ਆਜ਼ਾਦੀ ਦਿਹਾੜੇ ਮੌਕੇ ਕੈਪਟਨ ਨੇ ਗਿਣਵਾਈਆਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਸੂਬਾ ਸਰਕਾਰ 9 ਸਤੰਬਰ ਤੋਂ 30 ਸਤੰਬਰ ਤੱਕ ਪੰਜਵਾਂ ਵਿਸ਼ਾਲ ਰੋਜ਼ਗਾਰ ਮੇਲਾ ਵੱਖ-ਵੱਖ ਥਾਵਾਂ ’ਤੇ ਲਾਵੇਗੀ

Captain Amarinder Singh unfurls national flag on the 73rd Independence Day

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਲਕ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਅਤੇ ਲੋਕਾਂ ਨੂੰ ਅਜਿਹੀਆਂ ਸ਼ਕਤੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕਜੁਟ ਹੋਣ ਦਾ ਸੱਦਾ ਦਿੱਤਾ ਹੈ। 73ਵੇਂ ਆਜ਼ਾਦੀ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਹਨ ਜਿਨਾਂ ਨੂੰ ਸੂਬੇ ਦੇ ਵਿਕਾਸ ਅਤੇ ਸ਼ਾਂਤਮਈ ਮਾਹੌਲ ਤੋਂ ਈਰਖਾ ਹੈ। ਉਨਾਂ ਕਿਹਾ, ‘‘ਆਓ, ਇਕ ਮਜ਼ਬੂਤ ਤੇ ਖੁਸ਼ਹਾਲ ਪੰਜਾਬ ਦੇ ਨਿਰਮਾਣ ਅਤੇ ਪਿਆਰ, ਸ਼ਾਂਤੀ ਅਤੇ ਏਕਤਾ ਦੀਆਂ ਤੰਦਾਂ ਹੋਰ ਪੀਡੀਆਂ ਕਰਨ ਲਈ ਸਾਂਝੇ ਤੌਰ ’ਤੇ ਕੰਮ ਕਰਨ ਪ੍ਰਤੀ ਅਸੀਂ ਆਪਣੇ ਆਪ ਨੂੰ ਸਮਰਪਿਤ ਕਰੀਏ।’’ 

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਮਹਾਤਮਾ ਗਾਂਧੀ ਜੀ ਦੇ 150ਵਾਂ ਜਨਮ ਦਿਵਸ ਅਤੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੇ 100 ਵਰੇ ਮੁਕੰਮਲ ਹੋਣ ਦੇ ਮੱਦੇਨਜ਼ਰ ਸਾਲ 2019 ਇੱਕ ਇਤਿਹਾਸਕ ਵਰਾ ਹੈ ਜਿਸ ਨੂੰ ਪੂਰੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਬੀਤੇ ਦਿਨ ਉਨਾਂ ਵੱਲੋਂ ਜਲੰਧਰ ਜ਼ਿਲੇ ਵਿਚ 145 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ ਵੱਖ ਵਿਕਾਸ ਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਅਤੇ ਕਪੂਰਥਲਾ ਜ਼ਿਲੇ ਵਿਚ 132 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ ਵੱਖ ਪ੍ਰਾਜੈਕਟਾਂ ਨੂੰ ਸਮਰਪਿਤ ਕਰਨ ਜਾਂ ਸ਼ੁਰੂ ਕਰਵਾਉਣ ਨੂੰ ਚੇਤੇ ਕਰਦਿਆਂ ਆਖਿਆ ਕਿ ਇਸ ਨਾਲ ਦੋਵਾਂ ਜ਼ਿਲਿਆਂ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਉਨਾਂ ਦੇ ਕੈਬਨਿਟ ਸਾਥੀਆਂ ਵੱਲੋਂ ਬੀਤੇ ਦਿਨ ਸੂਬਾ ਭਰ ’ਚ ਵਿਕਾਸ ਪ੍ਰਾਜੈਕਟਾਂ ਦੇ ਕੀਤੇ ਉਦਘਾਟਨਾਂ ਦਾ ਵੀ ਜ਼ਿਕਰ ਕੀਤਾ। 

