ਮਾਲਵੇ ਅੰਦਰ ਝੋਨਾ ਕਾਸ਼ਤਕਾਰਾਂ ਲਈ ਸਿਰਦਰਦੀ ਬਣੇ ਚੂਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਲਵੇ ਅੰਦਰ ਝੋਨਾ ਕਾਸ਼ਤਕਾਰ ਕਿਸਾਨਾਂ ਦੀਆਂ ਮੁਸ਼ਕਲਾਵਾਂ ਘਟਣ ਦਾ ਨਾਂਅ ਹੀ ਨਹੀਂ ਲੈ ਰਹੀਆ, ਜਿਥੇ ਪਿਛਲੇ ਦਿਨਾਂ ਤੋ ਮੀਂਹ ਦੀ ਲੱਗੀ ਔੜ ਕਾਰਨ ਝੋਨੇ...........

Rat

ਬਠਿੰਡਾ (ਦਿਹਾਤੀ) : ਮਾਲਵੇ ਅੰਦਰ ਝੋਨਾ ਕਾਸ਼ਤਕਾਰ ਕਿਸਾਨਾਂ ਦੀਆਂ ਮੁਸ਼ਕਲਾਵਾਂ ਘਟਣ ਦਾ ਨਾਂਅ ਹੀ ਨਹੀਂ ਲੈ ਰਹੀਆ, ਜਿਥੇ ਪਿਛਲੇ ਦਿਨਾਂ ਤੋ ਮੀਂਹ ਦੀ ਲੱਗੀ ਔੜ ਕਾਰਨ ਝੋਨੇ ਦੀ ਫ਼ਸਲ ਪ੍ਰਭਾਵਤ ਹੋ ਰਹੀ ਹੈ। ਉਨ੍ਹਾਂ ਫ਼ਸਲਾਂ ਵਿਚ ਲੋਹੇ ਅਤੇ ਜਿੰਕ ਦੀ ਘਾਟ ਰੜਕਣ ਕਾਰਨ ਫ਼ਸਲ ਦੇ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਗਿਆ ਹੈ।ਜਿਸ ਨੂੰ ਲੈ ਕੇ ਕਿਸਾਨ ਡੂੰਘੀਆਂ ਚਿੰਤਾਵਾਂ ਵਿਚ ਡੁੱਬਿਆ ਹੋਇਆ ਵਿਖਾਈ ਦੇ ਰਿਹਾ ਹੈ। ਉਧਰ ਪਿਛਲੇ ਸਾਲ ਤੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਦਬਾਅ ਕਾਰਨ ਝੋਨਾ ਅਤੇ ਕਣਕ ਕਾਸ਼ਤਕਾਰ ਕਿਸਾਨਾਂ ਨੇ ਕਾਨੂੰਨੀ ਕਾਰਵਾਈ ਤੋਂ ਡਰਦਿਆਂ ਦੋਵੇਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਦੀ ਭੇਂਟ ਨਹੀਂ ਚੜ੍ਹਾਇਆ ਸੀ

ਜਿਸ ਕਾਰਨ ਖੇਤਾਂ ਅੰਦਰ ਚੂਹਿਆਂ ਦੀ ਭਰਮਾਰ ਪੈਦਾ ਹੋ ਗਈ ਹੈ ਜੋ ਝੋਨੇ ਦੇ ਬੂਝੇ ਬਣਨਸਾਰ ਹੀ ਉਸ ਨੂੰ ਜੜ੍ਹੋਂ ਕੁਤਰ ਰਹੇ ਹਨ ਜਦਕਿ ਚੂਹਿਆਂ ਦੀ ਸ਼ਿਕਾਰ ਫ਼ਸਲ ਦਾ ਸੱਭ ਤੋਂ ਵਧੇਰੇ ਪ੍ਰਭਾਵ ਮਾਲਵੇ ਅੰਦਰਲੇ ਝੋਨਾ ਕਾਸ਼ਤਕਾਰ ਨੂੰ ਸਹਿਣਾ ਪੈ ਰਿਹਾ ਹੈ। ਖੇਤਾਂ ਅੰਦਰ ਚੂਹਿਆਂ ਦੀ ਭਰਮਾਰ ਨਾਲ ਪੈਦਾ ਹੋਏ ਡੱਡੂ ਅਤੇ ਸੱਪਾਂ ਤੋਂ ਵੀ ਕਿਸਾਨ ਡਾਹਢੇ ਪ੍ਰੇਸ਼ਾਨ ਹੋਏ ਫਿਰਦੇ ਹਨ, ਜੋ ਇਨ੍ਹਾਂ ਦੇ ਖ਼ਾਤਮੇ ਲਈ ਹਜ਼ਾਰਾਂ ਰੁਪਏ ਦੀ ਕੀਮਤ ਵਾਲੀਆਂ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰ ਕੇ ਫ਼ਸਲ ਨੂੰ ਬਚਾਉਣ ਦੇ ਉਪਰਾਲੇ ਵਿੱਢ ਰਹੇ ਹਨ।  ਕਿਸਾਨ ਜਸਪਾਲ ਸਿੰਘ ਅਤੇ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ

