀਆਂ ‘ਤੇ ਸੁੱਟੇ ਗਏ।
ਅੱਜ ਸਵਾ ਦੋ ਸਾਲ ਹੋ ਗਏ, ਕਾਂਗਰਸ ਪਾਰਟੀ ਦਾ ਰਾਜ ਹੈ। ਇਸ ਤਰ੍ਹਾਂ ਦੀ ਹੁਣ ਤਕ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ। ਮੇਰੇ ਕਹਿਣ ਦਾ ਭਾਵ ਹੈ ਕਿ ਮੈਂ ਲੋਕਾਂ ਨੂੰ ਦੱਸ ਰਿਹਾ ਕਿ ਕਿਹੜੇ-ਕਿਹੜੇ ਹਾਲਾਤਾਂ ਵਿਚ ਕੀ-ਕੀ ਹੋਇਆ ਸੀ। ਮੈਂ ਦਲਿਤ ਭਾਈਚਾਰੇ ਨੂੰ ਕਹਿਣਾ ਚਾਹੁੰਦਾ। ਕਿ ਤੁਹਾਡੀ ਸ਼ਗਨ ਸਕੀਮ ਬਾਦਲ ਸਮੇਂ 10 ਸਾਲ ਵਿਚ 15000 ਤੋਂ ਇਕ ਰੁਪਿਆ ਨਹੀਂ ਵਧਾਈ। ਤੁਹਾਨੂੰ ਮਾੜਾ ਸਮਝਦੈ ਪ੍ਰਕਾਸ਼ ਸਿੰਘ ਬਾਦਲ। ਕਾਂਗਰਸ ਪਾਰਟੀ ਨੇ ਸਿੱਧਾ 5000 ਰੁਪਏ ਵਧਾਈ। 9 ਸਾਲਾਂ ਬਾਅਦ ਬਾਦਲ ਨੇ 250 ਰੁਪਏ ਪੈਂਨਸ਼ਨ ਵਧਾਈ ਪਰ ਅਸੀਂ ਪਹਿਲੇ ਸਾਲ ਹੀ ਵਧਾ ਦਿੱਤੀ।
ਮੇਰੇ ਕਹਿਣ ਦਾ ਭਾਵ ਕਿ ਮੈਂ ਉਹ ਕਹਾਣੀ ਦੁਹਰਾਉਣਾ ਚਾਹੁੰਦਾ, ਮੈਂ ਉਹ ਦੱਸਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੇ ਹਮੇਸ਼ਾ ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਮੁਸਲਮਾਨ ਹੋਵੇ, ਚਾਹੇ ਉਹ ਦਲਿਤ ਹੋਵੇ। ਇਹ ਉਨ੍ਹਾਂ ਨੂੰ ਖੜ੍ਹੇ-ਖੜੋਤੇ ਛੱਡ ਕੇ ਚਲੇ ਗਏ। ਕੇਵਲ ਤੇ ਕੇਵਲ ਸ. ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਅਪਣੇ ਪਰਵਾਰ ਬਾਰੇ ਹੀ ਸੋਚਿਆ ਹੈ। ਅਪਣੇ ਪੁੱਤ ਦਾ ਸੋਚਿਆ, ਅਪਣੇ ਜਵਾਈ ਦਾ ਸੋਚਿਆ, ਅਪਣੀ ਨੂੰਹ ਦਾ ਸੋਚਿਆ। ਜੇ ਤੁਸੀਂ ਜ਼ਿਕਰ ਕਰ ਲਓ ਹਿੰਦੂਸਤਾਨ ਦਾ ਸਰਕਾਰ ‘ਚ ਅੱਜ ਪਹਿਲੀਂ ਵਾਰ ਅਜਿਹੀ ਸਰਕਾਰ ਬਣੀ ਹੈ ਜਿੱਥੇ ਕੋਈ ਪੱਗ ਵਾਲਾ ਸਿੱਖ ਨਹੀਂ ਹੈ। ਮੈਂ ਕਿਸੇ ਦਾ ਵੀ ਧਰੂਵੀਕਰਨ ਨਹੀਂ ਕੀਤਾ। ਮੈਂ ਜੋ ਸੱਚੀ ਗੱਲ ਸੀ ਉਹ ਲੋਕਾਂ ਸਾਹਮਣੇ ਪੇਸ਼ ਕੀਤੀ ਹੈ।
