ਵੱਖ-ਵੱਖ ਸੜਕ ਹਾਦਸਿਆਂ 'ਚ ਤਿੰਨ ਮੌਤਾਂ, ਕਈ ਜ਼ਖ਼ਮੀ
ਅੱਜ ਵੱਖ-ਵੱਖ ਥਾਵਾਂ 'ਤੇ ਹੋਏ ਸੜਕ ਹਾਦਸਿਆਂ ਵਿਚ ਤਿੰਨ ਜਣਿਆਂ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ......
ਕੁੱਪ ਕਲਾਂ, : ਅੱਜ ਵੱਖ-ਵੱਖ ਥਾਵਾਂ 'ਤੇ ਹੋਏ ਸੜਕ ਹਾਦਸਿਆਂ ਵਿਚ ਤਿੰਨ ਜਣਿਆਂ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲਾ ਹਾਦਸਾ ਲੁਧਿਆਣਾ-ਮਾਲੇਰਕਟੋਲਾ ਹਾਈਵੇ 'ਤੇ ਜੈਨ ਮੁਨੀ ਮੰਦਰ ਕੁੱਪ ਕਲਾਂ ਨੇੜੇ ਹਾਈਵੇ ਕੱਟ 'ਤੇ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਰੇਹੜੀ ਮੋਟਰਸਾਈਲ ਸਵਾਰਾਂ ਨੂੰ ਟੱਕਰ ਮਾਰ ਦਿਤੀ ਜਿਸ ਕਾਰਨ ਦੋ ਜਣਿਆਂ ਦੀ ਮੌਤ ਤੇ ਦੋ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਜਿੱਤਵਾਲ ਦੇ ਤਿੰਨ ਵਿਅਕਤੀ ਸਥਾਨਕ ਕਸਬਾ ਕੁੱਪ ਕਲਾਂ ਵਿਖੇ ਬੈਂਕ ਵਿਚੋਂ ਪੈਨਸ਼ਨ ਲੈ ਕੇ ਵਾਪਸ ਪਰਤ ਰਹੇ ਸਨ ਜੋ ਕਿ ਮੌਜੂਦਾ ਕੱਟ ਤੋਂ ਆ ਰਹੀ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਵਿਚ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਾਈਵੇ ਪਟਰੌਲਿੰਗ ਕੁੱਪ ਕਲਾਂ ਦੀ ਗੱਡੀ ਦੀ ਸਹਾਇਤਾ ਨਾਲ ਮਾਲੇਰਕੋਟਲਾ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿਨ੍ਹਾਂ ਵਿਚ ਅਮਰ ਸਿੰਘ ਅਤੇ ਤੇਜਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਜ਼ੁਰਗ ਔਰਤ ਮੀਤੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਚਾਲਕ ਬੇਅੰਤ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ।
ਦੋਵਾਂ ਬਜ਼ੁਰਗਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਜਿੱਤਵਾਲ ਖ਼ੁਰਦ ਵਿਚ ਸੋਗ ਦੀ ਲਹਿਰ ਦੌੜ ਗਈ। ਥਾਣਾ ਸਦਰ ਦੀ ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਫ਼ਤਿਹਗੜ੍ਹ ਸਾਹਿਬ ਤੋਂ ਇੰਦਰਪ੍ਰੀਤ ਬਖਸ਼ੀ ਅਨੁਸਾਰ: ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦੋਂ ਕਿ ਪਰਵਾਰ ਦੇ ਬਾਕੀ ਪੰਜ ਮੈਂਬਰ ਦੋ ਛੋਟੇ ਬੱਚੇ, ਇਕ ਔਰਤ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਚੰਚਲ ਸਹਿਗਲ ਦੇ ਤੌਰ 'ਤੇ ਹੋਈ, ਜਦੋਂ ਕਿ ਜ਼ਖ਼ਮੀਆਂ ਵਿਚ ਮ੍ਰਿਤਕ ਦੇ ਪਤੀ ਤਿਲਕਰਾਜ ਸਹਿਗਲ, ਬੇਟੀ ਸ਼ਿਵਾਨੀ ਮਹਿਤਾ, ਜਵਾਈ ਸੋਰਵ ਮਹਿਤਾ, ਦੋਹਤਾ ਵਿਵਾਨ (7), ਦੋਹਤੀ ਲਵਿਸ਼ਾ (10) ਸਾਰੇ ਵਾਸੀ ਜਲੰਧਰ ਸ਼ਾਮਲ ਹਨ।
ਜਿਨ੍ਹਾਂ ਨੂੰ ਤੁਰਤ ਰਾਹਗੀਰਾਂ ਵਲੋਂ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿਖੇ ਪਹੁੰਚਾਇਆ ਗਿਆ, ਜੋ ਕਿ ਉਥੇ ਜ਼ੇਰੇ ਇਲਾਜ ਹਨ। ਮ੍ਰਿਤਕ ਦੇ ਪਤੀ ਤਿਲਕਰਾਜ ਸਹਿਗਲ ਨੇ ਦਸਿਆ ਕਿ ਉਹ ਅਪਣੇ ਪਰਵਾਰ ਸਮੇਤ ਅਪਣੀ ਦੂਜੀ ਬੇਟੀ ਨੂੰ ਮਿਲਣ ਜਲੰਧਰ ਤੋਂ ਨੋਇਡਾ ਜਾ ਰਹੇ ਸਨ ਕਿ ਸਰਹਿੰਦ ਨਜ਼ਦੀਕ ਉਨ੍ਹਾਂ ਦੀ ਕਾਰ ਅਤੇ ਕੈਂਟਰ ਦਾ ਸੜਕ ਹਾਦਸਾ ਵਾਪਰ ਗਿਆ।
ਇਸ ਹਾਦਸੇ ਦੌਰਾਨ ਉਸ ਦੀ ਪਤਨੀ ਕਾਰ ਦੀ ਖਿੜਕੀ ਵਿਚੋਂ ਬਾਹਰ ਡਿੱਗ ਗਈ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਚਾਲਕ ਸੋਰਵ ਮਹਿਤਾ ਦੇ ਜ਼ਿਆਦਾ ਸੱਟਾਂ ਲੱਗੀਆਂ ਪੰ੍ਰਤੂ ਸਾਰੇ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦਸੀ ਜਾ ਰਹੀ ਹੈ। ਥਾਣਾ ਸਰਹਿੰਦ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।