ਨਸ਼ਿਆਂ ਵਿਰੁੱਧ ਵਿੱਢੀ ਜੰਗ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਐਨ.ਡੀ.ਪੀ.ਐਸ. ਐਕਟ ਤਹਿਤ 27,744 ਕੇਸ ਦਰਜ ਕੀਤੇ ਗਏ ਹਨ ਅਤੇ 33,622 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 767 ਕਿਲੋ ਹੈਰੋਈਨ ਦੀ ਬਰਾਮਦਗੀ ਅਤੇ ਵੱਡੀ ਮਾਤਰਾ ’ਚ ਹੋਰ ਵੀ ਨਸ਼ੀਲੇ ਪਦਾਰਥ ਫੜੇ ਗਏ ਹਨ। ਉਨਾਂ ਦੱਸਿਆ ਕਿ ਸੂਬੇ ਵਿਚ ਨਸ਼ੇ ਦੀ ਗਿ੍ਰਫਤ ’ਚ ਫਸੇ 87000 ਵਿਅਕਤੀਆਂ ਦਾ ਇਲਾਜ 178 ਓਟ (ਓ.ਓ.ਏ.ਟੀ) ਕਲੀਨਿਕਾਂ ਵਿਚ ਕੀਤਾ ਜਾ ਰਿਹਾ ਹੈ। 

ਕਿਸਾਨਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਖੇਤ ਮਜ਼ਦੂਰਾਂ ਅਤੇ ਜ਼ਮੀਨ ਵਿਹੂਣੇ ਕਿਸਾਨਾਂ ਜੋ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰ ਹਨ, ਨੂੰ 520 ਕਰੋੜ ਰੁਪਏ ਮੁਹੱਈਆ ਕਰਵਾਉਣ ’ਤੇ ਵਿਚਾਰ ਕਰ ਰਹੀ ਹੈ। ਕਰਜ਼ਾ ਰਾਹਤ ਸਕੀਮ ਤਹਿਤ ਹੁਣ ਤੱਕ 5.62 ਲੱਖ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਉਨਾਂ ਦੇ ਲਗਭਗ 4700 ਕਰੋੜ ਰੁਪਏ ਦੇ ਫਸਲੀ ਕਰਜ਼ੇ ਦਾ ਨਿਪਟਾਰਾ ਕਰਕੇ ਰਾਹਤ ਦਿੱਤੀ ਜਾ ਚੁੱਕੀ ਹੈ। ਉਨਾਂ ਇਹ ਵੀ ਦੱਸਿਆ ਕਿ ਸਾਲ 2017 ਤੋਂ ਲੈ ਕੇ ਹੁਣ ਤੱਕ ਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਵਿਕਰੀ ਤੋਂ ਕਿਸਾਨਾਂ ਨੂੰ 1.24 ਲੱਖ ਕਰੋੜ ਦੀ ਵੱਟਤ ਹੋਈ ਹੈ ਜਿਸ ਨਾਲ ਪਿਛਲੀ ਸਰਕਾਰ ਦੇ ਇਨਾਂ ਖਰੀਦ ਸੀਜ਼ਨਾਂ ਦੌਰਾਨ ਹੀ ਕਿਸਾਨਾਂ ਨੂੰ ਹੋਈ ਕਮਾਈ ਨਾਲੋਂ 30,000 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਉਨਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਲੈ ਕੇ ਕਿਸਾਨਾਂ ਦੀ ਆਮਦਨ ਵਿਚ 32 ਫੀਸਦੀ ਦਾ ਵਾਧਾ ਹੋਇਆ ਹੈ। 

ਸਿੱਖਿਆ ਦੇ ਖੇਤਰ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਜਿਸ ਤਹਿਤ 10ਵੀਂ ਜਮਾਤ ਦੀ ਸਮੁੱਚੇ ਤੌਰ ’ਤੇ ਪਾਸ ਫੀਸਦੀ ਵਿਚ 8.7 ਫੀਸਦੀ ਅਤੇ 12ਵੀਂ ਜਮਾਤ ਵਿਚ 4.45 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਉਨਾਂ ਦੱਸਿਆ ਕਿ 30 ਕਰੋੜ ਰੁਪਏ ਖਰਚ ਕੇ  261 ਸਮਾਰਟ ਸਕੂਲ ਸਥਾਪਤ ਕੀਤੇ ਗਏ ਹਨ ਜੋ ਵਿਦਿਅਕ ਤੌਰ ’ਤੇ ਪੱਛੜੇ ਸਾਰੇ 217 ਬਲਾਕਾਂ ਨੂੰ ਕਵਰ ਕਰਦੇ ਹਨ। ਉਨਾਂ ਇਹ ਵੀ ਦੱਸਿਆ ਕਿ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ/ਗੈਰ-ਸਰਕਾਰੀ ਸੰਸਥਾਵਾਂ/ਐਨ.ਆਰ.ਆਈਜ਼/ਚੈਰੀਟੇਬਲ ਸੰਸਥਾਵਾਂ ਅਤੇ ਵਿਅਕਤੀਗਤ ਤੌਰ ’ਤੇ ਦਾਨ ਦੇਣ ਵਾਲਿਆਂ ਦੇ ਸਹਿਯੋਗ ਨਾਲ ਲਗਭਗ 4000 ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲ ਦਿੱਤਾ ਗਿਆ। 

