ਕਿਸਾਨਾਂ ਨੇ ਸੰਘਰਸ਼ੀ ਮਸ਼ਾਲਾਂ ਦੀ ਲੋਅ ਹੇਠ ਮਨਾਈ ਕਾਲੀ ਦੀਵਾਲੀ, ਦਿੱਲੀ ਘੇਰਨ ਦੀ ਦਿੱਤੀ ਚਿਤਾਵਨੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਡੋਵਾਲ ਟੋਲ ਪਲਾਜ਼ਾ ਵਿਖੇ ਵੀ ਮਸ਼ਾਲਾਂ ਜਗਾ ਕੇ ਕਿਸਾਨਾਂ ਨੇ ਕਾਲੀ ਦੀਵਾਲੀ ਮਨਾਈ

Black Diwali

ਲੁਧਿਆਣਾ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦਾ ਅਸਰ ਤਿਥ-ਤਿਉਹਾਰਾਂ ‘ਤੇ ਪ੍ਰਤੱਖ ਦਿੱਸਣ ਲੱਗਾ ਹੈ। ਦੁਸ਼ਹਿਰੇ ਤੋਂ ਬਾਅਦ ਬੀਤੀ ਰਾਤ ਮਨਾਈ ਗਈ ਦੀਵਾਲੀ ਮੌਕੇ ਵੀ ਖੇਤੀ ਕਾਨੂੰਨਾਂ ਦਾ ਖਾਸ ਅਸਰ ਵੇਖਣ ਨੂੰ ਮਿਲਿਆ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਕਾਲੀ ਦੀਵਾਲੀ ਮਨਾਉਣ ਦਾ ਸੱਦਾ ਦਿਤਾ ਸੀ ਜਿਸ ‘ਚ ਬਾਅਦ ਵਿਚ ਤਬਦੀਲੀ ਕਰਦਿਆਂ ਮਸ਼ਾਲਾਂ ਜਲਾ ਕੇ ਸੰਘਰਸ਼ੀ ਲੋਅ ਨੂੰ ਜਨ ਜਨ ਤਕ ਪਹੁੰਚਾਉਣ ਦਾ ਐਲਾਨ ਕੀਤਾ ਗਿਆ।

ਇਸੇ ਤਹਿਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਸ਼ਾਲਾ ਦੀ ਲੋਅ ਹੇਠ ਦੀਵਾਲੀ ਮਨਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਜ਼ਿਲ੍ਹਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਵੀ ਕਿਸਾਨਾਂ ਨੇ ਮਸ਼ਾਲਾਂ ਜਗਾ ਕੇ ਕਾਲੀ ਦੀਵਾਲੀ ਮਨਾਈ। ਕਿਸਾਨਾਂ ਮੁਤਾਬਕ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੀਵਾਲੀ ਸਹੀ ਅਰਥਾਂ ਵਿਚ ਉਸੇ ਦਿਨ ਹੀ ਹੋਵੇਗੀ, ਜਿਸ ਦਿਨ ਇਹ ਕਾਲੇ ਕਾਨੂੰਨ ਵਾਪਸ ਲਏ ਜਾਣਗੇ। ਕਿਸਾਨਾਂ ਮੁਤਾਬਕ ਉਹ ਖੇਤੀ ਕਾਨੂੰਨਾਂ ਦੀ ਵਾਪਸੀ ਤਕ ਸੰਘਰਸ਼ੀ ਮਿਸ਼ਾਲ ਦੀ ਲੋਅ ਘੱਟ ਨਹੀਂ ਹੋਣ ਦੇਣਗੇ।

ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਲਈ ਵਤੀਰਾ ਅਤੀ ਨਿੰਦਣਯੋਗ ਹੈ। ਕੇਂਦਰ ਸਰਕਾਰ ਪੰਜਾਬ ਵਿਚਲੇ ਵਪਾਰ ਅਤੇ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਲਈ ਉਹ ਗੱਲਬਾਤ ਨੂੰ ਕਿਸੇ ਨਤੀਜੇ ਤੇ ਨਹੀਂ ਲੈ ਜਾ ਕੇ ਜਾ ਰਹੀ। ਕਿਸਾਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਵਿਚ ਖੇਤੀ ਕਾਨੂੰਨ ਦੇ ਖ਼ਿਲਾਫ਼ ਸੰਘਰਸ਼ ਦਿੱਲੀ ਵੱਲ ਨੂੰ ਕੂਚ ਕਰ ਜਾਵੇਗਾ।

ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਇਮਤਿਹਾਨ ਲੈਣਾ ਬੰਦ ਕਰੇ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਕਰੇ। ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਅੜੀ ਜਾਰੀ ਰਹਿਣ ਦੀ ਸੂਰਤ ‘ਚ ਕਿਸਾਨੀ ਸੰਘਰਸ਼ ਦਿੱਲੀ ਵੱਲ ਨੂੰ ਮੁੜ ਜਾਵੇਗਾ ਜਿਸ ਲਈ ਕਿਸਾਨ ਪੂਰੀ ਤਰ੍ਹਾਂ ਤਿਆਰ ਬੈਠੇ ਹਨ।