ਅਤੇ ਪੈ ਰਹੇ ਗਰਮੀ ਕਾਰਨ ਖੇਤਾਂ ਅੰਦਰ ਵੱਡੀਆਂ–2 ਖੱਡਾਂ ਬਣੀਆਂ ਪਈਆਂ ਹਨ। ਜਿਨ੍ਹਾਂ ਵਿਚ ਪਾਣੀ ਭਰ ਜਾਣ 'ਤੇ ਭੜੋਲਿਆਂ ਜਿੱਡੇ ਚੂਹੇ ਬਾਹਰ ਆ ਕੇ ਝੋਨੇ ਦੀਆਂ ਜੜ੍ਹਾਂ ਨੂੰ ਕੁਤਰ ਰਹੇ ਹਨ ਜਿਸ ਨਾਲ ਕਿਸਾਨਾਂ ਨੂੰ ਡਾਹਢਾ ਆਰਥਕ ਨੁਕਸਾਨ ਪੁੱਜ ਰਿਹਾ ਹੈ। ਕਿਸਾਨਾਂ ਨੇ ਅੱਗੇ ਦਸਿਆਂ ਕਿ ਇਨ੍ਹਾਂ ਦੀ ਰੋਕਥਾਮ ਅਤੇ ਫ਼ਸਲ ਦੇ ਬਚਾਅ ਲਈ ਫੋਰੈਟ 4 ਜੀ ਨੂੰ ਪਾਇਆ ਜਾ ਰਿਹਾ ਹੈ ਤਾਂ ਜੋ ਇਸ ਨਾਲ ਚੂਹਿਆਂ ਦੀ ਰੋਕਥਾਮ ਕਰ ਕੇ ਫ਼ਸਲ ਨੂੰ ਬਚਾਇਆ ਜਾ ਸਕੇ।  ਉਧਰ ਖੇਤੀਬਾੜੀ ਵਿਭਾਗ ਦੇ ਬਲਾਕ ਅਧਿਕਾਰੀ ਜਗਦੀਸ਼ ਸਿੰਘ ਨੇ ਦਸਿਆ ਕਿ ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਫ਼ਸਲਾਂ ਲਈ ਲਾਹੇਵੰਦ ਅਤੇ ਨੁਕਸਾਨਦੇਹ ਦੋਵੇਂ ਹੀ ਤਰ੍ਹਾਂ ਦੇ ਕੁਦਰਤੀ

ਜੀਵ ਜੰਤੂ ਬਚਦੇ ਹਨ ਜਦਕਿ ਚੂਹਿਆਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਅਜਿਹੀਆ ਖੱਡਾਂ ਦੇ ਬਾਹਰ ਅਨਾਜ ਵਿਚ ਲਪੇਟ ਕੇ ਗੋਲੀਆਂ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਝੋਨੇ ਦੀ ਫ਼ਸਲ ਨੂੰ ਪਹਿਲੇ 45 ਦਿਨ ਤਕ ਕਿਸੇ ਵੀ ਪ੍ਰਕਾਰ ਦੀ ਕੋਈ ਕੀੜੇਮਾਰ ਦਵਾਈ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ ਜਿਸ ਸਬੰਧੀ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕੈਂਪਾਂ ਵਿਚ ਸਮਝਾਇਆ ਵੀ ਜਾਂਦਾ ਹੈ। ਪਰ ਫੋਰੈਟ ਵਰਗੀ ਦਵਾਈ ਅੰਦਰ ਜ਼ਹਿਰ ਦਾ ਪੱਧਰ ਬੁਹਤ ਉਚਾ ਹੁੰਦਾ ਹੈ ਜਿਸ ਕਾਰਨ ਇਸ ਦੀ ਵਰਤੋਂ ਤੋਂ ਕਿਸਾਨ ਨੂੰ ਗੁਰੇਜ਼ ਹੀ ਕਰਨਾ ਚਾਹੀਦਾ ਹੈ।