ਸਿੱਖਾਂ ਦੇ ਕਤਲੇਆਮ 'ਤੇ ਪਰਦਾ ਪਾਉਣ ਵਾਲੇ ਅਕਾਲੀ ਨਹੀਂ ਹੋ ਸਕਦੇ : ਖਾਲੜਾ ਮਿਸ਼ਨ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਲਾਇਰਜ਼ ਫ਼ਾਰ ਹਿਊਮਨ ਐਂਡ ਡੈਮੋਕਰੇਟਿਕ ਰਾਈਟਸ ਨੇ ਆਖਿਆ ਹੈ ਕਿ ਸਿੱਖਾਂ ਦੀ ਕੁਲਨਾਸ਼
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਲਾਇਰਜ਼ ਫ਼ਾਰ ਹਿਊਮਨ ਐਂਡ ਡੈਮੋਕਰੇਟਿਕ ਰਾਈਟਸ ਨੇ ਆਖਿਆ ਹੈ ਕਿ ਸਿੱਖਾਂ ਦੀ ਕੁਲਨਾਸ਼ ਉਪਰ ਪਰਦਾ ਪਾਉਣ ਵਾਲੇ ਅਕਾਲੀ ਨਹੀਂ ਹੋ ਸਕਦੇ। ਜਥੇਬੰਦੀਆਂ ਨੇ ਕਿਹਾ ਕਿ ਅਕਾਲੀ ਦਲ ਨੇ ਐਮਰਜੈਂਸੀ ਵਿਰੁਧ ਮੋਰਚਾ ਲਾਇਆ ਕਿਉਂ ਕਿ ਸਾਰੇ ਦੇਸ਼ ਅੰਦਰ ਮਨੁੱਖੀ ਅਧਿਕਾਰਾਂ ਨੂੰ ਕੁਚਲ ਦਿਤਾ ਗਿਆ ਸੀ।
ਪਰ ਉਸੇ ਅਕਾਲੀ ਦਲ ਦੇ ਆਗੂ ਜੂਨ 84 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਬੋਲਣ ਵਾਲੀ ਕਾਂਗਰਸ ਪਾਰਟੀ ਨਾਲ ਖੁਲ੍ਹੀਆਂ ਗੁਪਤ ਮੀਟਿੰਗਾਂ ਕਰਦੇ ਨਜ਼ਰ ਆਏ। ਉਹ ਕਾਂਗਰਸ, ਭਾਜਪਾ, ਆਰ.ਐਸ.ਐਸ ਦੀ ਸਾਂਝੀ ਯੋਯਨਾਬੰਦੀ ਵਿਚ ਸ਼ਾਮਲ ਹੀ ਨਹੀਂ ਹੋਏ ਸਗੋਂ ਉਨ੍ਹਾਂ ਕੇ.ਪੀ.ਐਸ.ਗਿੱਲ ਵਰਗੇ ਦੁਸ਼ਟਾਂ ਨਾਲ ਗੁਪਤ ਮੀਟਿੰਗਾਂ ਕਰਕੇ ਭਾਈ ਜਸਵੰਤ ਸਿੰਘ ਖਾਲੜਾ ਸਮੇਤ 25000 ਸਿੱਖ ਜਵਾਨੀ ਨੂੰ ਝੂਠੇ ਮੁਕਾਬਲਿਆਂ ਵਿਚ ਖ਼ਤਮ ਕਰਵਾਇਆ।
1997 ਵਿਚ ਇਨ੍ਹਾਂ ਸਥਾਪਨਾ ਦਿਵਸ ਮਨਾਉਣ ਵਾਲਿਆਂ ਨੇ ਚੋਣ ਵਾਇਦਾ ਕੀਤਾ ਸੀ ਕਿ ਉਹ ਪੰਜਾਬ ਅੰਦਰ ਹੋਏ ਚੱਪੇ ਚੱਪੇ 'ਤੇ ਝੂਠੇ ਮੁਕਾਬਲਿਆਂ ਦੀ ਪੜਤਾਲ ਕਰਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਗੇ ਪਰ ਉਹ ਗਿੱਲ, ਸੈਣੀ, ਆਲਮ ਵਾਗਿਆਂ ਦੇ ਹਕ ਵਿਚ ਡਟ ਗਏ, ਉਨ੍ਹਾਂ ਕਾਤਲਾਂ ਨੂੰ ਤਰੱਕੀਆਂ ਦਿਤੀਆਂ। ਹੋਰ ਤਾਂ ਹੋਰ ਅਕਾਲੀ ਅਖਵਾਉਣ ਵਾਲਿਆਂ ਇਨ੍ਹਾਂ ਪਾਪੀਆਂ ਨੇ ਕਾਂਗਰਸ, ਭਾਜਪਾ, ਆਰ.