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ 9 ਸਤੰਬਰ ਤੋਂ 30 ਸਤੰਬਰ ਤੱਕ ਪੰਜਵਾਂ ਵਿਸ਼ਾਲ ਰੋਜ਼ਗਾਰ ਮੇਲਾ ਵੱਖ-ਵੱਖ ਥਾਵਾਂ ’ਤੇ ਲਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨਾਂ ਮੇਲਿਆਂ ਦੌਰਾਨ ਬੇਰੋਜ਼ਗਾਰ ਨੌਜਵਾਨਾਂ ਨੂੰ 2 ਲੱਖ ਨੌਕਰੀਆਂ ਦੀ ਪੇਸ਼ਕਸ਼ ਕਰਨ ਤੋਂ ਇਲਾਵਾ ਇੱਕ ਲੱਖ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਹਿਯੋਗ ਦਿੱਤਾ ਜਾਵੇਗਾ। ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ ਘਰ ਰੋਜ਼ਗਾਰ ਸਕੀਮ’ ਤਹਿਤ ਮਾਰਚ, 2017 ਤੋਂ ਲੈ ਕੇ ਹੁਣ ਤੱਕ 9 ਲੱਖ ਤੋਂ ਵੱਧ ਨੌਜਵਾਨਾਂ ਨੂੰ ਪ੍ਰਾਈਵੇਟ ਜਾਂ ਸਰਕਾਰੀ ਸੈਕਟਰਾਂ ਵਿਚ ਰੋਜ਼ਗਾਰ ਦਿਵਾਉਣ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸੂਬਾ ਸਰਕਾਰ ਨੇ ਸਹੂਲਤ ਮੁਹੱਈਆ ਕਰਵਾਈ। ਲਗਭਗ 6 ਲੱਖ ਨੌਜਵਾਨਾਂ ਨੂੰ ਸਵੈ- ਰੋਜ਼ਗਾਰ ਲਈ ਸਹਿਯੋਗ ਦਿੱਤਾ ਅਤੇ ਪ੍ਰਾਈਵੇਟ ਸੈਕਟਰ ਵਿਚ 2.60 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਵਿਚ ਮਦਦ ਕੀਤੀ ਅਤੇ 40 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। 

ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਲੋਕਾਂ ਨੂੰ ਸੂਬੇ ਦੇ ਕੁੱਲ 12,700 ਪਿੰਡਾਂ ਵਿੱਚੋਂ ਹਰੇਕ ਪਿੰਡ ਵਿਚ 550 ਬੂਟੇ ਲਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਹੁਣ ਤੱਕ 3500 ਪਿੰਡਾਂ ਵਿਚ 40 ਲੱਖ ਬੂਟੇ ਲਾਏ ਜਾ ਚੁੱਕੇ ਹਨ ਤਾਂ ਕਿ ਸਾਡਾ ਸੂਬਾ ਸਾਫ ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਹੋਵੇ। ਉਦਯੋਗ ਨੂੰ ਮੁੜ ਪੈਰਾਂ ਸਿਰ ਕਰਨ ਲਈ ਚੁੱਕੇ ਕਦਮਾਂ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਨੂੰ ਬਹੁਤ ਹੁੰਗਾਰਾ ਮਿਲਿਆ ਹੈ ਅਤੇ ਇਸ ਨਾਲ 50,000 ਕਰੋੜ ਰੁਪਏ ਦਾ ਨਿਵੇਸ਼ ਸੂਬੇ ਵਿਚ ਆਉਣ ਲਈ ਰਾਹ ਪੱਧਰਾ ਹੋਇਆ ਹੈ। 

