ਹਨੂੰਮਾਨ ਚਾਲੀਸਾ ਦੀਆਂ ਗ਼ਲਤ ਤੁਕਾਂ ਟਵੀਟ ਕਰ ਫਸੇ ਰਾਜਾ ਵੜਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਹਨੂੰਮਾਨ ਚਾਲੀਸਾ ਦੀਆਂ ਗ਼ਲਤ ਤੁਕਾਂ ਟਵੀਟ ਕਰਕੇ ਹਿੰਦੂ ਸੰਗਠਨਾਂ ਦੀ ਨਾਰਾਜ਼ਗੀ ਸਹੇੜ ਲਈ ...

Amrinder Singh Raja Warring

ਬਠਿੰਡਾ :- ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਹਨੂੰਮਾਨ ਚਾਲੀਸਾ ਦੀਆਂ ਗ਼ਲਤ ਤੁਕਾਂ ਟਵੀਟ ਕਰਕੇ ਹਿੰਦੂ ਸੰਗਠਨਾਂ ਦੀ ਨਾਰਾਜ਼ਗੀ ਸਹੇੜ ਲਈ ਹੈ। ਇਸ ਤੋਂ ਭੜਕੇ ਹਿੰਦੂ ਸੰਗਠਨਾਂ ਨੇ ਬਠਿੰਡਾ ਵਿਖੇ ਰਾਜਾ ਵੜਿੰਗ ਵਿਰੁਧ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਰਾਜਾ ਵੜਿੰਗ ਦੇ ਪੋਸਟਰ ਸਾੜੇ।

ਦਰਅਸਲ ਬੀਤੇ ਦਿਨੀਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਟਵਿਟਰ 'ਤੇ ਹਨੂੰਮਾਨ ਚਾਲੀਸਾ ਦੀਆਂ ਗ਼ਲਤ ਤੁਕਾਂ ਲਿਖ ਕੇ ਟਵੀਟ ਕਰ ਦਿਤੀਆਂ ਸਨ, ਜਿਸ ਤੋਂ ਬਾਅਦ ਹੀ ਇਹ ਵਿਵਾਦ ਵਧਿਆ ਹੈ। ਰਾਜਾ ਵੜਿੰਗ ਵਲੋਂ ਟਵੀਟ ਕੀਤੇ ਹਨੂੰਮਾਨ ਚਾਲੀਸਾ ਵਿਚ ਹਨੂੰਮਾਨ ਨੂੰ ਦਲਿਤ, ਜਾਟ ਪੁੱਤਰ, ਮੁਸਲਿਮ, ਜੈਨ ਅਤੇ ਬ੍ਰਾਹਮਣ ਲਿਖਿਆ ਗਿਆ ਹੈ। ਹਨੂੰਮਾਨ ਚਾਲੀਸਾ ਦੀਆਂ ਗ਼ਲਤ ਤੁਕਾਂ ਟਵੀਟ ਕਰ ਰਾਜਾ ਵੜਿੰਗ ਨਵੇਂ ਵਿਵਾਦ ਵਿਚ ਫਸ ਗਏ ਹਨ।

ਪੰਜਾਬ ਦੇ ਕੁੱਝ ਹਿੰਦੂ ਸੰਗਠਨਾਂ ਵਲੋਂ ਉਨ੍ਹਾਂ ਤੋਂ ਅਸਤੀਫ਼ਾ ਲਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਹਿੰਦੂ ਸੰਗਠਨਾਂ ਦੇ ਆਗੂਆਂ ਨੇ ਆਖਿਆ ਕਿ ਉਹ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਉਣਗੇ। ਦਸ ਦਈਏ ਕਿ ਹਨੂੰਮਾਨ ਨੂੰ ਲੈ ਕੇ ਛਿੜਿਆ ਵਿਵਾਦ ਕੋਈ ਨਵਾਂ ਨਹੀਂ ਹੈ, ਇਸ ਤੋਂ ਪਹਿਲਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਹਨੂੰਮਾਨ ਨੂੰ ਦਲਿਤ ਆਖ ਚੁੱਕੇ ਹਨ,

ਮੋਦੀ ਸਰਕਾਰ ਦੇ ਇਕ ਮੰਤਰੀ ਸੱਤਿਆਪਾਲ ਸਿੰਘ ਨੇ ਹਨੂੰਮਾਨ ਨੂੰ ਆਰੀਆ ਆਖਿਆ ਸੀ, ਇਕ ਭਾਜਪਾ ਵਿਧਾਇਕ ਬੁੱਕਲ ਨਵਾਬ ਨੇ ਹਨੂੰਮਾਨ ਨੂੰ ਮੁਸਲਿਮ ਦੱਸ ਚੁੱਕੇ ਹਨ। ਇਸ ਤੋਂ ਇਲਾਵਾ ਯੂਪੀ ਦੇ ਇਕ ਮੰਤਰੀ ਚੌਧਰੀ ਲਕਸ਼ਮੀ ਨਰਾਇਣ ਹਨੂੰਮਾਨ ਨੂੰ ਜਾਟ ਦਸਿਆ ਸੀ।

ਇਸ ਵਿਵਾਦ ਦੀ ਅਸਲ ਜੜ੍ਹ ਯੋਗੀ ਅਦਿਤਿਆਨਾਥ ਹਨ, ਜਿਨ੍ਹਾਂ ਨੇ ਹਨੂੰਮਾਨ ਨੂੰ ਦਲਿਤ ਆਖ ਕੇ ਇਸ ਵਿਵਾਦ ਨੂੰ ਜਨਮ ਦਿਤਾ ਸੀ। ਭਾਜਪਾ ਵਰਕਰ ਜਾਂ ਹਿੰਦੂ ਸੰਗਠਨ ਯੋਗੀ ਸਮੇਤ ਭਾਜਪਾ ਮੰਤਰੀਆਂ ਵਿਰੁਧ ਪ੍ਰਦਰਸ਼ਨ ਕਰਨ ਦੀ ਹਿਮਾਕਤ ਤਾਂ ਨਹੀਂ ਦਿਖਾ ਸਕੇ ਪਰ ਉਨ੍ਹਾਂ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਜ਼ਰੂਰ ਆੜੇ ਹੱਥੀਂ ਲੈ ਲਿਆ ਹੈ।