ਝੋਨੇ ਦੇ ਸੀਜ਼ਨ ਦੌਰਾਨ ਨਵਾਂ ਰੀਕਾਰਡ ਕਾਇਮ ਕਰਨ ਲਈ ਬਿਜਲੀ ਮੰਤਰੀ ਨੇ ਪਾਵਰਕਾਮ ਨੂੰ ਦਿਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਾਵਰਕਾਮ ਅਦਾਰੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ........

Gurpreet Singh Kangar With Powercom Officials

ਬਠਿੰਡਾ (ਦਿਹਾਤੀ) : ਪੰਜਾਬ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਾਵਰਕਾਮ ਅਦਾਰੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੇ ਉਦਪਾਦਨ ਅਤੇ ਵੰਡ ਸਬੰਧੀ ਰੀਕਾਰਡ ਕਾਇਮ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਪਾਵਰਕਾਮ ਨੇ 9 ਜੁਲਾਈ 2018 ਤਕ ਅਪਣਾ ਰੀਕਾਰਡ ਤੋੜਦਿਆਂ 12542 ਮੈਗਾਵਾਟ ਦੀ ਬਿਜਲੀ ਦੀ ਮੰਗ ਨੂੰ 2675 ਲੱਖ ਯੂਨਿਟਾਂ ਨਾਲ ਬਿਨਾਂ ਕਿਸੇ ਪ੍ਰਕਾਰ ਦੇ ਪਾਵਰ ਕੱਟ ਦੇ ਪੂਰਾ ਕੀਤਾ ਜਦਕਿ ਪਿਛਲੇ ਸਾਲ 11 ਜੁਲਾਈ ਨੂੰ 11705 ਮੈਗਾਵਾਟ ਦੀ ਮੰਗ ਨੂੰ ਪੂਰਾ ਕਰਦਿਆਂ 2672 ਲੱਖ ਯੂਨਿਟ ਵੰਡੇ ਗਏ ਸਨ। 

ਕੈਬਨਿਟ ਮੰਤਰੀ ਕਾਂਗੜ ਨੇ ਅੱਗੇ ਦਸਿਆ ਕਿ ਉਕਤ ਮੁਕਾਮ ਹਾਸਲ ਕਰਨ ਲਈ ਜਿਥੇ ਪਾਵਰਕਾਮ ਨੇ ਵਧੇਰੇ ਉਤਪਾਦਨ ਵਲ ਧਿਆਨ ਦਿਤਾ, ਉਥੇ ਹੀ ਬਿਜਲੀ ਦੀ ਚੋਰੀ ਰੋਕਣ ਲਈ ਵੀ ਮੁਕੰਮਲ ਪ੍ਰਬੰਧ ਕੀਤੇ। ਕੈਬਨਿਟ ਮੰਤਰੀ ਕਾਂਗੜ ਨੇ ਦਿਆਲਪੁਰਾ ਬੀੜ ਵਿਖੇ ਹਲਕਾ ਦਰਸ਼ਨ ਸਮਾਗਮ ਦੌਰਾਨ ਦਸਿਆ ਕਿ ਪੀ.ਐਸ.ਪੀ.ਸੀ.ਐਲ ਦੇ ਸਪੋਰਟਸ ਸੈੱਲ ਨੂੰ ਖ਼ਤਮ ਨਹੀਂ  ਕੀਤਾ ਜਾਵੇਗਾ ਬਲਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਉਣ ਅਤੇ ਖੇਡਾਂ ਨਾਲ ਜੋੜਨ ਲਈ ਬਹੁਤ ਜਲਦ ਬਠਿੰਡਾ, ਪਟਿਆਲਾ, ਜਲੰਧਰ ਅਤੇ ਲੁਧਿਆਣਾ ਵਿਖੇ ਪਾਵਰਕਾਮ ਵਲੋਂ ਵੱਖ-ਵੱਖ ਖੇਡਾਂ ਦੇ ਮੈਚ ਕਰਵਾਏ ਜਾਣਗੇ।

ਇਕ ਸਵਾਲ ਦਾ ਜਵਾਬ 'ਚ ਬਿਜਲੀ ਮੰਤਰੀ ਕਾਂਗੜ ਨੇ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ 'ਚ ਕਰਮਚਾਰੀ ਦੀ ਨੌਕਰੀ ਦੌਰਾਨ ਮੌਤ ਹੋ ਜਾਣ 'ਤੇ ਉਸ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਮਿਲਦੀ ਸੀ, ਉੱਥੇ ਇਹ ਰੁਝਾਨ ਪਾਵਰਕਾਮ 'ਚ ਖਤਮ ਹੋ ਚੁੱਕਿਆਂ ਸੀ ਪਰ ਬਿਜਲੀ ਮੰਤਰੀ ਬਣਨ ਉਪਰੰਤ ਕਾਂਗੜ ਨੇ ਉਨ੍ਹਾਂ ਪਰਵਾਰਾਂ ਦੀ ਬਾਂਹ ਫੜੀ। ਜਿਨ੍ਹਾਂ ਦਾ ਪਾਵਰਕਾਮ 'ਚ ਕੰਮ ਕਰਦਾ ਪਰਵਾਰਕ ਮੈਂਬਰ ਨੌਕਰੀ ਦੌਰਾਨ ਚੱਲ ਵਸੇ ਸਨ ਪਰੰਤੂ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ। 

ਇਸ ਦੇ ਪਹਿਲੇ ਫੇਜ ਤਹਿਤ ਬਿਜਲੀ ਮੰਤਰੀ 16 ਜੁਲਾਈ ਨੂੰ ਬਠਿੰਡਾ ਵਿਖੇ 250 ਦੇ ਕਰੀਬ ਉਨ੍ਹਾਂ ਪਰਿਵਾਰਾਂ ਨੂੰ ਪਾਵਰਕਾਮ 'ਚ ਯੋਗਤਾ ਦੇ ਆਧਾਰ ਤੇ ਨੌਕਰੀ ਲਈ ਨਿਯੁਕਤੀ ਪੱਤਰ ਦਿੱਤੇ ਜਾਣਗੇ।  ਇਸ ਮੌਕੇ ਐਸ.ਡੀ.ਐਮ.ਸੁਭਾਸ਼ ਚੰਦਰ ਖੱਟਕ, ਡੀ.ਐਸ.ਪੀ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਪੁਨੀਤ ਬਾਂਸਲ, ਐਕਸੀਅਨ ਐਲ.ਕੇ. ਬਾਂਸਲ, ਐਕਸੀਅਨ ਕਮਲਦੀਪ ਅਰੋੜਾ ਆਦਿ ਵੀ ਹਾਜ਼ਰ ਸਨ।