ਪਠਾਨਕੋਟ ਪੁਲਿਸ ਨੂੰ ਮਿਲੀ ਸਫਲਤਾ, ਦੋਹਰਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਕੀਤਾ ਕਾਬੂ
ਪੁਲਿਸ ਨੇ ਦੋਸ਼ੀ ਕੋਲੋਂ ਗਹਿਣਿਆਂ ਦੇ ਨਾਲ-ਨਾਲ ਮਾਰੂ ਚਾਕੂ ਵੀ ਬਰਾਮਦ ਕੀਤਾ
ਪਠਾਨਕੋਟ: ਪਠਾਨਕੋਟ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਿਛਲੇ ਸ਼ੁੱਕਰਵਾਰ ਨੂੰ ਹੋਏ ਦੋਹਰੇ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਰਾਜ ਕੁਮਾਰ ਅਤੇ ਚੰਪਾ ਦੇਵੀ ਨੇ ਇਸ ਘਿਨਾਉਣੇ ਅਪਰਾਧ ਵਿਚ ਦੁਖਦਾਈ ਤੌਰ 'ਤੇ ਆਪਣੀ ਜਾਨ ਗੁਆ ਦਿਤੀ ਸੀ। ਸਾਵਧਾਨੀਪੂਰਵਕ ਵਿਗਿਆਨਕ ਜਾਂਚ ਤਕਨੀਕਾਂ ਰਾਹੀਂ, ਪਠਾਨਕੋਟ ਪੁਲਿਸ ਨੇ ਤੇਜ਼ੀ ਨਾਲ ਹਿਮਾਚਲ ਪ੍ਰਦੇਸ਼ ਦੇ ਕੰਦਰੋਲੀ ਦੇ ਰੇਲਵੇ ਸਟੇਸ਼ਨ 'ਤੇ ਬਲਵਿੰਦਰ ਸਿੰਘ ਉਰਫ ਕਾਲੂ ਦੀ ਸ਼ਨਾਖਤ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ: ਝੁੱਗੀ ਨੂੰ ਲੱਗੀ ਅੱਗ, ਸੁੱਤੇ ਪਏ ਮਾਂ ਸਮੇਤ ਜ਼ਿੰਦਾ ਸੜੇ 5 ਮਾਸੂਮ ਬੱਚੇ
ਪੁਲਿਸ ਨੇ ਫੜੇ ਗਏ ਵਿਅਕਤੀ ਕੋਲੋਂ ਲੁੱਟੇ ਗਏ ਗਹਿਣਿਆਂ ਦੇ ਨਾਲ-ਨਾਲ ਕਤਲ ਦਾ ਮਾਰੂ ਹਥਿਆਰ ਵੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦਸਿਆ ਕਿ ਤਫ਼ਤੀਸ਼ ਦੇ ਸ਼ੁਰੂਆਤੀ ਘੰਟਿਆਂ ਦੌਰਾਨ ਡੀਐਸਪੀ ਰਜਿੰਦਰ ਮਿਨਹਾਸ ਦੀ ਅਗਵਾਈ ਵਿਚ ਐਸਐਚਓ ਸ਼ਾਪੁਰਕੰਡੀ ਸੁਰਿੰਦਰ ਪਾਲ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਵਾਰਦਾਤ ਵਾਲੀ ਥਾਂ ਤੋਂ ਅਹਿਮ ਸਬੂਤ ਇਕੱਠੇ ਕੀਤੇ।
ਇਹ ਵੀ ਪੜ੍ਹੋ: ਸੂਬੇ 'ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਠੰਡ ਦਾ ਹੋਇਆ ਅਹਿਸਾਸ
ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕਰਦੇ ਹੋਏ, ਅਧਿਕਾਰੀਆਂ ਨੇ ਜਲਦੀ ਹੀ ਸ਼ੱਕੀ ਵਿਅਕਤੀ ਦੀ ਪਛਾਣ ਕਰ ਲਈ, ਜੋ ਪਹਿਲਾਂ ਪੀੜਤਾਂ ਦੇ ਘਰ ਵਿੱਚ ਘਰੇਲੂ ਨੌਕਰ ਵਜੋਂ ਕੰਮ ਕਰਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਦੋਸ਼ੀ ਕਾਲੇ ਰੰਗ ਦੀ ਹੌਂਡਾ ਐਕਟਿਵਾ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ, ਜੋ ਪੀੜਤਾਂ ਦੀ ਸੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਗ੍ਰਿਫਤਾਰੀ ਤੋਂ ਬਚਣ ਲਈ ਦੋਸ਼ੀ ਨੇ ਮ੍ਰਿਤਕ ਦੇ ਕੱਪੜੇ ਪਾ ਲਏ ਸਨ। ਮੁਲਜ਼ਮ ਨੇ ਚੋਰੀ ਕੀਤੀ ਗਈ ਐਕਟਿਵਾ ਨੂੰ ਥੋੜੇ ਪੈਸਿਆਂ 'ਚ ਵੇਚਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ, ਜਿਸ ਕਰਕੇ ਉਸ ਨੇ ਐਕਟਿਵਾ ਨੂੰ ਉਸੇ ਥਾਂ 'ਤੇ ਛੱਡ ਦਿਤਾ।