ਵੱਖ-ਵੱਖ ਸੜਕ ਹਾਦਸਿਆਂ 'ਚ ਸੱਤ ਮੌਤਾਂ, ਕਈ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੱਖ-ਵੱਖ ਥਾਵਾਂ 'ਤੇ ਵਾਪਰੇ ਹਾਦਸਿਆਂ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਸਰਹਿੰਦ-ਪਟਿਆਲਾ ਮੁੱਖ ਮਾਰਗ...

Car wrecked in accident

ਫ਼ਤਿਹਗੜ੍ਹ ਸਾਹਿਬ,  ਵੱਖ-ਵੱਖ ਥਾਵਾਂ 'ਤੇ ਵਾਪਰੇ ਹਾਦਸਿਆਂ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਸਰਹਿੰਦ-ਪਟਿਆਲਾ ਮੁੱਖ ਮਾਰਗ 'ਤੇ ਪਿੰਡ ਰੁੜਕੀ ਨਜ਼ਦੀਕ ਵਾਪਰਿਆ ਇਸ ਹਾਦਸੇ ਵਿਚ ਪਤੀ-ਪਤਨੀ ਅਤੇ ਦੋ ਲੜਕੀਆਂ ਦੀ ਮੌਤ ਹੋ ਗਈ। ਜਦੋਂ ਕਿ ਤਿੰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। 

ਥਾਣਾ ਮੁਲੇਪੁਰ ਦੇ ਐਸ.ਐਚ.ਓ. ਪ੍ਰਦੀਪ ਸਿੰਘ ਬਾਜਵਾ ਨੇ ਦਸਿਆ ਕਿ ਹਰਿਆਣਾ ਕੈਂਥਲ ਤੋਂ ਜਗਰਾਤੇ ਵਿਚ ਸ਼ਾਮਲ ਹੋ ਕੇ ਇਕ ਪਰਵਾਰ ਬਾਅਦ ਦੁਪਹਿਰ ਕਾਰ ਵਿਚ ਲੁਧਿਆਣਾ ਵਾਪਸ ਜਾ ਰਿਹਾ ਸੀ ਕਿ ਪਿੰਡ ਰੁੜਕੀ ਨਜ਼ਦੀਕ ਅਚਾਨਕ ਕਾਰ ਦਰੱਖ਼ਤ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਸੁਨੀਲ ਕੁਮਾਰ ਵਾਸੀ ਲੁਧਿਆਣਾ, ਉਸ ਦੀ ਪਤਨੀ ਸੋਨੀਆ (28), ਉਨ੍ਹਾਂ ਦੀ ਬੇਟੀ ਦਿਯਾ (6) ਅਤੇ ਮਾਨਸੀ (9 ਮਹੀਨੇ) ਦੀ ਮੌਤ ਹੋ ਗਈ।

ਜਦੋਂ ਕਿ ਹਾਦਸੇ ਵਿਚ ਸੁਨੀਲ ਦੇ ਹੋਰ ਪਰਿਵਾਰਕ ਮੈਂਬਰ ਬੇਬੀ ਰਾਣੀ, ਪਿੰਕੀ ਅਤੇ ਉਨ੍ਹਾਂ ਨਾਲ ਇਕ ਲਗਭਗ 6 ਸਾਲ ਦੀ ਬੱਚੀ ਵੀ ਜ਼ਖ਼ਮੀ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਉਪਰੰਤ ਮ੍ਰਿਤਕ ਅਤੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਪਹੁੰਚੇ ਜਿਨ੍ਹਾਂ ਦਾ ਰੋ ਰੋ ਬੁਰਾ ਹਾਲ ਸੀ। ਰਿਸ਼ਤੇਦਾਰਾਂ ਨੇ ਦਸਿਆ ਕਿ ਸੋਮਵਾਰ ਨੂੰ ਸਾਰੇ ਖ਼ੁਸ਼ੀ-ਖ਼ੁਸ਼ੀ ਰਿਸ਼ਤੇਦਾਰਾਂ ਦੇ ਹਰਿਆਣਾ ਵਿਖੇ ਜਗਰਾਤੇ ਵਿਚ ਸ਼ਾਮਲ ਹੋਣ ਲਈ ਗਏ ਸਨ ਪੰ੍ਰਤੂ ਰਸਤੇ ਵਿਚ ਇਹ ਕਹਿਰ ਵਰਤ ਗਿਆ ਕਿ ਸਾਰਾ ਪਰਵਾਰ ਹੀ ਖ਼ਤਮ ਹੋ ਗਿਆ।

