ਸਰਬਜੀਤ ਸਿੰਘ ਦੇ ਕਤਲ ਦੇ ਮੁਲਜ਼ਮਾਂ ਨੂੰ ਲਾਹੌਰ ਅਦਾਲਤ ਨੇ ਕੀਤਾ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਨਾਗਰਿਕ ਸਰਬਜੀਤ ਸਿੰਘ ਦਾ ਪਾਕਿਸਤਾਨ ਦੀ ਜੇਲ੍ਹ ਵਿਚ ਕਤਲ ਕਰਨ ਦੇ ਦੋ ਮੁੱਖ ਮੁਲਜ਼ਮਾਂ ਨੂੰ ਲਾਹੌਰ ਅਦਾਲਤ...

Acquittal

ਚੰਡੀਗੜ੍ਹ (ਸਸਸ) : ਭਾਰਤੀ ਨਾਗਰਿਕ ਸਰਬਜੀਤ ਸਿੰਘ ਦਾ ਪਾਕਿਸਤਾਨ ਦੀ ਜੇਲ੍ਹ ਵਿਚ ਕਤਲ ਕਰਨ ਦੇ ਦੋ ਮੁੱਖ ਮੁਲਜ਼ਮਾਂ ਨੂੰ ਲਾਹੌਰ ਅਦਾਲਤ ਨੇ ਸਬੂਤਾਂ ਦੀ ਅਣਹੋਂਦ ਦੇ ਕਾਰਨ ਬਰੀ ਕਰ ਦਿਤਾ ਹੈ। ਹੁਣ ਲਗਭੱਗ ਪੰਜ ਸਾਲਾਂ ਬਾਅਦ ਲਾਹੌਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਹੰਮਦ ਮੋਇਨ ਖੋਖਰ ਨੇ ਦੋਵਾਂ ਮੁਲਜ਼ਮਾਂ ਆਮਿਰ ਸਰਫ਼ਰਾਜ਼ ਅਤੇ ਮੁਦੱਸਰ ਮੁਨੀਰ ਨੂੰ ਬਰੀ ਕਰ ਦਿਤਾ ਹੈ।

ਲਾਹੌਰ ਅਦਾਲਤ ‘ਚ ਦੋਵਾਂ ਮੁਲਜ਼ਮਾਂ ਦੇ ਵਿਰੁੱਧ ਗਵਾਹੀ ਦੇਣ ਵਾਲੇ ਲੋਕਾਂ ਨੇ ਅਪਣੇ ਬਿਆਨ ਬਦਲ ਲਏ ਅਤੇ ਦੋਵਾਂ ਨੂੰ ਪਹਿਚਾਨਣ ਤੋਂ ਮਨ੍ਹਾਂ ਕਰ ਦਿਤਾ। ਅਦਾਲਤ ਵਿਚ ਮੌਜੂਦ ਲੋਕਾਂ ਵਿਚੋਂ ਕਿਸੇ ਵੀ ਵਿਅਕਤੀ ਨੇ ਦੋਵਾਂ ਮੁਲਜ਼ਮਾਂ ਦੀ ਪਹਿਚਾਣ ਨਹੀਂ ਕੀਤੀ, ਜਿਸ ਕਾਰਨ ਅਦਾਲਤ ਨੇ ਦੋਵਾਂ ਨੂੰ ਬਰੀ ਕਰਨ ਦੇ ਹੁਕਮ ਦਿਤੇ ਹਨ।

ਮੂਲ ਰੂਪ ਵਿਚ ਤਰਨਤਾਰਨ ਨਿਵਾਸੀ ਸਰਬਜੀਤ ਸਿੰਘ 49 ਸਾਲਾਂ ਨੂੰ ਸਾਲ 2013 ਦੇ ਦੌਰਾਨ ਕੋਟ ਲਖਪਤ ਜੇਲ੍ਹ ਵਿਚ ਦੋ ਸਾਥੀ ਕੈਦੀਆਂ ਨੇ ਸਿਰ ਦੇ ਵਿਚ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿਤਾ ਸੀ। ਸਰਬਜੀਤ ਸਿੰਘ ਨੂੰ ਬੰਬ ਬਲਾਸਟ ਅਤੇ ਜਾਸੂਸੀ ਕਰਨ ਦੇ ਦੋਸ਼ਾਂ ਦੇ ਤਹਿਤ ਸਾਲ 1990 ਤੋਂ ਪਾਕਿ ਦੀ ਜੇਲ੍ਹ ਵਿਚ ਕੈਦ ਸੀ।