ਰੁਜ਼ਗਾਰ ਉਤਪਤੀ ਵਿਭਾਗ ਵਲੋਂ 20 ਜ਼ਿਲ੍ਹਾ ਪੱਧਰੀ ਕਾਊਂਸਲਰਾਂ ਦੀ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਰੁਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਭਵਨ ਵਿਖੇ ਆਯੋਜਿਤ...

APPOINTMENT LETTERS TO COUNSELLORS

ਚੰਡੀਗੜ੍ਹ : ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਰੁਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਭਵਨ ਵਿਖੇ ਆਯੋਜਿਤ ਸਮਾਗਮ ਵਿਚ ਨਵੇਂ ਭਰਤੀ ਹੋਏ ਕਾਊਂਸਲਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਸ੍ਰੀ ਡੀ.ਕੇ ਤਿਵਾੜੀ, ਪ੍ਰਮੁੱਖ ਸਕੱਤਰ ਰੁਜ਼ਗਾਰ ਉਤਪਤੀ, ਸ੍ਰੀ ਰਾਹੁਲ ਤਿਵਾੜੀ ਕਮਿਸ਼ਨਰ ਕਮ ਡਾਇਰੈਕਟਰ ਰੁਜ਼ਗਾਰ ਉਤਪਤੀ ਅਤੇ ਰਾਜਦੀਪ ਕੌਰ ਵਧੀਕ ਡਾਇਰੈਕਟਰ ਹਾਜ਼ਰ ਸਨ। ਨਵੇਂ ਚੁਣੇ ਗਏ ਕਾਊਂਸਲਰਾਂ ਨੂੰ ਮੁਬਾਰਕਬਾਦ ਦਿੰਦਿਆਂ ਸ੍ਰੀ ਚੰਨੀ ਨੇ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਨੌਜਵਾਨਾਂ ਤੱਕ ਪਹੁੰਚ ਕਰਨ ਅਤੇ ਮਾਈਕਰੋ ਲੈਵਲ 'ਤੇ ਕਰੀਅਰ ਕਾਉਂਸਲਿੰਗ ਕੈਂਪ ਲਗਾਉਣ ਲਈ ਕਿਹਾ। ​

ਉਨ੍ਹਾਂ ਕਾਊਂਸਲਰਾਂ ਨੂੰ ਨੌਜਵਾਨਾਂ ਦੀ ਮੱਦਦ ਕਰਨ, ਉਨ੍ਹਾਂ ਨੂੰ ਪ੍ਰੇਰਿਤ ਕਰਨ ਅਤੇ ਸਹੀ ਰਾਹ ਦਿਖਾਉਣ ਦੀ ਅਪੀਲ ਕੀਤੀ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਸਕਣ। ਮੰਤਰੀ ਨੇ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਪਣੇ 'ਘਰ ਘਰ ਨੌਕਰੀ ਅਤੇ ਰੋਜ਼ਗਾਰ' ਦੇ ਵਾਅਦੇ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਸਹੂਲਤ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਨਵ ਨਿਯੁਕਤ ਕਾਊਂਸਲਰਾਂ ਦੀਆਂ ਜਿੰਮੇਵਾਰੀਆਂ ਅਤੇ ਕੰਮ ਬਾਰੇ ਜਾਣਕਾਰੀਆਂ ਦਿੰਦਿਆਂ ਸ੍ਰੀ ਡੀ.ਕੇ. ਤਿਵਾੜੀ ਪ੍ਰਮੁੱਖ ਸਕੱਤਰ ਰੁਜ਼ਗਾਰ ਉਤਪਤੀ ਅਤੇ ਸ੍ਰੀ ਰਾਹੁਲ ਤਿਵਾੜੀ ਕਮਿਸ਼ਨਰ ਕਮ ਡਾਇਰੈਕਟਰ ਰੁਜ਼ਗਾਰ ਉਤਪਤੀ ਨੇ ਕਿਹਾ ਕਿ ਇਹ ਕਾਊਂਲਰ ਕਰੀਅਰ ਕਾਉਂਸਲਿੰਗ, ਰੁਜ਼ਗਾਰ ਗਤੀਵਿਧੀਆਂ, ਵੋਕੇਸ਼ਨਲ ਸਿੱਖਿਆ ਅਤੇ ਸਿੱਖਿਆ ਸਬੰਧੀ ਨੌਜਵਾਨਾਂ ਨੂੰ ਸਹਾਇਤਾ ਪ੍ਰਦਾਨ ਕਰਨਗੇ। ਵੱਖੋ ਵੱਖਰੇ ਸਾਧਨਾਂ ਰਾਹੀਂ ਇਹ ਕਾਊਂਸਲਰ ਬਿਨੈਕਾਰਾਂ ਦੇ ਗੁਣਾਂ ਅਤੇ ਕਮਜ਼ੋਰੀਆਂ ਦਾ ਵੀ ਮੁਲਾਂਕਣ ਕਰਨਗੇ।

ਇਹ ਕਾਊਂਸਲਰ ਖ਼ੁਦ ਨੂੰ ਤਾਜ਼ਾ ਰੁਜ਼ਗਾਰ ਉਤਪਤੀ ਗਤੀਵਿਧੀਆਂ ਬਾਰੇ ਅਪਡੇਟਡ ਰੱਖਣਗੇ ਤਾਂ ਜੋ ਨੌਕਰੀਆਂ ਪ੍ਰਾਪਤ ਕਰਨ ਵਿਚ ਨੌਜਵਾਨਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਡੀ.ਕੇ. ਤਿਵਾੜੀ ਪ੍ਰਮੁੱਖ ਸਕੱਤਰ, ਰੁਜ਼ਗਾਰ ਉਤਪਤੀ, ਸ੍ਰੀ ਰਾਹੁਲ ਤਿਵਾੜੀ, ਕਮਿਸ਼ਨਰ ਕਮ ਡਾਇਰੈਕਟਰ ਰੁਜ਼ਗਾਰ ਉਤਪਤੀ ਅਤੇ ਰਾਜਦੀਪ ਕੌਰ, ਵਧੀਕ ਡਾਇਰੈਕਟਰ ਵੀ ਹਾਜ਼ਰ ਸਨ।