ਐਸ.ਐਸ ਨਾਲ ਰਲ ਕੇ ਉਨ੍ਹਾਂ ਦੋਸ਼ੀਆਂ ਨੂੰ ਮਾਫ਼ੀ ਦਿਵਾਈ ਜਿਨ੍ਹਾਂ ਨੂੰ ਅਦਾਲਤਾਂ ਨੇ ਦੋਸ਼ੀ ਠਹਿਰਾਇਆ ਸੀ।
ਸਥਾਪਨਾ ਦਿਵਸ ਮਨਾਉਣ ਵਾਲੇ ਇਹ ਲੋਕ ਅਕਤੂਬਰ 1985 ਵਿਚ ਇੰਦਰਾ ਗਾਂਧੀ ਨੂੰ ਵਿਧਾਨ ਸਭਾ ਵਿਚ ਸ਼ਰਧਾਂਜਲੀ ਭੇਟ ਕਰਦੇ ਨਜ਼ਰ ਆਏ। ਸਥਾਪਨਾ ਦਿਵਸ ਮਨਾਉਣ ਵਾਲੇ ਇਨ੍ਹਾਂ ਲੋਕਾਂ ਨੇ ਦਿੱਲੀ ਨਾਲ ਰਲ ਕੇ ਜਵਾਨੀ ਨੂੰ ਨਸ਼ਿਆਂ ਵਿਚ ਕਿਸਾਨ, ਗ਼ਰੀਬ ਨੂੰ ਖ਼ੁਦਕਸ਼ੀਆਂ ਵਿਚ ਧਕ ਕੇ ਬਰਬਾਦ ਕੀਤਾ।
ਇਨ੍ਹਾਂ ਦਿਲੀ ਨਾਗਪੁਰ ਨਾਲ ਰਲ ਕੇ ਪੰਜਾਬ ਅੰਦਰ ਮਨੁਖੀ ਅਧਿਕਾਰਾਂ ਦੇ ਕਤਲੇਆਮ 'ਤੇ ਪਰਦਾ ਪਾਇਆਂ ਤੇ ਕਸ਼ਮੀਰ ਅੰਦਰ ਮਨੁਖੀ ਅਧਿਕਾਰਾਂ ਦੇ ਕਤਲੇਆਮ ਕਰਨ ਵਾਲਿਆਂ ਦੇ ਨਾਲ ਖਲੋ ਤੇ ਧਰਮਯੁੱਧ ਮੋਰਚੇ ਨਾਲ ਗਦਾਰੀ ਤੋਂ ਬਾਅਦ ਗਜਾਂ ਲਈ ਵਧ ਅਧਿਕਾਰ ਮੰਗਣ ਦੀ ਬਜਾਏ ਦਿਲੀ ਦੇ ਹੱਥ ਮਜਬੂਤ ਕਰਦੇ ਰਹੇ
ਅਤੇ ਇਨ੍ਹਾਂ ਪੰਥ ਤੋਂ ਬਾਅਦ ਗ੍ਰੰਥ ਨੂੰ ਵੀ ਨਾ ਬਖਸ਼ਿਆ। ਉਨ੍ਹਾਂ ਕਿਹਾ ਕਿ ਚੋਣਾਂ ਜਿਤ ਜਾਣ ਨਾਲ ਸੱਚ ਝੂਠ ਦਾ ਫ਼ੈਸਲਾ ਨਹੀਂ ਹੁੰਦਾ ਕਿਉਂਕਿ ਇੰਦਰਾ, ਰਾਜੀਵ, ਗੁਜਰਾਤ ਕਤਲੇਆਮ ਕਰਨ ਵਾਲੇ ਸਾਰੇ ਚੋਣਾਂ ਜਿਤ ਗਏ ਸਨ। ਇਸ ਮੌਕੇ ਵਿਰਸਾ ਸਿੰਘ ਬਹਿਲਾ, ਸਤਵੰਤ ਸਿੰਘ ਮਾਣਕ, ਕ੍ਰਿਪਾਲ ਸਿੰਘ ਰੰਧਾਵਾ, ਬਲਵੰਤ ਸਿੰਘ ਢਿਲੋਂ, ਪ੍ਰਵੀਨ ਕੁਮਾਰ, ਗੁਰਜੀਤ ਸਿੰਘ, ਬਲਵਿੰਦਰ ਸਿੰਘ ਭੁੱਚਰ, ਸੇਵਾ ਸਿੰਘ ਆਦਿ ਹਾਜ਼ਰ ਸਨ।