ਕੋਟਕਪੂਰਾ ਗੋਲੀ ਕਾਂਡ ਮਾਮਲਾ: 20 ਦਿਨਾਂ ਦੇ ਵਿਦੇਸ਼ ਦੌਰੇ ’ਤੇ ਸੁਖਬੀਰ ਬਾਦਲ ਨੂੰ ਪੇਸ਼ੀ ਤੋਂ ਮਿਲੀ ਛੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਨੇ 50 ਲੱਖ ਦੀ ਬੈਂਕ ਗਾਰੰਟੀ ਲੈਣ ਮਗਰੋਂ ਦਿਤੀ ਵਿਦੇਸ਼ ਜਾਣ ਦੀ ਇਜਾਜ਼ਤ

Sukhbir Badal

 

ਫਰੀਦਕੋਟ:  ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਦਾਲਤ ਵਿਚ ਨਿੱਜੀ ਤੌਰ 'ਤੇ ਹਾਜ਼ਰ ਹੋਣ ਤੋਂ ਛੋਟ ਦਿਤੀ ਗਈ ਹੈ। ਦਰਅਸਲ ਉਹ ਮੰਗਲਵਾਰ ਨੂੰ 20 ਦਿਨਾਂ ਦੇ ਵਿਦੇਸ਼ ਦੌਰੇ 'ਤੇ ਰਵਾਨਾ ਹੋਏ ਹਨ। ਅਦਾਲਤ ਨੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ 50 ਲੱਖ ਦੀ ਬੈਂਕ ਗਾਰੰਟੀ ਲੈਣ ਤੋਂ ਬਾਅਦ ਦੋ ਜੁਲਾਈ ਤਕ ਵਿਦੇਸ਼ ਜਾਣ ਦੀ ਇਜਾਜ਼ਤ ਦਿਤੀ ਸੀ। ਹਾਲਾਂਕਿ ਪੰਜਾਬ ਸਰਕਾਰ ਨੇ ਸੁਖਬੀਰ ਬਾਦਲ ਦੀ ਇਸ ਮੰਗ ਦਾ ਵਿਰੋਧ ਵੀ ਕੀਤਾ।

ਇਹ ਵੀ ਪੜ੍ਹੋ: ਜਾਅਲੀ ਸਰਟੀਫਿਕੇਟਾਂ ਨਾਲ ਲੈ ਰਹੇ ਸਰਕਾਰੀ ਨੌਕਰੀਆਂ : ਸਿਰਕੀ ਬੰਦ, ਓਡ, ਸੁਨਹਿਲ ਜਾਤੀਆਂ ਬਣ ਗਈਆਂ ਦਲਿਤ

ਅਦਾਲਤ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ 50 ਲੱਖ ਦੀ ਬੈਂਕ ਗਾਰੰਟੀ ਅਦਾਲਤ ਵਿਚ ਪੇਸ਼ ਕਰਦੇ ਹਨ ਤਾਂ ਉਹ 2 ਜੁਲਾਈ ਤਕ ਵਿਦੇਸ਼ ਜਾ ਸਕਦੇ ਹਨ। ਇਸ ਮਗਰੋਂ ਸੁਖਬੀਰ ਬਾਦਲ ਨੇ ਬੈਂਕ ਗਾਰੰਟੀ ਅਦਾਲਤ ਵਿਚ ਪੇਸ਼ ਕੀਤੀ। ਹਾਲਾਂਕਿ ਸੁਖਬੀਰ ਬਾਦਲ ਨੇ ਅਦਾਲਤ ਨੂੰ ਸੁਰੱਖਿਆ ਦਾ ਹਵਾਲਾ ਦਿੰਦਿਆਂ ਮੰਜ਼ਲ ਸਬੰਧੀ ਵੇਰਵੇ ਜਨਤਕ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਦੇ ਦੌਰੇ ਦਾ ਵਿਰੋਧ ਕਰਦੇ ਹੋਏ ਸਰਕਾਰੀ ਵਕੀਲ ਨੇ ਕਿਹਾ ਕਿ ਸੁਖਬੀਰ ਨੇ ਕਿਸੇ ਨਾ ਕਿਸੇ ਬਹਾਨੇ ਮਾਮਲੇ ਦੀ ਜਾਂਚ ਨੂੰ ਲਗਭਗ ਸੱਤ ਸਾਲ ਤਕ ਟਾਲਿਆ ਹੈ।

ਇਹ ਵੀ ਪੜ੍ਹੋ: ਨਰਵਾਣਾ ਬ੍ਰਾਂਚ 'ਚ ਪੈਰ ਫਿਸਲਣ ਕਾਰਨ ਬਜ਼ੁਰਗ ਡਿੱਗਿਆ, ਹੈੱਡ ਕਾਂਸਟੇਬਲ ਨੇ ਛਾਲ ਮਾਰ ਕੇ ਬਚਾਈ ਜਾਨ

ਸੁਖਬੀਰ ਬਾਦਲ ਦੀ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਅਦਾਲਤ ਨੇ ਹੁਕਮ ਦਿਤਾ ਸੀ ਕਿ ਸੁਖਬੀਰ ਦਾ ਵਕੀਲ ਸੁਣਵਾਈ ਦੀ ਤਰੀਕ 'ਤੇ ਹਾਜ਼ਰ ਰਹੇਗਾ ਅਤੇ ਇਸ ਆਧਾਰ 'ਤੇ ਸੁਣਵਾਈ ਮੁਲਤਵੀ ਕਰਨ ਦੀ ਮੰਗ ਨਹੀਂ ਕਰੇਗਾ ਕਿ ਅਕਾਲੀ ਦਲ ਦੇ ਮੁਖੀ ਭਾਰਤ 'ਚ ਮੌਜੂਦ ਨਹੀਂ ਹਨ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ “ਪਾਗਲ ਜਿਹਾ” ਵਾਲੇ ਬਿਆਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ

ਬੀਤੇ ਦਿਨ ਮਾਮਲੇ ਸੁਣਵਾਈ ਦੌਰਾਨ ਆਈ.ਜੀ. ਅਮਰ ਸਿੰਘ ਚਾਹਲ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਨਿਜੀ ਤੌਰ ’ਤੇ ਪੇਸ਼ ਹੋਏ ਜਦਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਅਦਾਲਤ ਵਿਚ ਪੇਸ਼ ਨਹੀਂ ਹੋਏ। ਮਾਮਲੇ ਦੀ ਅਗਲੀ ਸੁਣਵਾਈ ਲਈ 7 ਜੁਲਾਈ ਦੀ ਤਰੀਕ ਤੈਅ ਕੀਤੀ ਗਈ ਹੈ।