ਕੀ ਸੀਨੀਅਰ ਬਾਦਲ ਚੋਣ ਮੈਦਾਨ ’ਚ ਨਹੀਂ ਉਤਰਨਗੇ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਨ ਨਹੀਂ ਰਹੇ, ਪਰ ਅਸੀਂ ਚਾਹੁੰਦੇ ਹਾਂ ਕਿ ਉਹ ਚੋਣ ਲੜਨ : ਸੁਖਬੀਰ ਬਾਦਲ

Parkash Singh Badal

ਬਠਿੰਡਾ (ਬਲਵਿੰਦਰ ਸ਼ਰਮਾ) : ਦਰਵੇਸ਼ ਸਿਆਸਤਦਾਨ, ਪੰਥ ਰਤਨ ਫਖਰ-ਏ-ਕੌਮ ਜਿਹੇ ਨਾਂ ਖੱਟ ਚੁੱਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਅਗਾਮੀ ਵਿਧਾਨ ਸਭਾ ਚੋਣਾਂ 2022 ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਟਾਰ ਪ੍ਰਚਾਰਕ ਤਾਂ ਜ਼ਰੂਰ ਹੋਣਗੇ, ਪਰ ਉਹ ਸ਼ਾਇਦ ਚੋਣ ਮੈਦਾਨ ਵਿਚ ਨਹੀਂ ਉੱਤਰਣਗੇ। ਇਹ ਸੰਕੇਤ ਕਰੀਬ ਇਕ ਸਾਲ ਤੋਂ ਮਿਲ ਰਹੇ ਹਨ, ਜਦਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਇਸ ’ਤੇ ਮੋਹਰ ਵੀ ਲਗਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਬਾਦਲ ਸਰਕਾਰ ਸਮੇਂ ਬੇਅਦਬੀਆਂ ਅਤੇ ਡੇਰਾ ਸਿਰਸਾ ਜਿਹਾ ਮੰਦਭਾਗਾ ਘਟਨਾਕ੍ਰਮ ਵੀ ਵਾਪਰਿਆ ਹੈ। ਜਿਸ ਕਾਰਨ ਬਾਦਲ ਪਰਿਵਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਵੀ ਹੈ ਅਤੇ ਪਿਛਲੀਆਂ ਚੋਣਾਂ ’ਚ ਕਰਾਰੀ ਹਾਰ ਦਾ ਸਾਹਮਣਾ ਵੀ ਕਰਨਾ ਪਿਆ। ਹੁਣ ਕਰੀਬ ਇਕ ਸਾਲ ਤੋਂ ਪ੍ਰਕਾਸ਼ ਸਿੰਘ ਬਾਦਲ ਅਦ੍ਰਿਸ਼ ਹੀ ਹਨ। ਉਨ੍ਹਾਂ ਨੂੰ ਸਿਆਸੀ ਗਲਿਆਰਿਆਂ ’ਚ ਸਿਰਫ ਦੋ-ਚਾਰ ਮੌਕਿਆਂ ’ਤੇ ਹੀ ਦੇਖਿਆ ਗਿਆ ਹੈ।

ਕਿਸਾਨ ਅੰਦੋਲਨ (Farmer Protest)  ਸ਼ੁਰੂ ਹੋਇਆ ਤਾਂ ਉਨ੍ਹਾਂ ਕਿਸਾਨਾਂ ਦੇ ਹੱਕ ’ਚ ਪਦਮ ਵਿਭੂਸ਼ਨ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ। ਉਸ ਤੋਂ ਬਾਅਦ ਉਹ ਕਦੇ ਨਜ਼ਰ ਨਹੀਂ ਆਏ। ਇਕ ਮਹੀਨਾ ਪਹਿਲਾਂ ਉਹ ਏਮਜ਼ ਹਸਪਤਾਲ ਬਠਿੰਡਾ (AIIMS Hospital Bathinda) ਵਿਚ ਇਲਾਜ ਕਰਵਾਉਣ ਆਏ ਤਾਂ ਮੀਡੀਆ ਦੇ ਕੈਮਰਿਆਂ ਦੀਆਂ ਨਜ਼ਰ ’ਚ ਆਏ। ਉਸ ਤੋਂ ਬਾਅਦ ਹੁਣ ਅਕਾਲੀ-ਬਸਪਾ ਗਠਜੋੜ (BSP-SAD alliance) ਬਾਰੇ ਮਾਇਆਵਤੀ ਨਾਲ ਫੋਨ ’ਤੇ ਗੱਲ ਕਰਦਿਆਂ ਦਾ ਵੀ ਇਕ ਵੀਡੀਓ ਵਾਇਰਲ ਹੋਇਆ ਹੈ।