ਸਵਾਲ: ਤੁਸੀਂ ਪੱਗ ਵਾਲੇ ਸਿੱਖ ਦੀ ਗੱਲ ਕੀਤੀ ਹੈ, ਮੈਂ ਇਕ ਦਿਨ ਬਟਾਲੇ ਸੀ ਜਦੋਂ ਮੁੱਖ ਮੰਤਰੀ ਸਾਬ੍ਹ ਦੀ ਰੈਲੀ ਸੀ। ਤਾਂ ਉਨ੍ਹਾਂ ਨੇ ਉਚੇਚੇ ਤੌਰ ‘ਤੇ ਇਕ ਗੱਲ ਕਹੀ ਸੀ ਕਿ ਸੁਨੀਲ ਜਾਖੜ ਭਵਿੱਖ ਦੇ ਮੁੱਖ ਮੰਤਰੀ ਹੋ ਸਕਦੇ ਹਨ, ਮੁੱਖ ਮੰਤਰੀ ਦੇ ਕੁਰਸੀ ਜੱਟ ਉਹ ਵੀ ਸਿੱਖ ਤੱਕ ਹੀ ਕਿਉਂ ਮੰਨੀ ਜਾਂਦੀ ਹੈ?
ਜਵਾਬ: ਮੈਨੂੰ ਤਾਂ ਇਸ ਗੱਲ ‘ਤੇ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਸਾਡੀ ਜਿਹੜੀ ਪਾਰਟੀ ਹੈ ਉਹ ਧਰਮ ਨਿਰਪੱਖ ਹੈ। ਕੋਈ ਸਿੱਖ ਬਣ ਜਾਵੇ, ਕੋਈ ਮੁਸਲਮਾਨ ਬਣ ਜਾਵੇ, ਕੋਈ ਦਲਿਤ ਬਣ ਜਾਵੇ, ਕੋਈ ਹਿੰਦੂ ਬਣ ਜਾਵੇ ਪਰ ਵਿਅਕਤੀ ਕਾਬਿਲ ਹੋਣਾ ਚਾਹੀਦੈ ਜੋ ਲੋਕਾਂ ਦੀਆਂ ਮੰਗਾਂ ਸੁਣੇ ਤੇ ਕੰਮ ਵੱਲ ਧਿਆਨ ਦੇਵੇ। ਮੈਂ ਜਾਤ ਨੂੰ ਤਰਜ਼ੀਹ ਨਹੀਂ ਦਿੰਦਾ ਮੈਂ ਵਿਅਕਤੀ ਨੂੰ ਤਰਜ਼ੀਹ ਦਿੰਦਾ ਹਾਂ ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਹੋਵੇ।
ਸਵਾਲ: ਲੋਕ ਸਭਾ ਦੀਆਂ ਚੋਣਾਂ ਨੂੰ ਸਭ ਤੋਂ ਵੱਡੀਆਂ ਚੋਣਾਂ ਕਿਹਾ ਜਾਂਦਾ ਹੈ, ਤੇ ਪੰਚਾਇਤੀ ਚੋਣਾਂ ਨੂੰ ਸਭ ਤੋਂ ਛੋਟੀਆਂ। ਤੁਸੀਂ ਅਕਸਰ ਰੈਲੀਆਂ ਵਿਚ ਕਈ ਵਾਰ ਕਿਹਾ ਹੈ ਕਿ ਮੈਨੂੰ ਅੱਧੀ ਰਾਤ ਨੂੰ ਵੀ ਬੁਲਾ ਲਿਓ ਮੈਂ ਉਸੇ ਸਮੇਂ ਹਾਜ਼ਰ ਹੋਵਾਂਗਾ ਤੇ ਮੈਨੂੰ ਇਹ ਨਾ ਸਮਝ ਲਿਓ ਕਿ ਮੈਂ ਬਾਹਰਲੇ ਹਲਕੇ ਤੋਂ ਹਾਂ?