ਗੁਰਦਾਸਪੁਰ ਤੋਂ ਹੇਮੰਤ ਨੰਦਾ ਅਨੁਸਾਰ : ਕਾਰ ਅਤੇ ਕੈਂਟਰ ਦੀ ਆਹਮੋ-ਸਾਹਮਣੇ ਟੱਕਰ ਵਿਚ ਕਾਰ ਸਵਾਰ ਦੋਵੇਂ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਮਰਦੀਪ ਸਿੰਘ ਅਤੇ ਸੁਨੀਲ ਕੁਮਾਰ ਅਪਣੀ ਕਾਰ 'ਤੇ ਸਵਾਰ ਹੋ ਕੇ ਪਿੰਡ ਮੱਲੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਅਪਣੀ ਭੂਆ ਦੇ ਘਰ ਜਾ ਰਹੇ ਸਨ ਕਿ ਮੱਲੀਆਂ ਤੋਂ ਦੋ ਕਿਲੋਮੀਟਰ ਪਹਿਲਾਂ ਹੀ ਇਕ ਤਿੱਖੇ ਮੋੜ 'ਤੇ ਜਾਨ-ਲੇਵਾ ਹਾਦਸਾ ਵਾਪਰ ਗਿਆ ।

ਹਾਦਸਾ ਇੰਨਾ ਗੰਭੀਰ ਸੀ ਕਿ ਕਾਰ ਦੇ ਗੱਡੀ ਨਾਲ ਟਕਰਾਉਣ 'ਤੇ ਪਰਖੱਚੇ ਉਡ ਗਏ। ਇਸ ਤੋਂ ਬਾਅਦ ਕੁੱਝ ਰਾਹਗੀਰਾਂ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਵਿਚ ਫਸੇ ਮ੍ਰਿਤਕ ਨੌਜਵਾਨਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕਢਿਆ। ਪੁਲਿਸ ਅਧਿਕਾਰੀ ਸੁਖਜੀਤ ਸਿੰਘ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾ ਘਰ ਵਿਚ ਰੱਖ ਦਿਤੀਆਂ ਹਨ।

ਉਨ੍ਹਾਂ ਕਿਹਾ ਕਿ ਹਾਦਸਾਗ੍ਰਸਤ ਕੈਂਟਰ ਬਟਾਲਾ ਤੋਂ ਖੇਤੀ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਸਪਲਾਈ ਦੇਣ ਲਈ ਕਾਹਨੂੰਵਾਨ ਵਲ ਆ ਰਿਹਾ ਸੀ ਕਿ ਹਾਦਸਾ ਵਾਪਰ ਗਿਆ। ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵਲੋਂ ਦੋਵੇਂ ਗੱਡੀਆਂ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਭਗਤਾ ਭਾਈ ਕਾ ਤੋਂ ਰਾਜੀਵ ਗੋਇਲ ਅਨੁਸਾਰ : ਮ੍ਰਿਤਕ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਵਲੋਂ ਪੁਲਿਸ ਨੂੰ ਦਿਤੇ ਗਏ ਬਿਆਨਾਂ ਅਨੁਸਾਰ ਉਸ ਦੇ ਮਾਮੇ ਦਾ ਲੜਕਾ ਸੰਨੀ ਵਾਸੀ ਸਮਾਲਸਰ ਅਪਣੀ ਮਾਂ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਇਕ ਕਾਰ ਸਵਾਰ ਵਲੋਂ ਟੱਕਰ ਮਾਰ ਦਿਤੀ ਗਈ

ਜਿਸ ਦੇ ਚਲਦਿਆਂ ਮੋਟਰਸਾਈਕਲ ਚਲਾ ਰਹੇ ਨੌਜਵਾਨ ਸੰਨੀ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਵੀ ਜ਼ਖ਼ਮੀ ਹੋ ਗਈ। ਪੁਲਿਸ ਵਲੋਂ ਗੁਰਪ੍ਰੀਤ ਸਿੰਘ ਵਲੋਂ ਦਿਤੇ ਗਏ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਕਾਰ ਸਵਾਰ ਵਿਅਕਤੀ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।ਅਬੋਹਰ ਤੋਂ ਤੇਜਿੰਦਰ ਸਿੰਘ ਖ਼ਾਲਸਾ ਅਨੁਸਾਰ: ਹਨੂੰਮਾਨਗੜ੍ਹ ਬਾਈਪਾਸ ਚੌਕ 'ਤੇ ਅੱਜ ਇਕ ਟਰੱਕ ਅਤੇ ਟੈਂਪੂ ਦੀ ਟੱਕਰ ਵਿਚ ਅੱਧਾ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।