ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਮਾਫ਼ੀ ਤੋਂ ਬਾਅਦ ਮੁੱਖ ਸਿਆਸੀ ਦਲ ਬੇਨਕਾਬ ਹੋਏ : ਖਾਲੜਾ ਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

25000 ਨਿਰਦੋਸ਼ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਪਿਛੇ ਸਿੱਖ ਵਿਰੋਧੀ ਤਾਕਤਾਂ ਸਨ

Bibi Paramjit Kaur Khalra

ਅੰਮ੍ਰਿਤਸਰ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ,ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਨਿਰਦੋਸ਼ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਾਮਲ 5 ਦੋਸ਼ੀਆਂ ਨੂੰ ਰਿਹਾਅ ਕਰਨ ਦੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਇਸ ਫ਼ੈਸਲੇ ਨੇ ਸਾਬਤ ਕਰ ਦਿਤਾ ਹੈ ਕਿ 25000 ਨਿਰਦੋਸ਼ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਪਿਛੇ ਕਾਂਗਰਸ, ਭਾਜਪਾ, ਬਾਦਲਕਿਆਂ ਦੀ ਸਾਂਝੀ ਯੋਜਨਾਬੰਦੀ ਸੀ। ਪਹਿਲਾਂ ਵੀ ਹਰਜੀਤ ਸਿੰਘ ਦੇ ਝੂਠੇ ਮੁਕਾਬਲੇ ਵਿਚ 4 ਦੋਸ਼ੀ ਜਿਨ੍ਹਾਂ ਨੂੰ ਅਦਾਲਤ ਨੇ ਸਜ਼ਾ ਦਿਤੀ ਸੀ ਇਨ੍ਹਾਂ ਧਿਰਾਂ ਨੇ ਰਲ ਕੇ ਰਿਹਾਅ ਕੀਤੇ ਸਨ।

ਜਥੇਬੰਦੀਆਂ ਨੇ ਕਿਹਾ ਕਿ ਮੰਨੂਵਾਦੀਆਂ ਤੇ ਇਨ੍ਹਾਂ ਦੇ ਏਜੰਟਾਂ ਦਾ ਜੰਗਲਰਾਜ ਅਦਾਲਤਾਂ ਦਾ ਮਾਖੌਲ ਉਡਾ ਰਿਹਾ ਹੈ। ਬਾਬਰ ਦੇ ਇਨ੍ਹਾਂ ਵਾਰਸਾਂ ਨੇ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਫਿਰ ਸੁਨੇਹਾ ਦਿਤਾ ਹੈ ਕਿ ਨਿਰਦੋਸ਼ ਸਿੱਖਾਂ ਦੇ ਝੂਠੇ ਮੁਕਾਬਲੇ ਆਉਣ ਵਾਲੇ ਸਮੇਂ ਵਿਚ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਕ ਬੰਨੇ ਪੰਜਾਬ ਲੋਕ 25000 ਸਿੱਖਾਂ ਦੇ ਝੂਠੇ ਮੁਕਾਬਲਿਆਂ ਦਾ ਨਿਆਂ ਮੰਗ ਰਹੇ ਹਨ ਜਦੋਂਕਿ ਦੂਜੇ ਬੰਨ੍ਹੇ ਕਾਂਗਰਸ, ਭਾਜਪਾ, ਬਾਦਲਕੇ ਥੋੜੇ ਬਹੁਤ ਅਦਾਲਤਾਂ ਦੁਆਰਾ ਦੋਸ਼ੀ ਠਹਿਰਾਏ ਗਏ ਨਿਰਦੋਸ਼ ਦੇ ਕਾਤਲਾਂ ਨੂੰ ਬਚਾ ਰਹੇ ਹਨ। ਖ਼ਬਰਾਂ ਮੁਤਾਬਕ ਇਨ੍ਹਾਂ ਧਿਰਾਂ ਵਲੋਂ ਲੰਬੀ ਜਦੋ ਜਹਿਦ ਤੋਂ ਬਾਅਦ ਅਦਾਲਤੀ ਕਾਰਵਾਈ ਹੇਠ ਆਏ ਹੋਰਨਾਂ ਦੋਸ਼ੀਆਂ ਨੂੰ ਵੀ ਬਚਾਇਆ ਜਾ ਰਿਹਾ ਹੈ। ਜਥੇਬੰਦੀਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਪੂਰੇ 15 ਸਾਲ ਸਰਕਾਰ ਰਹੀ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹ ਲਗਾਤਾਰ ਕਾਤਲਾਂ ਦਾ ਪੱਖ ਪੂਰਦੀ ਰਹੀ।

ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਭਾਜਪਾ, ਕਾਂਗਰਸ, ਆਰ.ਐਸ.ਐਸ ਤੇ ਬਾਦਲ ਦਲ ਦੇ ਆਗੂਆਂ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਲਈ ਭੇਜੇ ਸੱਦੇ ਰੱਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਧਿਰਾਂ ਨੇ ਝੂਠੇ ਮੁਕਾਬਲੇ ਬਣਾਉਣ ਵਾਲੇ ਦੋਸ਼ੀਆਂ ਦੇ ਹੱਕ ਵਿਚ ਖਲੋਕੇ ਅਪਣੇ ਆਪ ਨੂੰ ਬਾਬਰ ਦਾ ਵਾਰਸ ਸਾਬਤ ਕਰ ਦਿਤਾ ਹੈ।