ਪੇਂਡੂ ਵਿਕਾਸ ਨੂੰ ਹੋਰ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਮਾਰਟ ਪਿੰਡ ਮੁਹਿੰਮ ਤਹਿਤ 680 ਕਰੋੜ ਰੁਪਏ ਦਾ ਪੋ੍ਰਗਰਾਮ ਉਲੀਕੀਆ ਗਿਆ ਹੈ ਜਿਸ ਦਾ ਮਕਸਦ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਅਤੇ ਇਸ ਰਾਸ਼ੀ ਵਿਚੋਂ ਪਹਿਲੀ ਕਿਸ਼ਤ ਤਹਿਤ 198 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਨੂੰ ਆਪਣੀ ਸਰਕਾਰ ਦੀ ਤਰਜੀਹ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ, ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ। ਇਸੇ ਤਰਾਂ ਉਨਾਂ ਦੀ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਪ੍ਰਤੀ ਮਹੀਨਾ ਕੀਤੀ ਹੈ ਜਿਸ ਨਾਲ 1600 ਕਰੋੜ ਰੁਪਏ ਦਾ ਸਾਲਾਨਾ ਖਰਚਾ ਆਇਆ ਹੈ। ਇਸ ਤੋਂ ਇਲਾਵਾ ਆਸ਼ਿਰਵਾਦ ਸਕੀਮ ਤਹਿਤ ਵਿੱਤੀ ਸਹਾਇਤਾ 15,000 ਰੁਪਏ ਤੋਂ ਵਧਾ ਕੇ 21,000 ਰੁਪਏ ਕੀਤੀ ਗਈ। ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਸ਼ਨਾਖਤ ਕੀਤੇ 12.17 ਲੱਖ ਵਿਅਕਤੀਆਂ ਵਿਚੋਂ 9.28 ਲੱਖ ਵਿਅਕਤੀਆਂ ਨੂੰ ਬਣਦੀ ਰਾਹਤ ਤੇ ਲਾਭ ਮੁਹੱਈਆ ਕਰਵਾਈ ਜਾ ਚੁੱਕੀ ਹੈ। 

ਇਸ ਤੋਂ ਪਹਿਲਾਂ ਆਈ.ਟੀ.ਬੀ.ਪੀ, ਪੰਜਾਬ ਪੁਲਿਸ (ਮਹਿਲਾ ਤੇ ਪੁਰਸ਼), ਰਾਜਸਥਾਨ ਪੁਲਿਸ, ਚੰਡੀਗੜ ਪੁਲਿਸ, ਗਾਰਡੀਅਨਜ਼ ਆਫ ਗਵਰਨੈਂਸ, ਪੰਜਾਬ ਹੋਮ ਗਾਰਡਜ਼, ਐਨ.ਸੀ.ਸੀ. ਅਤੇ ਪੀ.ਏ.ਪੀ ਪਾਈਪ ਐਂਡ ਬਰਾਸ ਬੈਂਡ, 6 ਸਿੱਖ ਲਾਈ ਅਤੇ ਸੀ.ਆਰ.ਪੀ.ਐਫ ਦੇ ਪਾਈਪ ਬੈਂਡ ਦੀਆਂ ਟੁਕੜੀਆਂ ਨੇ ਪਰੇਡ ਕਮਾਂਡਰ ਗੁਰਸ਼ੇਰ ਸਿੰਘ ਦੀ ਅਗਵਾਈ ਵਿਚ ਪ੍ਰਭਾਵਸ਼ਾਲੀ ਮਾਰਚ ਪਾਸਟ ਪਾਸੋਂ ਮੁੱਖ ਮੰਤਰੀ ਨੇ ਸਲਾਮੀ ਲਈ। ਇਸ ਮੌਕੇ 10 ਝਲਕੀਆਂ ਵੀ ਕੱਢੀਆਂ ਗਈਆਂ ਜਿਨਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿਚ 550 ਬੂਟੇ ਲਾਉਣ ਦੀ ਮੁਹਿੰਮ ਅਤੇ ਜੰਗਲਾਤ ਵਿਭਾਗ ਵੱਲੋਂ ਚਲਾਈ ਜਾ ਰਹੀ ਘਰ ਘਰ ਹਰਿਆਲੀ ਮੁਹਿੰਮ ਨੂੰ ਮੂਰਤੀਮਾਨ ਕੀਤਾ ਗਿਆ ਹੈ। 

ਇਸ ਤੋਂ ਪਹਿਲਾਂ ਰੰਗਾਰੰਗ ਪ੍ਰੋਗਰਾਮ ਵਿਚ ਹੋਈਆਂ ਸ਼ਾਨਦਾਰ ਸਰਗਰਮੀਆਂ ’ਚ ਪੰਜਾਬ ਪੁਲਿਸ ਦੇ ਪ੍ਰਦਰਸ਼ਨ ਤੋਂ ਇਲਾਵਾ ਪੀ.ਟੀ. ਸ਼ੋਅ, ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਹੋਰ ਰਵਾਇਤੀ ਲੋਕ ਨਾਚ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਮੁੱਖ ਮੰਤਰੀ ਨੇ ਤਿੰਨ ਆਜ਼ਾਦੀ ਘੁਲਾਟੀਆਂ ਪ੍ਰੇਮ ਸਾਗਰ, ਦੇਵ ਬ੍ਰਤ ਸ਼ਰਮਾ ਅਤੇ ਜਵਾਹਰ ਲਾਲ ਦਾ ਸਨਮਾਨ ਕੀਤਾ ਅਤੇ ਇਸ ਤੋਂ ਇਲਾਵਾ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਇਕਲ ਵੰਡੇ।