ਜਵਾਬ: ਲੋਕ ਇੱਥੇ ਡਰ ਮਹਿਸੂਸ ਕਰਦੇ ਹਨ ਕਿ ਬਾਦਲ ਦਾ ਏਰੀਆ ਹੈ। ਲੋਕਾਂ ਨੂੰ ਡਰਾਇਆ ਜਾਂਦਾ ਹੈ। ਲੋਕ ਸਾਨੂੰ ਵੋਟਾਂ ਪਾਉਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ। ਦਿਆਲ ਸਿੰਘ ਕੋਲਿਆਂਵਾਲੀ ਵਰਗੇ ਲੋਕਾਂ ਨੇ ਕਿਹਾ ਕਿ ਰਾਜਾ ਵੜਿੰਗ ਤਾਂ ਗਿੱਦੜਬਾਹਾ ਬੈਠਾ ਹੈ। ਲੋਕਾਂ ਦੇ ਮਨ ਵਿਚ ਭੈਅ ਪਾਇਆ ਜਾਂਦਾ ਹੈ। ਤਾਂ ਹੀ ਮੈਂ ਅਕਸਰ ਰੈਲੀ ਵਿਚ ਕਹਿੰਦਾ ਰਹਿੰਦਾ ਹਾਂ ਕਿ ਮੈਨੂੰ ਚਾਹੇ ਰਾਤ ਨੂੰ 12 ਜਾਂ 1 ਵਜੇ ਬੁਲਾ ਲਿਓ ਮੈਂ ਤੁਹਾਡੀ ਸੇਵਾ ਹਾਜ਼ਰ ਹੋਵੇਗਾ।
ਸਵਾਲ : ਤੁਸੀਂ ਅਪਣੀ ਜਿੱਤ ਲਈ ਕਿਸ ਨਾਲ ਮੁੱਖ ਮੁਕਾਬਲਾ ਮੰਨ ਰਹੇ ਹੋ?
ਜਵਾਬ: ਤੁਸੀਂ ਦੇਖੋ ਕਿ ਜਿੱਥੇ 70 ਸਾਲਾਂ ਤੋਂ ਬਾਦਲ ਸਾਬ੍ਹ ਦਾ ਕਬਜ਼ਾ ਹੈ। ਰਾਣੀਆਂ ਪਿੰਡ ਦੇ ਵਿਚ ਦੋ ਪ੍ਰੋਗਰਾਮ ਹੋਏ ਵੱਡੇ-ਵੱਡੇ ਨਿੱਕੇ ਜਿਹੇ ਪਿੰਡ ਵਿਚ 1500 ਵੋਟ ਹੈ। ਸਿਰਫ਼ ਉਥੇ ਲੋਕ ਸਾਰੇ ਅਪਣੇ ਵੱਲ ਸੀ। ਹੁਣ ਤੁਸੀਂ ਇੱਥੇ ਹੀ ਦੇਖ ਲਓ ਕਿਸ ਤਰ੍ਹਾਂ ਲੋਕ ਐਨੀ ਗਰਮੀ, ਸਿਖ਼ਰ ਦੁਪਹਿਰੇ ਦੇ ਵਿਚ ਲੋਕ ਸਾਡੀ ਸੇਵਾ ਵਿਚ ਹਾਜ਼ਰ ਹਨ। ਮੈਨੂੰ ਲਗਦੈ ਮੁਕਾਬਲਾ ਕਿਸੇ ਨਾਲ ਨਹੀਂ ਹੈ ਤੇ ਫ਼ਤਹਿ ਵੱਡੇ ਫ਼ਰਕ ਨਾਲ ਹੋਵੇਗੀ।
‘ਉਚੇ ਬੋਲ ਨਾ ਬੋਲੀਏ ਕਰਤਾਰੋ ਡਰੀਏ’ ਇਸ ਨੂੰ ਦੇਖ ਹੀ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਜਿੱਤ ਸਾਡੀ ਪੱਕੀ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ 19 ਮਈ ਨੂੰ ਲੋਕ ਕਿਸ ਪਾਰਟੀ ਵੱਲ ਵੋਟ ਭੁਗਤਦੇ ਹਨ ਤੇ 23 ਮਈ ਨੂੰ ਨਤੀਜੇ ਕਿਸ ਪਾਰਟੀ ਦੇ ਹੱਕ ਵਿਚ ਹੋਣਗੇ।