ਹੋਰ ਪੜ੍ਹੋ: ਪੰਜਾਬ 'ਚ ਸਾਰੀਆਂ ਪਾਰਟੀਆਂ ਦਲਿਤਾਂ ਦਾ ਭਲਾ ਕਰਨ ਲਈ ਚੋਣ ਲੜਨ ਦਾ ਦਾਅਵਾ ਕਰ ਰਹੀਆਂ ਪਰ ਸੱਚ ਕੀ ਹੈ?

ਇਸ ਦੌਰਾਨ ਪਾਰਟੀ ਦੀਆਂ ਜ਼ਿੰਮੇਵਾਰੀਆਂ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ (Harsimrat Badal) ਤੇ ਹੋਰ ਲੀਡਰ ਹੀ ਨਿਭਾਉਂਦੇ ਨਜ਼ਰ ਆਏ ਹਨ। ਇਸ ਦੌਰਾਨ ਇਕ-ਦੋ ਲੀਡਰ ਹੀ ਸਨ, ਜਿਨ੍ਹਾਂ  ਕਿਹਾ ਸੀ ਕਿ ‘ਅਕਾਲੀ ਦਲ ਦੀ ਅਗਲੀ ਸਰਕਾਰ ਵਿਚ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਹੋਣਗੇ।’ ਜਦੋਂ ਕਿ ਜ਼ਿਆਦਾਤਰ ਅਕਾਲੀ ਲੀਡਰ ਮੁੱਖ ਮੰਤਰੀ ਦਾ ਤਾਜ਼ ਸੁਖਬੀਰ ਸਿੰਘ ਬਾਦਲ ਦੇ ਸਿਰ ’ਤੇ ਹੀ ਦੇਖ ਰਹੇ ਹਨ। 

ਇਕ ਅਕਾਲੀ ਲੀਡਰ ਦਾ ਕਹਿਣਾ ਸੀ ਕਿ ਕਰੀਬ 93 ਸਾਲ ਪਹਿਲਾਂ 8 ਦਸੰਬਰ 1927 ਨੂੰ ਜਨਮੇ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਹੁਣ ਆਗਿਆ ਨਹੀਂ ਦਿੰਦੀ ਕਿ ਉਹ ਪਹਿਲਾਂ ਵਾਂਗ ਭੱਜ-ਨੱਠ ਕਰਕੇ ਸੱਤਾ ਦੀ ਵਾਂਗਡੋਰ ਸੰਭਾਲ ਸਕਣ। ਕਿਉਂਕਿ ਉਹ ਹਿਮਾਚਲ ਦੀਆਂ ਵਾਦੀਆਂ ’ਚ ਬੈਠ ਕੇ ਮੁੱਖ ਮੰਤਰੀ ਹੋਣ ਦਾ ਆਨੰਦ ਨਹੀਂ ਲੈਣਾ ਚਾਹੁੰਦੇ, ਉਹ ਤਾਂ ਖੁਦ ਲੋਕਾਂ ’ਚ ਪਹੁੰਚ ਕੇ ਜਿੰਮੇਵਾਰੀਆਂ ਨਿਭਾਉਂਦੇ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਚੋਣਾਂ ’ਚ ਭਾਗ ਨਾ ਲੈਣ ਦੇ ਸੰਕੇਤਾਂ ਦੀ ਪੁਸ਼ਟੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਵੀ ਇਕ ਟੀਵੀ ਚੈਨਲ ’ਤੇ ਕਰ ਚੁੱਕੇ। ਉਨ੍ਹਾਂ ਕਿਹਾ ਸੀ ਕਿ ‘‘ਬਾਦਲ ਸਾਹਿਬ ਮੰਨ ਨਹੀਂ ਰਹੇ, ਅਸੀਂ ਤਾਂ ਚਾਹੁੰਦੇ ਹਾਂ ਕਿ ਉਹ ਵਿਧਾਨ ਸਭਾ ਚੋਣ ਲੜਣ, ਫਿਰ ਵੀ ਉਹ ਕੋਸ਼ਿਸ਼ ਕਰ ਰਹੇ ਹਨ।’’